ਤੇਰੇ ਤੋਂ ਦੂਰ ਹੋ ਕੇ ਵੀ ਮੈਂ ਡਿੱਗਣ ਤੋਂ ਸੰਭਲਦਾ ਹਾਂ
ਨਾ ਉੱਥੇ ਤੂੰ ਬਦਲਦੀ ਹੈਂ ਨਾ ਇੱਥੇ ਮੈਂ ਬਦਲਦਾ ਹਾਂ
ਨਹੀਂ ਭੁੱਲਿਆ ਕਦੇ ਕੋਈ ਮੁਹੱਬਤ ਦਾ ਪੜਾਅ ਮੈਨੂੰ
ਸਮੁੰਦਰ ਹਾਂ ਮੈਂ ਲੈ ਕੇ ਸਾਰਾ ਪਾਣੀ ਨਾਲ ਚਲਦਾ ਹਾਂ
ਲਫ਼ਜ਼ਾਂ ਵਿਚ ਕਿਵੇਂ ਦੱਸਾਂ ਖ਼ੁਸ਼ੀ ਹੁੰਦੀ ਹੈ ਤਦ ਕਿੰਨੀ
ਕੋਈ ਜਦ ਇੰਞ ਕਹਿ ਦੇਵੇ ਮੈਂ ਤੇਰੇ ਨਾਲ ਰਲਦਾ ਹਾਂ
ਸ਼ਾਲਾ ਇੰਞ ਕਰ ਲੈਂਦਾ, ਰੱਬਾ ਮੈਂ ਇੰਞ ਨਾ ਕਰਦਾ
ਅਕਸਰ ਸੋਚਦਾਂ ਐਸਾ ਤੇ ਹੁਣ ਮੈਂ ਹੱਥ ਮਲਦਾ ਹਾਂ
ਸੁਬ੍ਹਾ ਨੂੰ ਤੂੰ ਹਵਾ ਬਣ ਕੇ ਜੇ ਵਗਦੀ ਹੈਂ ਮੇਰੇ ਦਰ ਤੇ
ਸ਼ਾਮੀਂ ਤੇਰੇ ਬੂਹੇ ਤੇ ਮੈਂ ਸੂਰਜ ਬਣ ਕੇ ਢਲਦਾ ਹਾਂ
ਮੇਰੇ ਤੋਂ ਦੂਰ ਹੋ ਕੇ ਜਿੰਦ ਜੇ ਤੈਨੂੰ ਕੱਖ ਲਗਦੀ ਹੈ
‘ਅਜ਼ੀਜ਼ਾ’ ਮੇਰਿਆ ਮੈਂ ਵੀ ਤਾਂ ਦੀਵੇ ਵਾਂਗ ਬਲਦਾ ਹਾਂ