ਘਰ ਮਰਦ ਸੰਪਰਕ

ਪਰਮਿੰਦਰ ਸਿੰਘ ਅਜ਼ੀਜ਼


ਨਹੀਂ
ਅਸੀਂ ਨਾ-ਮਰਦ ਨਹੀਂ ਹਾਂ 
ਦਿਨ ਭਰ ਦੇ ਕੰਮ-ਕਾਰ ਤੋਂ ਬਾਅਦ

ਥੱਕ-ਹਾਰ ਕੇ ਆਏ ਬੰਦੇ ਨੂੰ
ਜੇ ਰੋਟੀ ਖਾਂਦਿਆਂ-ਖਾਂਦਿਆਂ
ਤਲਵਾਰਾਂ, ਚਾਕੂ, ਲਾਠੀਆਂ ਚੁੱਕੀ
ਕਿਸੇ ਗੁੰਡਿਆਂ ਦੇ ਹਜੂਮ ਵਲੋਂ
ਘਰੋਂ ਬਾਹਰ ਘਸੀਟ ਲਿਆ ਜਾਵੇ
ਤੇ ਮਿੱਟੀ ਦਾ ਤੇਲ 
ਜਾਂ ਪੈਟਰੋਲ ਪਾ ਕੇ
ਜਾਂ ਫਿਰ ਗਲ਼ ਵਿਚ 
ਬਲਦਾ ਟਾਇਰ ਪਾ ਕੇ
ਜਿਉਂਦਿਆਂ ਸਾੜ ਮੁਕਾਇਆ ਜਾਵੇ
ਜੇ ਉਹ ਹੱਥ ਜੋੜ ਕੇ
ਤਰਲੇ ਪਾ ਕੇ
ਆਪਣੇ ਦੁੱਧ ਚੁੰਘਦੇ ਬੱਚਿਆਂ ਦਾ
ਵਾਸਤਾ ਪਾਵੇ
ਉਸ ਨੂੰ ਤਾਂ ਤੁਸੀਂ 
ਨਾ-ਮਰਦ ਨਹੀਂ ਕਹਿ ਸਕਦੇ
ਪਰ ਐਸੇ ਹੁਸ਼-ਹੁਸ਼ ਕਰਦੇ 
'ਮਰਦਾਂ' ਦੀ ਟੋਲੀ ਨੂੰ ਤੁਸੀਂ ਕੀ ਕਹੋਗੇ?
 
ਹਾਂ, ਮੈਂ ਮੰਨਦਾ ਹਾਂ 
ਕਿ ਸਾਡਾ ਇਤਿਹਾਸ ਹੈ
ਇਕ-ਇਕ ਜਣਾ ਸਵਾ ਲੱਖ ਨਾਲ ਵੀ
ਖਹਿਬੜਿਆ ਏ
ਪਰ ਓਸ ਕਾਲੀ ਚੁਰਾਸੀ ਵਿਚ
ਦਿਲ ਵਾਲਿਆਂ ਦੇ ਸ਼ਹਿਰ
ਜੋ ਕਹਿਰ ਵਰਤਿਆ
ਉਸ ਵਾਸਤੇ ਅਸੀਂ ਤਿਆਰ ਨਹੀਂ ਸੀ
ਪਹਿਲਾਂ ਹੋਰ ਗੱਲ ਹੁੰਦੀ ਸੀ
ਸਾਡੇ ਵੱਡੇ-ਵਡੇਰੇ ਤਾਂ ਹਰ ਵੇਲੇ 
ਸਿਰ ਤਲੀ ਤੇ ਰੱਖ ਕੇ ਘੁੰਮਦੇ ਸੀ
ਮੈਂ ਵੀ ਇਹ ਆਪਣੇ 
ਬਜ਼ੁਰਗਾਂ ਕੋਲੋਂ ਹੀ ਸੁਣਿਆ ਹੈ
 
ਨਹੀਂ ਤਾਂ ਮੈਂ ਵੀ ਆਪਣੇ ਵਾਂਗ 
ਇੱਥੇ ਸਭ ਨੂੰ
ਪਹਿਲਾਂ ਜ਼ਰੂਰਤਾਂ 
ਤੇ ਫਿਰ ਸ਼ੌਂਕ ਪੂਰੇ ਕਰਨ ਦੇ 
ਅਸਬਾਬ ਜੁਟਾਉਂਦੇ ਹੀ ਤੱਕਿਆ ਹੈ


SocialTwist Tell-a-Friend

ਪਰਮਿੰਦਰ ਸਿੰਘ ਅਜ਼ੀਜ਼

ਉਪਰ

© sanjhamarg.com