ਪੰਦਰਾਂ
ਨੰਬਰ ਬੈੱਡ ਤੇ
ਨਵੇਂ ਆਏ ਮਰੀਜ਼
ਵੱਲ ਵੇਖਦਿਆਂ
ਹੀ ਰਾਜੀ ਦੇ
ਪੈਰ ਠਠੰਬਰ ਕੇ
ਖਲੋ ਗਏ ... ਤੇ ਉਸ
ਦੇ ਪੈਰਾਂ
ਵਾਂਗਰ ਹੀ ਵਕਤ
ਵੀ ਜਿਵੇਂ ਠਠੰਬਰ
ਕੇ ਖਲੋ ਗਿਆ
ਸੀ।
...ਉਹੀ
ਮੁਹਾਂਦਰਾ, ਉਹੋ
ਈ ਮੱਥਾ ... ਤੇ ਉਸ
ਵਰਗੀਆਂ ਹੀ ਡੌਰ
ਭੌਰੀਆਂ ਕਿਧਰੇ
ਵੀ ਨਾ ਤੱਕ
ਰਹੀਆਂ
ਸੱਖਣੀਆਂ
ਜਿਹੀਆਂ ਅੱਖਾਂ!
ਰਾਜੀ ਦੇ
ਅੰਦਰੋਂ ਇੱਕੋ
ਝਮੱਕੇ ਨਾਲ ਕੁਝ
ਬੁਝ ਜਿਹਾ ਗਿਆ ...
ਤੇ ਬੈੱਡ ਤੇ ਪਿਆ
ਮਨੁੱਖੀ ਪਿੰਜਰ
ਕਦੇ ਉਸ ਨੂੰ
ਦਿਸਣੋਂ ਹਟ
ਜਾਂਦਾ ਤੇ ਕਦੇ
ਫੇਰ ਦਿਸਣ ਲੱਗ
ਪੈਂਦਾ।
ਰਾਜੀ ਨੂੰ
ਜਾਪਿਆ, ਉਸਦੇ
ਪੈਰਾਂ ਨਾਲ ਜੁੜ
ਕੇ ਖਲੋਤਾ ਵਕਤ
ਜਿਵੇਂ ਪਿਛਾਂਹ
ਵੱਲ ਨੂੰ ਭੱਜ
ਤੁਰਿਆ ਹੋਵੇ ਤੇ
ਇੱਕ ਵਾ-ਵਰੋਲੇ
ਵਾਂਗ ਦਸਾਂ
ਵਰ੍ਹਿਆਂ ਦਾ
ਚੱਕਰ ਕੱਢ ਕੇ
ਫੇਰ ਉਸਦੇ
ਸਾਹਮਣੇ ਆ
ਖਲੋਤਾ ਸੀ। ਇੱਕ ਦਬੀ
ਹੋਈ ਚੀਕ ਉਸਦੇ
ਕਾਲਜੇ ਚੋਂ
ਉੱਠੀ ਤੇ ਬਾਹਰ
ਨਿਕਲਣ ਤੋਂ
ਪਹਿਲਾਂ ਹੀ
ਉਸਦੇ ਅੰਦਰ ਹੀ
ਦਫਨ ਹੋ ਗਈ। ਪਰ ਉਹ
ਚੀਕ ਇਸ ਹਸਪਤਾਲ
ਦੀਆਂ ਕੰਧਾਂ ਨੇ
ਸੁਣ ਲਈ ਸੀ ... ਉਸ
ਚੀਕ ਦੀ
ਮੱਧਮ ਜਿਹੀ
ਆਵਾਜ਼ ਸ਼ਾਇਦ
ਬੈੱਡ ਤੇ ਪਏ
ਪਿੰਜਰ ਤੱਕ ਵੀ
ਪਹੁੰਚ ਗਈ ਹੋਵੇ
... ਪਰ ਉਹ
ਖਾਲੀ-ਖਾਲੀ ਅੱਖਾਂ
ਨਾਲ ਛੱਤ ਵੱਲ
ਤੱਕਦਾ ਹੋਇਆ ਵੀ
ਸ਼ਾਇਦ ਕਿਧਰੇ ਵੀ
ਨਾ ਤੱਕਦਾ
ਰਿਹਾ।
ਹਰਪਾਲ ਨੂੰ
ਤਾਂ ਰਾਜੀ ਨੇ
ਆਪਣੇ ਹੱਥੀਂ
ਤੋਰਿਆ ਸੀ ... ਉਸਦੀਆਂ
ਅਸਥੀਆਂ ਤਾਂ ਉਸ
ਆਪ ਜਲ-ਪ੍ਰਵਾਹ
ਕੀਤੀਆਂ ਸਨ। ਉਹ
ਤੀਲਾ-ਤੀਲਾ ਹੋਈ
ਕੁਝ ਪਲ ਉਸ ਵੱਲ
ਤੱਕਦੀ ਰਹੀ ਤੇ
ਫੇਰ ਆਪਣੇ ਆਪ
ਨੂੰ ਹੂੰਝ ਕੇ
ਇਕੱਠਿਆਂ ਕਰਦੀ
ਉਸਦੇ ਮੰਜੇ ਦੀ
ਬਾਹੀ ਲਾਗੇ ਪਿਆ
ਚਾਰਟ ਵੇਖਣ
ਲੱਗੀ ...
ਨਾਮ
ਬੈਂਜੇਮਿਨ
ਸਮਿੱਥ ... ਉਮਰ
ਅਠੱਤੀ ਸਾਲ ... ਤੇ
ਬਿਮਾਰੀ
ਐਡਵਾਂਸ ਸਟੇਜ
ਔਫ ਏਡਜ਼ ... ਪਰ ਪਾਲ
ਨੇ ਤਾਂ ਹੁਣ
ਨੂੰ
ਸੰਤਾਲੀਵਾਂ
ਵਰ੍ਹਾ ਟੱਪ
ਜਾਣਾ ਸੀ ... ਨਾਲੇ
ਇਹ ਤਾਂ ਹੈ ਵੀ
ਕੋਈ ਅਮਰੀਕਨ
ਗੋਰਾ ... ਪਰ ਕਿੰਨਾਂ
ਪਾਲ ਵਰਗਾ ਲਗਦਾ
ਸੀ ... “ਕੀ ਮੈਂ
ਮੌਤ ਦਾ
ਮੁਹਾਂਦਰਾ ਵੇਖ
ਰਹੀ ਹਾਂ ... ਕੀ
ਮੌਤ ਦੀ ਕੋਈ ਨੁਹਾਰ
ਹੁੰਦੀ ਹੈ ... ਕੋਈ
ਰੰਗ ਹੁੰਦਾ ਹੈ?
...ਕੀ ਮੌਤ ਦੇ ਕੋਈ
ਨਕਸ਼ ਹੁੰਦੇ ਹਨ ...
ਕੋਈ ਜਾਤ ਹੁੰਦੀ
ਹੈ ... ?
“ਮੌਤ ਤਾਂ
ਸਾਰਿਆਂ ਨੂੰ
ਇੱਕੋ ਜਿਹੀ ਆਉਂਦੀ
ਹੈ ... ਨਹੀਂ ਮੌਤ
ਸਾਰਿਆਂ ਨੂੰ
ਇੱਕੋ ਜਿਹਾ ਕਰ
ਦੇਂਦੀ ਹੈ।
ਹਰਪਾਲ ਵੀ ਮਰਨ
ਤੋਂ ਪਹਿਲਾਂ
ਕਿੰਨਾਂ
ਬੈਂਜੇਮਿਨ
ਵਰਗਾ ਲਗਦਾ ਸੀ ...
ਨਹੀਂ
ਬੈਂਜੇਮਿਨ
ਕਿੰਨਾਂ ਪਾਲ
ਵਰਗਾ ਲਗਦਾ ਹੈ ...”
ਰਾਜੀ ਦੀਆਂ
ਸੋਚਾਂ ਦੀ
ਕਿਸ਼ਤੀ ਤੁਫ਼ਾਨ
ਵਿੱਚ ਘੁੱਮਣ ਘੇਰੀਆਂ
ਖਾਂਦੀ ਹੋਈ ਕਦੇ
ਦਸ ਵਰ੍ਹੇ
ਪਿਛਾਂਹ ਪਰਤ
ਜਾਂਦੀ ... ਤੇ ਕਦੇ
ਦਸ ਵਰ੍ਹੇ
ਅਗਾਂਹ।
ਬੈੱਡ ਤੇ ਪਿਆ
ਮਨੁੱਖੀ ਪਿੰਜਰ
ਕਦੇ ਪਾਲ ਬਣ
ਜਾਂਦਾ ... ਕਦੇ
ਬੈਂਜੇਮਿਨ ... ਤੇ
ਕਦੇ ਫੇਰ ਪਾਲ ...
ਰਾਜੀ ਨੇ
ਅੱਗੇ ਵੀ ਕਈ
ਏਡਜ਼ ਦੇ ਮਰੀਜ਼
ਵੇਖੇ ਸਨ ...
ਕੈਂਸਰ ਦੇ ਮਰੀਜ਼
ਤੇ ਬੁਢੇਪੇ
ਦੀਆਂ
ਬਿਮਾਰੀਆਂ ਦੇ
ਮਰੀਜ਼ ਵੇਖੇ ਸਨ।
ਇਸ ਛੋਟੇ ਜਿਹੇ
ਹਸਪਤਾਲ ਦੇ ਇੱਕ
ਪਾਸੇ ਬਿਮਾਰ ਬੁੱਢਿਆਂ
ਦੀ ਵਾਰਡ,
ਵਰ੍ਹਿਆਂ ਦੇ
ਵਰ੍ਹੇ ਹੰਢਾ
ਚੁੱਕੇ ਅੱਧਮਰੇ
ਜਿਹੇ ਹੱਡ ਪੈਰ ...
ਜੱਗ ਤਮਾਸ਼ਾ ਤੱਕ
ਤੱਕ ਕੇ ਹਾਰੀਆਂ
ਹੋਈਆਂ ਅੱਖਾਂ
ਦੀਆਂ ਪੁਤਲੀਆਂ
... ਪਰ ਕੁਝ ਚਿਰ
ਹਾਲੀ ਹੋਰ ਜਿਊਣ
ਲਈ ਤਰਸਦੇ ਜਹੇ
ਦਿਲ ... ।
ਹਸਪਤਾਲ ਦੇ
ਦੂਜੇ ਪਾਸੇ ਏਡਜ਼
ਤੇ ਕੈਂਸਰ ਨਾਲ
ਘੁਲਦੀਆਂ ਗਲ ਸੜ
ਰਹੀਆਂ
ਜਵਾਨੀਆਂ ... ਤੇ
ਚੁਫੇਰੇ ਪੱਸਰੀ
ਹੋਈ ਮਾਤਮੀ ਜਹੀ
ਚੁੱਪ ... ਚੁੱਪ ਜੋ
ਕਿਸੇ ਦੇ ਪਾਸਾ
ਪਰਤਣ ਲੱਗਿਆਂ ਨਿਕਲੀ
ਕਰਾਹਟ ਨਾਲ ਪਲ
ਭਰ ਲਈ ਟੁੱਟਦੀ ...
ਤੇ ਫੇਰ ਉਹੀ
ਮਾਤਮੀ ਚੁੱਪ ...
ਤੇ ਉਹੀ ਮੁਰਝਾਏ
ਹੋਏ ਚੇਹਰੇ ...।
ਪਰ ਹਰ
ਬੁੱਧਵਾਰ
ਹਸਪਤਾਲ ਦੇ ਇਸ
ਮਰੇ ਜਹੇ
ਵਾਤਾਵਰਨ ਵਿੱਚ ਜਿਵੇਂ
ਕਿਸੇ ਨੇ
ਜ਼ਿੰਦਗੀ ਦਾ
ਛੱਟਾ ਦੇ ਦਿੱਤਾ
ਹੋਵੇ ... ਸੋਗੀ
ਚਿਹਰਿਆਂ ਤੇ
ਰੰਗਤ ਜਿਹੀ ਆ
ਜਾਂਦੀ ... ਜਿਊਣ
ਤੋਂ ਮੁਨਕਰ ਹੋ
ਰਹੀਆਂ ਅੱਖਾਂ
ਵਿੱਚ ਆਸ ਦੀ
ਜੋਤ ਜਗ ਪੈਂਦੀ ...
ਹਸਪਤਾਲ ਦੀ
ਕੁੱਬੀ ਹੋ
ਚੁੱਕੀ ਹਵਾ ਵੀ
ਮਿੰਨੀ-ਮਿੰਨੀ
ਖੁਸ਼ਬੂ ਭਰੀ ਪੌਣ
ਵਾਂਗੂੰ ਰੁਕਮਣ
ਲੱਗ ਪੈਂਦੀ। ਹਰ
ਬੁੱਧਵਾਰ ਰਾਜੀ
ਇੱਕ ਪੋਲੇ ਜਿਹੇ
ਹਵਾ ਦੇ ਝੋਂਕੇ
ਵਾਂਗਰ ਆਉਂਦੀ ...
ਕਿਸੇ ਦੇ ਪੈਰਾਂ
ਦੀਆਂ ਤਲੀਆਂ
ਝੱਸਦੀ, ਹੱਸਦੀ
ਹੋਈ ਕਿਸੇ ਦੇ
ਵਾਲ ਸਵਾਰਦੀ ...
ਕਿਸੇ ਨੂੰ
ਸਹਾਰਾ ਦੇ ਕੇ
ਬਿਠਾ ਦੇਂਦੀ ...
ਸਾਰਾ ਦਿਨ ਉਨ੍ਹਾਂ
ਨਾਲ
ਨਿੱਕੀਆਂ-ਨਿੱਕੀਆਂ
ਗੱਲਾਂ ਕਰਦੀ ...
ਸਾਰਾ ਦਿਨ
ਉਨ੍ਹਾਂ ਦੀਆਂ
ਨਿੱਕੀਆਂ-ਨਿੱਕੀਆਂ
ਗੱਲਾਂ ਸੁਣਦੀ ...
ਪਤਾ ਨਹੀਂ
ਕੀ ਖਿੱਚ ਸੀ
ਰਾਜੀ ਦੇ ਹੱਥਾਂ
ਦੀ ਛੋਹ ਵਿੱਚ ...
ਜਾਂ ਉਸਦੇ
ਚੇਹਰੇ ਤੇ ਫੈਲੀ
ਹੋਈ ਰੁਹਾਨੀ
ਰੰਗਤ ਵਿੱਚ ...
ਕਈਆਂ ਨੂੰ ਤਾਂ
ਇਹ ਵਹਿਮ ਜਿਹਾ
ਹੋ ਗਿਆ ਸੀ ਕਿ
ਉਸਦੇ ਹੱਥਾਂ ਦੀ
ਛੋਹ ਨਾਲ ਪੀੜ
ਨੂੰ ਵੀ ਆਰਾਮ ਆ
ਜਾਂਦਾ ਹੈ।
ਪਰ ਅੱਜ
ਬੈਂਜੇਮਿਨ ਨੂੰ
ਤੱਕਦਿਆਂ ਹੀ
ਰਾਜੀ ਦੀ ਰੂਹ ਵਿਲਕ
ਉੱਠੀ ਸੀ ...
ਪੀੜਾਂ ਚੁਗਣ
ਵਾਲੀ ਰਾਜੀ ਅੱਜ
ਆਪ ਪੀੜ ਨਾਲ
ਵਰ੍ਹੁੱਨੀ ਗਈ
ਸੀ। ਉਹ ਕੁਝ
ਪਲਾਂ ਤੋਂ ਵੱਧ
ਉੱਥੇ ਖਲੋ ਨਾ
ਸਕੀ ਤੇ ਪੈਰ
ਘਸੀਟਦੀ ਜਿਹੀ
ਘਰ ਵੱਲ ਨੂੰ
ਮੁੜ ਪਈ।
ਸਾਰੀ ਰਾਤ
ਉਹ ਸੌਂ ਨਾ ਸਕੀ,
ਪਲ ਕੁ ਅੱਖ
ਲਗਦੀ ਤਾਂ ਪਾਲ
ਉਸਦੇ ਸਾਹਮਣੇ
ਹੁੰਦਾ ... ਪਰ
ਉਸਦੇ ਕੋਈ ਗੱਲ
ਕਰਨ ਤੋਂ
ਪਹਿਲਾਂ ਹੀ ਰਾਜੀ
ਦੀ ਤੱਭ੍ਰਕ ਕੇ
ਜਾਗ ਖੁੱਲ
ਜਾਂਦੀ -
ਜਿਊਂਦੇ ਜੀ ਵੀ
ਤਾਂ ਪਾਲ ਨੇ
ਰਾਜੀ ਨਾਲ
ਗਿਣਤੀ ਦੇ ਬੋਲ
ਹੀ ਸਾਂਝੇ ਕੀਤੇ
ਸਨ ... ਤੇ ਉਨ੍ਹਾਂ
ਗਿਣਤੀ ਦੇ
ਬੋਲਾਂ ਵਿੱਚੋਂ
ਪਿਆਰ ਦੇ ਬੋਲ
ਸਿਰਫ਼ ਉਹ ਸਨ ਜੋ
ਦਸ ਦਿਨ ਉਨ੍ਹਾਂ
ਇਕੱਠਿਆਂ
ਬਿਤਾਏ ਸਨ ਤੇ
ਕੁਝ ਉਹ ਸਨ ਜੋ
ਉਸ ਚਿੱਠੀ ਵਿੱਚ
ਲਿਖ ਕੇ ਬੋਲੇ
ਸਨ ... ਬਾਕੀ ਦੇ
ਰਹਿੰਦੇ ਬੋਲਾਂ
ਵਿੱਚ
ਮਜ਼ਬੂਰੀਆਂ ਸਨ ...
ਪਛਤਾਵੇ ਸਨ ...
ਉਦਾਸੀਆਂ ਤੇ
ਲਾਚਾਰੀਆਂ ਸਨ ...
ਤੇ ਸਭ ਤੋਂ ਵੱਧ
ਖਾਮੋਸ਼ੀਆਂ ਸਨ।
ਅੱਜ ਫੇਰ
ਕਈ ਵਰ੍ਹਿਆਂ
ਤੋਂ ਬਾਦ ਰਾਜੀ
ਏਨ੍ਹਾਂ ਮੋਏ
ਹੋਏ ਪਲਾਂ ਦੇ
ਮਲਬੇ
ਵਿੱਚੋਂ ਕੁਝ
ਸਹਿਕਦੇ ਜਿਹੇ
ਪਲਾਂ ਨੂੰ
ਫਰੋਲਣ ਲੱਗ ਪਈ
ਸੀ ਜਿਵੇਂ ਰਾਖ
ਦੇ ਢੇਰ ਵਿਚੋਂ
ਕੋਈ ਚੰਗਿਆੜੀ
ਲੱਭ ਰਿਹਾ ਹੋਵੇ
... ਸੋਚਾਂ
ਸੋਚਦਿਆਂ ਤੇ
ਆਪਣੇ ਆਪ ਨਾਲ
ਗੱਲਾਂ ਕਰਦਿਆਂ
ਉਸ ਸਾਰੀ ਰਾਤ
ਲੰਘਾ ਲਈ।
“ਇਹ ਕਿਹੋ
ਜਿਹਾ ਪਿਆਰ ਸੀ
ਤੇਰਾ ਜੋ ਤੈਨੂੰ
ਮੌਤ ਵੱਲ ਲੈ
ਤੁਰਿਆ ... ਮੌਤ
ਨੂੰ ਸਿੱਖਣਾ
ਨਹੀਂ ਪੈਂਦਾ ...
ਇਹ ਤਾਂ ਆਪ ਹੀ ਆ
ਜਾਂਦੀ ਏ ...
ਸਿੱਖਣਾ ਤਾਂ
ਜ਼ਿੰਦਗੀ ਨੂੰ
ਪੈਂਦਾ ਏ ... ਤੇ
ਪਿਆਰ ਜ਼ਿੰਦਗੀ
ਸਿਖਾਉਂਦਾ ਏ ... ਤੇਰਾ
ਪਿਆਰ ਤਾਂ ਸ਼ਾਇਦ
ਕਦੇ ਵੀ ਪਿਆਰ
ਨਹੀਂ ਸੀ ...
“ਜਦ ਤੂੰ
ਚਿੱਠੀ ਵਿੱਚ
ਲਿਖਿਆ ਸੀ ... ‘ਧਰਤੀ
ਤੇ ਅਸਮਾਨ ਵੀ
ਦਿਸਹੱਦੇ ਤੇ
ਮਿਲ ਪੈਂਦੇ ਨੇ
ਰਾਜੀਏ ... ਤੇਰੀ
ਨੁਹਾਰ ਨੂੰ
ਲੱਭਦਾ ਮੈਂ ਤਾਂ
ਬਹੁਤ ਦੂਰ ਨਿਕਲ
ਗਿਆ ਹਾਂ ... ਬਹੁਤ
ਦੂਰ ... ‘ਤੇ ਮੈਨੂੰ ਜਾਪਿਆ
ਸੀ ਕਿ ਸ਼ਾਇਦ
ਤੂੰ ਕਵੀ ਹੋ
ਗਿਆ ਏਂ। ਪਰ
ਮੇਰੇ ਖਤਾਂ ਦਾ
ਜੁਆਬ ਸਿਰਫ ਏਨਾ
ਕੁ ਹੀ ਆਇਆ ਸੀ, ‘ਮੈਂ
ਉੱਖੜ ਗਿਆ ਹਾਂ
ਰਾਜੀਏ ... ਮੈਂ
ਭਟਕ ਗਿਆ ਹਾਂ ... ‘
“ਤੇ ਉਸ ਤੋਂ
ਬਾਅਦ ਉਮਰਾਂ ਜੇਡੀ
ਲੰਮੀ ਚੁੱਪ। ਤੇਰੀ
ਚਿੱਠੀ ਦੇ ਨਾਲ
ਹੀ ਦਿੱਲੀ ਵਾਲੀ
ਚਿੱਠੀ ਨੇ ਵੀ ਚੁੱਪ
ਧਾਰ ਲਈ ਸੀ।
ਉਨ੍ਹਾਂ ਵੀ ਸਿਰਫ
ਇੱਕ ਵਾਰ ਏਨਾ ਕੁ
ਹੀ ਲਿਖਿਆ ਸੀ
ਕਿ ਤੁਹਾਡੇ
ਫਾਈਲ ਕੀਤੇ
ਕਾਗਜ਼ ਐਂਬੈਸੀ
ਨੂੰ ਪਹੁੰਚ ਗਏ
ਹਨ, ਬਾਕੀ ਦੀ ‘ਇਨਫਰਮੇਸ਼ਨ’ ਉਹ
ਬਾਦ ਵਿੱਚ
ਭੇਜਣਗੇ ... ਤੇ
ਉਸਤੋਂ ਬਾਅਦ
ਸਿਰਫ ਚੁੱਪ ਸੀ ...
“ਨਾ ਮੈਨੂੰ
ਤੇਰੀ ਚੁੱਪ ਦਾ
ਕਾਰਨ ਪਤਾ ਸੀ
ਨਾ ਦਿੱਲੀ ਵਾਲੀ
ਚਿੱਠੀ ਦੀ ਚੁੱਪ
ਦਾ ... ਪਰ ਇਸ ਚੁੱਪ
ਦਾ ਚੀਕ ਚਿਹਾੜਾ
ਬਿਜਲੀ ਵਾਂਗਰ
ਕੜਕਦਾ ਮੇਰੀਆਂ
ਹੱਡੀਆਂ ਕੜਕਾ
ਜਾਂਦਾ ...
“ਫੇਰ ਤਾਂ
ਤੂੰ ਕਦੇ ਆਪਣੀ
ਬੱਚੀ ਦਾ ਹਾਲ
ਵੀ ਨਾ ਪੁੱਛਿਆ ...
ਪੰਘੂੜੇ ਵਿੱਚ
ਪਈ ਨੂੰ ਤੇਰੀਆਂ
ਚਿੱਠੀਆਂ ਪੜ੍ਹ
ਕੇ ਸੁਣਾਇਆ
ਕਰਦੀ ਸਾਂ ... ਤੇ
ਫੇਰ ਉਸ ਮਲਕੜੇ
ਜਿਹੇ ਹੀ ਪੰਘੂੜੇ
ਚੋਂ ਆਪਣਾ ਪੱਬ
ਧਰਤੀ ਤੇ ਰੱਖ
ਲਿਆ ਸੀ ਤੇ
ਨਿੱਕਾ ਜਿਹਾ
ਬਸਤਾ ਗਲ ਵਿੱਚ
ਪਾਈ ਉਹ ਸਕੂਲ
ਵੀ ਜਾਣ ਲੱਗ ਪਈ ...
ਪਰ ਹੁਣ ਉਸਨੂੰ
ਸੁਣਾਉਣ ਲਈ
ਮੇਰੇ ਕੋਲ ਕੋਈ
ਚਿੱਠੀ ਨਹੀਂ ਸੀ
ਪਹੁੰਚਦੀ ...
“ਆਪਣੀ ਧੀ
ਨੂੰ ਗਲ ਨਾਲ ਲਾਈ
ਚੁੱਪ ਚੁਪੀਤੀ ਜਹੀ
ਟਿਕ ਕੇ ਬੈਠ ਗਈ
ਸਾਂ ... ਪਰ ਸੋਚਾਂ
ਦੇ ਪੰਛੀਆਂ ਦਾ
ਕੀ ਕਰਦੀ ਜੋ
ਕੁਤਰੇ ਹੋਏ
ਖੰਭਾਂ ਨਾਲ ਵੀ
ਉਡਾਰੀ ਮਾਰਨੋਂ ਨਾ
ਹਟਦੇ ... ਬੰਦ
ਦਰਵਾਜ਼ਿਆਂ ਤੇ
ਉੱਚੀਆਂ ਕੰਧਾਂ
ਨਾਲ ਟਕਰਾ ਕੇ
ਲਹੂ ਲੁਹਾਣ ਹੋਈ
ਜਾਂਦੇ ...
“ਅੱਜ ਦਾਦੀ
ਮਾਂ ਦੀ ਗੱਲ
ਪਤਾ ਨਹੀਂ ਕਿਉਂ
ਚੇਤੇ ਆ ਗਈ ਏ ...ਆਖਦੀ
ਹੁੰਦੀ ਸੀ, ‘ਕਰਮਾਂ
ਵਾਲੀ ਹੋਵੇਂ
ਧੀਏ’ ਤੇ ਹੱਸ ਕੇ ਆਖ
ਦੇਣਾ ‘ਕਿਹੜੇ
ਕਰਮਾਂ ਵਾਲੀ ...
ਕਰਮ ਤਾਂ ਚੰਗੇ
ਵੀ ਹੁੰਦੇ ਨੇ ਤੇ
ਮਾੜੇ ਵੀ ... ਪਰ
ਮੇਰੀ ਗੱਲ ਪੂਰੀ
ਹੋਣ ਤੋਂ
ਪਹਿਲਾਂ ਹੀ ਮਾਂ
ਨੇ ਝਿੜਕ ਦੇਣਾ-
ਐਵੇਂ ਨਹੀਂ
ਚੰਦਰੀ ਜਬਾਨ
ਬੋਲੀਦੀ ...
ਕਰਮਾਂ ਵਾਲੀ
ਚੰਗਿਆਂ ਕਰਮਾਂ
ਵਾਲੀ ਹੀ ਹੁੰਦੀ
ਏ ...’
“ਉਦੋਂ ਤਾਂ
ਚੰਗੇ ਕਰਮਾਂ
ਵਾਲੀ ਹੀ ਸਾਂ ...
ਪਰ ਝੱਟ ਹੀ ਮਾੜੇ
ਕਰਮਾਂ ਵਾਲੀ ਹੋ
ਗਈ ਜਦ ਪਾਪਾ ਦੀ
ਲਾਸ਼ ਸੜਕ ਦੇ
ਕੰਢੇ ਇੱਕ ਟੋਏ
ਵਿੱਚੋਂ ਲੱਭੀ
ਸੀ ... ਤੇ ਕੁਝ
ਦਿਨਾਂ ਪਿੱਛੋਂ
ਦਾਦੀ ਵੀ ਸਵੇਰੇ
ਸੁੱਤੀ ਨਹੀਂ ਸੀ
ਉੱਠੀ ... ਮਾਂ
ਕਿੰਨਾਂ ਚਿਰ ਗੁੰਮ-ਸੁੰਮ
ਰਹਿਣ ਪਿੱਛੋਂ
ਫੇਰ ਹੌਲੀ ਹੌਲੀ
ਰਾਜੀ ਹੋਣ ਲੱਗ
ਪਈ ਸੀ
“ਇੱਕ ਵਾਰ
ਫੇਰ ਮੈਂ ਚੰਗੇ
ਕਰਮਾਂ ਵਾਲੀ ਹੋ
ਗਈ ਸਾਂ, ਜਦ ਤੂੰ
ਮੱਥੇ ਤੇ ਸਿਹਰਾ
ਬੰਨ੍ਹ ਕੇ ਆਇਆ
ਸੈਂ ... ਤੇ ਦਸਾਂ ਕੁ
ਦਿਨਾਂ ਪਿੱਛੋਂ
ਫੇਰ ਮਾੜੇ
ਕਰਮਾਂ ਵਾਲੀ ਹੋ
ਗਈ ਜਦ ਤੈਨੂੰ
ਏਅਰ ਪੋਰਟ ਤੋਂ
ਚੜ੍ਹਾ ਕੇ ਮੈਂ
ਵਾਪਸ ਆਈ ਸਾਂ ...
“ਉਸ ਰਾਤ
ਵਾਲਾ ਸੁਪਨਾ
ਹਾਲੇ ਵੀ ਚੰਗੀ
ਤਰਾਂ ਯਾਦ ਏ ... ਤੇ
ਉਹ ਪੁਲ ਅਜੇ ਵੀ
ਐਨ ਉਸੇ ਤਰ੍ਹਾਂ
ਹੀ ਦਿਸਦਾ ਏ ...
ਪੁਲ ਦੇ ਪਾਸਿਆਂ
ਤੇ ਉੱਚੇ ਉੱਚੇ
ਜੰਗਲੇ ... ਤੇ
ਜੰਗਲਿਆਂ ਉੱਤੇ
ਵੱਡੇ ਵੱਡੇ
ਬਲਬਾਂ ਦੀ ਤੇਜ
ਰੌਸ਼ਨੀ ਅਜੇ ਵੀ
ਅੱਖਾਂ ਚੁੰਧਿਆ
ਦੇਂਦੀ ਏ ... ਜੰਗਲੇ
ਤੋਂ ਹੇਠਾਂ ਵੱਲ
ਤੱਕਦਿਆਂ ਸਿਰਫ
ਹਨੇਰਾ ... ਤੇ ਤੇਰਾ
ਘੁੱਟ ਕੇ ਫੜ੍ਹਿਆ
ਹੱਥ ਪਤਾ ਨਹੀਂ
ਕਿਵੇਂ ਮੇਰੇ
ਹੱਥਾਂ ਵਿੱਚੋਂ
ਤਿਲਕ ਜਾਂਦਾ ਏ ...
ਪਾਣੀ ਵਾਂਗਰ
ਵਹਿ ਜਾਂਦਾ ਏ ...
ਤੇ ਤੂੰ ਜੰਗਲੇ
ਦੇ ਹੇਠਾਂ ਘੁੱਪ
ਹਨੇਰੇ ਵਿੱਚ
ਹਵਾ ਵਾਂਗ ਰਲ
ਗਿਆ ... ਮੇਰੀ
ਸੁਪਨੇ ਵਿੱਚ
ਨਿਕਲੀ ਚੀਕ ਨੇ
ਮੈਨੂੰ ਜਗਾ ਦਿੱਤਾ
ਸੀ।
“ਉਸ ਦਿਨ
ਤੋਂ ਬਾਦ ਇੱਕ
ਜ਼ਿੰਦਗੀ
ਸੁਪਨਿਆਂ ਵਿੱਚ
ਜਿਉਂਦੀ ਰਹੀ ...
ਤੇ ਇੱਕ ਜਾਗਦਿਆਂ
... ਪਤਾ ਨਹੀਂ
ਦੋਹਵਾਂ
ਵਿੱਚੋਂ ਕਿਹੜੀ
ਸੱਚ ਸੀ ਤੇ
ਕਿਹੜੀ ਝੂਠ ...
ਸ਼ਾਇਦ ਦੋਵੇਂ
ਸੱਚ ਸਨ ਜਾਂ
ਦੋਵੇਂ ਝੂਠ ... ਜਦ
ਬੱਚੀ ਦਾ ਜਨਮ
ਹੋਇਆ ਤਾਂ ਸਭ
ਸੱਚ ਜਾਪਿਆ ... ਜਦ
ਤੇਰਾ ਖਤ ਆਉਣਾ
ਬੰਦ ਹੋਇਆ ਤਾਂ ‘ਸਭ
ਝੂਠ’ ਜਾਪਿਆ ... ਤੇ
ਮੇਰੀ ਰੂਹ ਇਸ
ਝੂਠ ਤੇ ਸੱਚ ਦੀ
ਚੱਕੀ ਦੇ ਪੁੜਾਂ
ਵਿਚਕਾਰ ਪਿਸਦੀ
ਰਹੀ ...
“ਤੇ ਫੇਰ
ਦਿੱਲੀ ਵਾਲੀ
ਚਿੱਠੀ ਇੱਕ ਸੱਚ
ਜਿਹਾ ਬਣ ਕੇ ਆ
ਗਈ ਤੇ ਤੇਰੇ
ਵੱਲੋਂ ਇੱਕ
ਚਿੱਠੀ “ਸਭ ਝੂਠ”
ਜਿਹਾ ਬਣ ਕੇ ਆ
ਗਈ, ਜਿਸ ਵਿੱਚ
ਤੂੰ ਮੈਨੂੰ ਤੇ
ਬੱਚੀ ਨੂੰ ਤੇਰੇ
ਕੋਲ ਆਉਣ ਤੋਂ
ਵਰਜ ਘੱਲਿਆ ਸੀ।
“ਪਰ ਮੈਂ
ਇੱਕ ਹੱਥ ਨਾਲ
ਦਿੱਲੀ ਵਾਲੀ
ਚਿੱਠੀ ਦੇ ਸੱਚ ਜਹੇ
ਨੂੰ ਫੜਦੀ ਤੇ
ਦੂਜੇ ਹੱਥ ਨਾਲ
ਬੱਚੀ ਦੇ ਸੱਚ
ਨੂੰ ਫੜਦੀ ਤੇਰੇ
ਕੋਲ ਆ ਗਈ ਸਾਂ ...
ਤੇਰਾ ਪੀਲਾ ਜ਼ਰਦ
ਚੇਹਰਾ ਤੱਕਦਿਆਂ
ਹੀ ਮੈਨੂੰ ਕੁਝ
ਝੂਠ ਵਰਗਾ
ਜਾਪਿਆ ... ਪਰ
ਤੇਰੀਆਂ ਅੱਖਾਂ
ਵਿੱਚ ਪਿਆਰ
ਮੈਨੂੰ ਅਜੇ ਵੀ
ਸੱਚ ਜਾਪਿਆ ...
“ਤੇਰਾ ਮੇਰੇ
ਤੋਂ ਹਮੇਸ਼ਾਂ
ਪਰ੍ਹੇ ਰਹਿਣਾਂ
ਕਿੱਨਾਂ ਸੱਚ ਸੀ
... ਪਰ ਕਿੱਨਾਂ
ਝੂਠ ਵੀ ਇਸ
ਵਿੱਚ ਰਲਿਆ
ਹੋਇਆ ਸੀ ... ਤੇਰੀ
ਬੇਰੁਖੀ ਤੋਂ
ਮੈਨੂੰ ਇੰਜ
ਜਾਪਦਾ ਜਿਵੇਂ
ਤੈਨੂੰ ਮੇਰੇ
ਨਾਲ ਕੋਈ ਗਿਲਾ
ਸੀ ... ਪਰ ਤੇਰੀ
ਤੱਕਣੀ ਤੋਂ ਇੰਜ
ਲਗਦਾ ਜਿਵੇਂ
ਤੇਰੀ ਕੋਈ ਮਜਬੂਰੀ
ਸੀ।
“ਤੇਰਾ ਹਰ
ਹਫਤੇ ਮੇਜ ਤੇ
ਪੈਸੇ ਰੱਖ ਦੇਣਾ
ਤੇ ਮੇਰਾ ਹਰ
ਹਫਤੇ ਮੇਜ ਤੋਂ
ਪੈਸੇ ਚੁੱਕਣ
ਲੱਗਿਆਂ ਹੱਥ ਦਾ
ਕੰਬ ਜਾਣਾ ... ਧੁਰ
ਅੰਦਰ ਤੀਕ ਮੇਰੀ
ਰੂਹ ਦਾ ਕੰਬ ਜਾਣਾ
ਪਤਾ ਨਹੀਂ ਝੂਠ
ਸੀ ਜਾਂ ਸੱਚ ... ਪਰ
ਆਂਦਰਾਂ ਦੀ
ਭੁੱਖ ਤਾਂ ਸੱਚ
ਸੀ ਜੋ ਮੇਜ ਤੋਂ
ਪੈਸੇ ਚੁੱਕ ਕੇ
ਗਰੌਸਰੀ ਸਟੋਰ
ਵੱਲ ਮੇਰੇ
ਪੈਰਾਂ ਨੂੰ ਤੋਰ
ਦੇਂਦੀ।
“ਤੇ ਫੇਰ
ਇੱਕ ਦਿਨ ਇਸ
ਝੂਠ ਤੇ ਸੱਚ ਦੇ
ਛਲਾਵਿਆਂ ਤੋਂ ਮੈਂ
ਅੱਕ ਗਈ ਸਾਂ। ਮੇਰਾ
ਆਪਾ ਪ੍ਰਸ਼ਨ
ਚਿੰਨ੍ਹਾਂ ਨਾਲ
ਵਿੰਨ੍ਹਿਆ ਗਿਆ
ਸੀ। ਮੈਂ ਕੌਣ
ਹਾਂ?
ਮੈਂ ਏਥੇ ਕਿਉਂ
ਆਈ ਹਾਂ ...?
ਕਿਉਂ ਰਹਿਨੀ
ਆਂ ...?
ਕਿਉਂ ਜੀਨੀ ਆਂ
...? ਤੇ ਇਸ
ਕਿਉਂ ਵਿੱਚੋਂ
ਗੁੱਸਾ ਭੜਕ
ਉੱਠਿਆ ਸੀ। ਗੁੱਸੇ
ਤੇ ਪੀੜਾ ਦੀ
ਅੱਗ ਨਾਲ ਮੇਰੇ
ਸਾਹ ਧੁਆਂਖੇ
ਗਏ, ਮੇਰਾ ਜ਼ਿਹਨ
ਭੁੱਬਲ ਵਰਗਾ ਹੋ
ਗਿਆ ਸੀ। ਮੇਰੇ
ਆਪਣੇ ਹੀ
ਅੰਦਰੋਂ ਨਿਕਲੀ
ਅੱਗ ਨੇ ਮੈਨੂੰ
ਸਾਰੀ ਦੀ ਸਾਰੀ
ਨੂੰ ਨਿਗਲ ਲਿਆ ...
ਤੇ ਮੈਂ ਭਾਂਬੜ
ਵਾਂਗਰ ਮੱਚ
ਉੱਠੀ ਸਾਂ। ਉਸ ਦਿਨ ...
ਧਰਤੀ ਤੇ ਅਸਮਾਨ
ਸਾਰਾ ਕੁਝ ਫੂਕ
ਦੇਣ ਨੂੰ ਜੀ ਕਰ
ਉੱਠਿਆ ਸੀ ...
“ਪਰ ਤੂੰ
ਸ਼ਾਂਤ ਬੈਠਾ ਸਭ
ਕੁਝ ਸੁਣਦਾ
ਰਿਹਾ ... ਤੇਰੇ
ਚੇਹਰੇ ਦੀ
ਪਿਲੱਤਣ ਹੋਰ ਵੀ
ਗੂੜ੍ਹੀ ਹੋ ਗਈ ...
ਤੇਰੀਆਂ ਅੱਖਾਂ
ਵਿੱਚ ਅੱਥਰੂ
ਮੈਂ ਉਸ ਦਿਨ ਪਹਿਲੀ
ਵਾਰ ਵੇਖੇ ਸਨ ...
ਉਦੋਂ ਤਾਂ
ਮੈਨੂੰ ਏਡਜ਼ ਦੇ
ਨਾਂ ਦਾ ਵੀ
ਨਹੀਂ ਸੀ ਪਤਾ ... ਤੂੰ
ਕਿੰਨਾਂ ਚਿਰ
ਮੈਨੂੰ
ਸਮਝਾਉਂਦਾ
ਰਿਹਾ ... ਤੇ
ਗੁੱਸੇ ਦੀ ਅੱਗ
ਹੰਝੂਆਂ ਦੇ
ਹੜ੍ਹ ਵਿੱਚ
ਡੁੱਬਦੀ ਤਰਦੀ
ਬੁਝ ਗਈ ... ਤੇ ਫੇਰ
ਅਗਲੇ ਦਿਨ ਹੀ
ਤੂੰ ਮੈਨੂੰ ਕੰਮ
ਤੇ ਛੱਡ ਆਇਆ
ਸੈਂ। ਆਪ ਤੂੰ ਕਿੰਨੇ
ਦਿਨ ਕੰਮ ਤੇ
ਨਹੀਂ ਸੀ ਜਾ
ਸਕਿਆ ... ਤੇ ਫੇਰ
ਕੰਮ ਕਰਨਾ ਤੇਰੇ
ਵੱਸ ਵਿਚ ਨਹੀਂ
ਸੀ ਰਿਹਾ -
ਕੰਮ ਦਾ
ਧਿਆਨ ਆਉਂਦਿਆਂ
ਹੀ ਰਾਜੀ ਜਿਵੇਂ
ਕਿਸੇ ਦੂਸਰੀ
ਦੁਨੀਆਂ ‘ਚੋਂ ਵਾਪਸ
ਪਰਤ ਆਈ ਹੋਵੇ।
ਵੀਰਵਾਰ ਦੀ
ਸਵੇਰ ਹੋ ਗਈ
ਸੀ। ਉਸ ਨੇ ਅੱਜ
ਹਸਪਤਾਲ ਨਹੀਂ
ਸੀ ਜਾਣਾ। ਜਦ
ਤਾਸ਼ਾ ਦੀ ਕੰਪਨੀ
2-3 ਸਾਲਾਂ ਵਿੱਚ
ਹੀ ਕਾਫੀ ਤਰੱਕੀ
ਕਰ ਗਈ ਤਾਂ ਉਸ
ਰਾਜੀ ਨੂੰ ਕੰਮ
ਕਰਨ ਤੋਂ ਰੋਕ
ਦਿੱਤਾ ਸੀ। ਪਰ ਉਹ
ਫੇਰ ਵੀ ਹਰ
ਬੁੱਧਵਾਰ
ਮਰੀਜ਼ਾਂ ਦੀ
ਸੇਵਾ ਲਈ
ਹਸਪਤਾਲ ਜਾਂਦੀ
ਰਹੀ। ਰਾਜੀ
ਦੀ ਧੀ ਤਾਸ਼ਾ
ਰਾਜੀ ਦਾ ਸਰਵਣ
ਪੁੱਤਰ ਸੀ। ਰਾਜੀ
ਨੇ ਅੱਜ ਹਸਪਤਾਲ
ਨਹੀਂ ਸੀ ਜਾਣਾ ...
ਪਰ ਪਤਾ ਨਹੀਂ
ਕਿਉਂ ਉਸਦੇ ਪੈਰ
ਆਪ ਮੁਹਾਰੇ
ਹਸਪਤਾਲ ਵੱਲ ਉੱਠ
ਤੁਰੇ!
ਅਜੇ ਕੱਲ ਹੀ ਬਜ਼ੁਰਗਾਂ
ਦੀ ਵਾਰਡ ਵਿੱਚ
ਜਦ ਉਸ ਨਵੇਂ ਆਏ
ਬੁੱਢੇ ਡੇਵਿਡ
ਦੇ ਹੱਥਾਂ
ਪੈਰਾਂ ਦੀ ਮਾਲਸ਼
ਕੀਤੀ ਤਾਂ ਉਸ
ਪੁੱਛਿਆ ਸੀ,
“ਕੀ
ਤੂੰ ਕੱਲ ਨੂੰ
ਫੇਰ ਆਵੇਂਗੀ?”
ਜਦ ਰਾਜੀ
ਨੇ ਉਸਨੂੰ
ਦੱਸਿਆ ਕਿ ਉਹ
ਤਾਂ ਸਿਰਫ
ਬੁੱਧਵਾਰ ਨੂੰ
ਹੀ ਮਰੀਜ਼ਾਂ ਦੀ
ਸੇਵਾ ਕਰਨ
ਆਉਂਦੀ ਹੈ, ਤਾਂ
ਬੁੱਢਾ ਡੇਵਿਡ
ਜਿਵੇਂ ਮਨ ਦੇ
ਪੋਟਿਆਂ ਤੇ ਅੱਜ
ਤੋਂ ਲੈ ਕੇ ਅਗਲੇ
ਬੁੱਧਵਾਰ ਤਕ ਦੇ
ਦਿਨ ਗਿਣਨ ਲੱਗ
ਪਿਆ ਸੀ।
ਰਾਜੀ ਇੱਕ
ਸੁਪਨੇ ਜਿਹੇ
ਵਾਂਗ ਹੀ
ਬੈਂਜੇਮਿਨ ਦੇ
ਬੈੱਡ ਕੋਲ ਆ
ਖਲੋਤੀ। ਅੱਜ
ਬੈਂਜੇਮਿਨ ਨੇ
ਉਸਨੂੰ
ਆਉਂਦਿਆਂ ਵੇਖ
ਲਿਆ ਸੀ ... ਵੇਖਿਆ
ਤਾਂ ਸ਼ਾਇਦ ਕੱਲ
ਵੀ ਹੋਵੇ, ਪਰ
ਰਾਜੀ ਉਥੋਂ
ਪਿਛਲੇ ਪੈਰੀਂ
ਹੀ ਪਰਤ ਆਈ ਸੀ।
ਬੈਂਜੇਮਿਨ ਨੇ
ਪੂਰਾ ਤਾਣ ਲਾ
ਕੇ ਆਪਣਾ ਕਮਜ਼ੋਰ
ਜਿਹਾ ਹੱਥ ਕੰਬਲ
‘ਚੋਂ
ਬਾਹਰ ਕੱਢਿਆ।
ਉਸਦੇ ਮੈਦੇ
ਰੰਗੇ ਹੱਥ ਨੂੰ
ਰਾਜੀ ਦੇ ਕਣਕ
ਰੰਗੇ ਹੱਥਾਂ
ਵਿੱਚੋਂ ਜਿਵੇਂ
ਕੋਈ ਤਾਕਤ ਮਿਲ ਗਈ
ਹੋਵੇ ... ਉਸ ਦੀਆਂ
ਬੁਝੂੰ-ਬੁਝੂੰ
ਕਰਦੀਆਂ ਅੱਖਾਂ
ਇਕ ਵਾਰ ਫੇਰ
ਚਮਕ ਪਈਆਂ -
“ਤੂੰ
ਬਿਲਕੁਲ ਠੀਕ ਹੋ
ਜਾਵੇਂਗਾ,
ਬੈਂਜੇਮਿਨ!”
ਕਿੰਨੀ ਝੂਠ
ਗੱਲ ਆਖੀ ਸੀ
ਰਾਜੀ ਨੇ ... ਤੇ ਉਸ
ਝੂਠ ਦਾ ਪਤਾ
ਰਾਜੀ ਨੂੰ ਵੀ
ਸੀ ਤੇ
ਬੈਂਜੇਮਿਨ ਨੂੰ
ਵੀ ... ਪਰ ਉਹ ਫੇਰ
ਵੀ ਹੱਸ ਜਿਹਾ
ਪਿਆ ਤੇ ਉਸ
ਨਿੱਕੇ ਜਿਹੇ ਹਾਸੇ
ਨਾਲ ਹੀ ਉਹ
ਕਿੰਨਾ ਥੱਕ ਗਿਆ
ਸੀ ... ਹੌਂਕਣ ਲੱਗ
ਪਿਆ ਸੀ।
“ਪਾਲ ਵੀ
ਕਿੰਨੀ ਛੇਤੀ
ਥੱਕ ਜਾਇਆ ਕਰਦਾ
ਸੀ” ਰਾਜੀ
ਫੇਰ ਸੋਚਾਂ ਵਿਚ
ਆਪਣੇ ਆਪ ਨਾਲ
ਗੱਲਾਂ ਕਰਨ ਲੱਗ
ਪਈ।
“ਉਹ ਕਈ-ਕਈ
ਦਿਨ ਇਕ ਲਫਜ਼ ਵੀ
ਨਾ ਬੋਲਦਾ ... ਤੇ
ਇਕ ਵਾਰੀ ਕਿੰਨੇ
ਹੀ ਦਿਨਾਂ ਦੀ
ਇਕੱਠੀ ਕੀਤੀ
ਤਾਕਤ ਨਲ਼ ਉਸ
ਆਖਿਆ ਸੀ,
‘ਜਦ ਇਨਸਾਨ
ਰਸਤਾ ਭੁੱਲ
ਜਾਂਦਾ ਏ ... ਗਵਾਚ
ਜਾਂਦਾ ਏ, ਤਾਂ ਉਹ
ਹੋਰ ਵੀ ਤੇਜ
ਦੌੜਨ ਲਗਦਾ ਏ ...
ਮੈਂ ਤਾਂ
ਦੌੜਦਾ-ਦੌੜਦਾ ਬਹੁਤ
ਦੂਰ ਨਿਕਲ ਗਿਆ ...
ਪਤਾ ਨਹੀਂ
ਕਿਹੜੀ ਪਗਡੰਡੀ
ਕਿੱਥੋਂ
ਨਿੱਖੜਦੀ ਤੇ
ਕਿੱਥੇ ਜਾ ਕੇ
ਕਿਹੜੀ ਸੜਕ ਨੂੰ
ਮਿਲਦੀ ਸੀ ...
ਮੈਨੂੰ ਕਦੇ ਮਾਫ਼
ਨਾ ਕਰੀਂ ਰਾਜੀ ...
ਮੈਂ ਤੇਰਾ ਵੱਡਾ
ਗੁਨਾਹਗਾਰ ਹਾਂ
...।
ਬੋਲਦੇ-ਬੋਲਦੇ
ਪਾਲ ਨੂੰ ਸਾਹ
ਚੜ੍ਹ ਗਿਆ ਤੇ
ਰਾਜੀ ਨੇ ਆਪਣਾ
ਹੱਥ ਉਸਦੇ ਮੂੰਹ
ਉੱਤੇ ਰੱਖ
ਦਿੱਤਾ ਸੀ।
ਰਾਜੀ ਨੇ
ਵੇਖਿਆ,
ਬੈਂਜੇਮਿਨ ਦਾ
ਸਾਹ
ਕਾਹਲਾ-ਕਾਹਲਾ ਚੱਲ
ਰਿਹਾ ਸੀ ਤੇ ਉਹ
ਅੱਖਾਂ ਬੰਦ ਕਰ
ਕੇ ਨਿਢਾਲ ਜਿਹਾ
ਪਿਆ ਰਿਹਾ।
ਰਾਜੀ ਉਸਦੇ ਕੋਲ
ਬੈਠੀ ਕਦੀ ਬੀਤੇ
ਵਿੱਚ ਪਹੁੰਚ
ਜਾਂਦੀ ਤੇ ਕਦੇ
ਮੁੜ ਵਰਤਮਾਨ
ਵਿੱਚ ਪਰਤ
ਆਉਂਦੀ।
ਅਗਲੇ ਦਿਨ ਬੈਂਜੇਮਿਨ
ਨੇ ਰਾਜੀ ਨੂੰ
ਦੱਸਿਆ, ਕਈ ਵਰ੍ਹੇ
ਪਹਿਲਾਂ ਇੱਕ
ਕਾਰ ਐਕਸੀਡੈਂਟ
ਤੋਂ ਬਾਦ ਉਸ
ਨੂੰ ਖੂੰਨ ਦਿੱਤਾ
ਗਿਆ ਸੀ ਤੇ ਉਸ
ਖੂੰਨ ਦੇ ਨਾਲ
ਹੀ ਏਡਜ਼, ਜੋ ਕਈ
ਵਰ੍ਹੇ ਉਸਦੇ
ਅੰਦਰ ਚੁੱਪ
ਕਰਕੇ ਬੈਠੀ
ਰਹੀ। ਵਿਆਹ ਤੋਂ
ਕੁਝ ਦੇਰ ਉਹ
ਬਿਮਾਰ ਰਹਿਣ
ਲੱਗ ਪਿਆ ਸੀ।
ਜਦ ਡਾਕਟਰਾਂ ਨੇ
ਉਸਨੂੰ ਏਡਜ਼
ਬਾਰੇ ਦੱਸਿਆ
ਤਾਂ ਆਪਣੀ ਮੰਗੇਤਰ
ਨੂੰ ਬਿਨਾਂ
ਦੱਸੇ ਹੀ ਉਹ
ਘਰੋਂ ਨੱਸ ਆਇਆ
ਸੀ। ਬੈਂਜੇਮਿਨ
ਨੇ ਇੱਕ ਮੁਚੜੀ
ਜਿਹੀ ਤਸਵੀਰ
ਰਾਜੀ ਦੇ
ਸਾਹਮਣੇ ਕਰ
ਦਿੱਤੀ। ਇੱਕ
ਭੋਲੀ ਜਿਹੀ
ਬਿੱਲੀਆਂ
ਅੱਖਾਂ ਵਾਲੀ
ਕੁੜੀ ਡਰੀ-ਡਰੀ
ਜਿਹੀ ਉਸ ਵੱਲ
ਤੱਕ ਰਹੀ ਸੀ।
ਤਸਵੀਰ ਵੱਲ
ਵੇਖਦਿਆਂ ਹੀ
ਰਾਜੀ ਦੇ
ਅੰਦਰੋਂ ਕੁਝ
ਬੋਲ ਉੱਠਿਆ,
ਮੈਂ ਵੀ ਕਿੰਨਾਂ
ਡਰ ਗਈ ਸਾਂ, ਪਾਲ
ਵੱਲ ਵੇਖ ਕੇ ... ਜਦ
ਇੱਕ ਸਵੇਰ ਚਮਚ
ਨਾਲ ਚਾਹ ਦਾ
ਘੁੱਟ ਉਸਦੇ
ਮੂੰਹ ਵਿੱਚ
ਪਾਉਣ ਲੱਗੀ ਤਾਂ
ਉਸ ਪੁੱਛਿਆ ਸੀ,
“ਕਿੱਥੇ
ਹੈਂ, ਤੂੰ ਰਾਜੀ?”
“ਆਹ ਵੇਖਾਂ,
ਮੈਂ ਤਾਂ ਤੇਰੇ
ਸਾਹਮਣੇ ਆਂ”
ਪਰ ਰਾਜੀ
ਉਸਦੇ ਸਾਹਮਣੇ
ਖੜ੍ਹੀ ਵੀ ਉਸਨੂੰ
ਹੁਣ ਨਹੀਂ ਸੀ
ਦਿਸਦੀ। ਪਾਲੀ
ਦੀਆਂ
ਖੁੱਲ੍ਹੀਆਂ
ਅੱਖਾਂ ਵਿੱਚ
ਕੋਈ ਹਰਕਤ ਨਹੀਂ
ਸੀ ... ਕੋਈ ਜੋਤ
ਨਹੀਂ ਸੀ। ਰਾਜੀ
ਨੇ ਉਸਦਾ ਹੱਥ
ਫੜ ਕੇ ਆਪਣੇ
ਚੇਹਰੇ ਨਾਲ
ਛੁਹਾਇਆ ... ਤਾਂ
ਉਸਦੀਆਂ
ਉਂਗਲਾਂ ਦੇ ਪੋਟੇ
ਢੇਰ ਚਿਰ ਤਕ
ਰਾਜੀ ਦੇ ਮੂੰਹ
ਵੱਲ ਤੱਕਦੇ ਰਹੇ।
ਅਗਲੇ ਦਿਨ ਪਾਲ
ਦੀਆਂ ਉਂਗਲਾਂ
ਦੇ ਪੋਟੇ ਵੀ ਉਸ
ਦੀਆਂ ਅੱਖਾਂ
ਵਾਂਗ ਹੀ
ਨਿਰਜਿੰਦ ਹੋ
ਗਏ।
ਕਿੰਨੇ ਘੱਟ
ਲੋਕ ਆਏ ਸਨ
ਉਨ੍ਹਾਂ ਦੇ ਘਰ।
ਸਾਰਾ ਕਾਰ ਵਿਹਾਰ
ਦੋਂਹ ਚੌਂਹ
ਦਿਨਾਂ ਵਿੱਚ ਹੀ
ਨਿੱਬੜ ਗਿਆ ਸੀ।
ਉਸਦੇ ਤੁਰ ਜਾਣ
ਤੋਂ ਬਾਦ ਨੌਕਰੀ
ਕਰਨੀ ਵੀ ਕਿੰਨੀ
ਔਖੀ ਹੋ ਗਈ ਸੀ।
ਜਿੱਥੇ ਵੀ
ਜਾਂਦੀ ਕੁਝ ਚਿਰ
ਪਿੱਛੋਂ ਉੱਥੇ
ਘੁਸਰ-ਮੁਸਰ ਹੋਣ
ਲੱਗ ਪੈਂਦੀ। ਕਈ
ਪੰਜਾਬੀ ਔਰਤਾਂ
ਤਾਂ ਤੁਰੀ
ਆਉਂਦੀ ਨੂੰ ਵੇਖ
ਕੇ ਹੀ ਲਾਂਭੇ
ਹੋ ਜਾਂਦੀਆਂ
ਜਿਵੇਂ ਉਸਦੇ
ਪ੍ਰਛਾਵੇਂ ਤੋਂ
ਹੀ ਉਨ੍ਹਾਂ ਨੂੰ
ਏਡਜ਼ ਹੋ ਜਾਵੇਗੀ
... ਤੇ ਕਈ ਆਪਣੇ
ਸਵਾਲਾਂ ਦੇ
ਤੀਲਿਆਂ ਨਾਲ
ਉਸਦੀ ਹਿੱਕ ਦੇ
ਜ਼ਖਮਾਂ ਨੂੰ
ਖੁਰਚ-ਖੁਰਚ ਕੇ
ਛਿੱਛੜੇ ਲਾਹ
ਦੇਂਦੀਆਂ ।
ਕਿੰਨੀ ਥਾਈਂ
ਕੰਮ ਬਦਲਣਾਂ
ਪਿਆ ਸੀ ਰਾਜੀ
ਨੂੰ।
ਕੰਪਿਉਟਰਾਂ ਦੇ
ਪੁਰਜ਼ੇ ਬਣਾਉਣ
ਵਾਲੀ ਫੈਕਟਰੀ,
ਬੱਚਿਆਂ ਦੇ
ਖਿਡੌਣੇ ਪੈਕ
ਕਰਨ ਵਾਲੀ ਥਾਂ,
ਤੇ ਹੋਰ ਕਿੰਨੇ
ਹੀ ਸਟੋਰ ... ਤੇ
ਅਖੀਰ ਵਿੱਚ ਇਹ
ਹਸਪਤਾਲ।
ਬੀਤ
ਚੁੱਕਿਆ ਵੇਲਾ
ਪਤਾ ਨਹੀਂ ਕਿਉਂ
ਉਸਦੇ ਨਾਲ ਚੰਬੜ
ਕੇ ਬੈਠ ਗਿਆ ਸੀ ...
ਜਾਂ ਰਾਜੀ ਹੀ
ਪਿਛਾਂਹ ਪਰਤ ਕੇ
ਬੀਤੇ ਨੂੰ ਫੜ੍ਹ
ਬੈਠੀ ਸੀ ... ਉਸਦੀ
ਸੋਚ ਫੇਰ ਕੰਬ ਉੱਠੀ,
“ਕਿੰਨਾਂ
ਹਨੇਰਾ ਪਸਰਨ
ਲੱਗ ਪਿਆ ਸੀ
ਮੇਰੇ ਅੰਦਰ ...
ਹਨੇਰਾ ਮੇਰੀਆਂ
ਬਰੂਹਾਂ ਦੀਆਂ
ਝੀਤਾਂ ਥਾਣੀ
ਸਰਕਦਾ ਮੇਰੇ
ਵਿਹੜੇ ਵਿੱਚ
ਸਮਾ ਗਿਆ ਸੀ ...
ਹਨੇਰਾ ਮੇਰੇ
ਕੱਪੜਿਆਂ ਤੇ
ਮੇਰੇ ਜਿਸਮ
ਵਿੱਚ ਸਮਾ ਗਿਆ
। ਮੈਂ ਚਾਨਣ ਦੀ
ਕੰਨੀ
ਖਿੱਚ-ਖਿੱਚ ਹਾਰ
ਗਈ ਸਾਂ। ਰਾਤ
ਮੁੱਕ ਜਾਇਆ
ਕਰਦੀ ਪਰ ਕਦੇ
ਦਿਨ ਨਹੀਂ ਸੀ
ਚੜ੍ਹਦਾ ... ਦਿਲ
ਤੇ ਪਈਆਂ ਰਾਤਾਂ
ਦੀ ਸ਼ਾਇਦ ਕੋਈ
ਸਵੇਰ ਨਹੀਂ
ਹੁੰਦੀ।
“ਪਰ ਇੱਕ
ਚਿੱਪਰ ਜਿਹੀ
ਚਾਨਣ ਦੀ ਮੈਂ
ਹਨੇਰਿਆਂ ਤੋਂ
ਲੁਕੋ ਲਈ ਸੀ,
ਆਪਣੇ ਜ਼ਿਹਨ ਦੀ
ਅੰਦਰਲੀ ਡੂੰਘੀ
ਗੁਫ਼ਾ ਵਿੱਚ ...
ਰਾਜੀ ਦੀਆਂ
ਸੋਚਾਂ ਦੀ ਲੜੀ
ਟੁੱਟੀ,
ਬੈਂਜੇਮਿਨ ਆਖ
ਰਿਹਾ ਸੀ,
“ਕਿੱਥੇ ਚਲੀ
ਗਈ ਏਂ ਤੂੰ
ਰਾਜੀ, ਏਨਾਂ
ਕੰਬਦੀ ਕਿਉਂ ਪਈ
ਏਂ ... ?“
ਰਾਜੀ ਅਜੇ
ਵੀ ਉਸ ਕੁੜੀ ਦੀ
ਤਸਵੀਰ ਵੱਲ ਵੇਖ
ਰਹੀ ਸੀ ... ਨਹੀਂ,
ਉਹ ਤਾਂ ਸ਼ਾਇਦ
ਆਪਣੇ ਆਪ ਵੱਲ
ਹੀ ਵੇਖ ਰਹੀ
ਸੀ।
“ਮੈਂ ਕੱਲ
ਫੇਰ ਆਵਾਂਗੀ
ਬੈਂਜੇਮਿਨ ...” ਆਖ
ਕੇ ਰਾਜੀ ਉੱਥੋਂ
ਤੁਰ ਆਈ ਪਰ
ਸੋਚਾਂ ਦਾ ਪਰਾਗਾ
ਭਰ ਕੇ ਆਪਣੇ
ਨਾਲ ਹੀ ਲੈ ਆਈ
ਸੀ।
ਅਗਲੇ ਦਿਨ
ਰਾਜੀ ਦੇ
ਪਹੁੰਚਣ ਤੋਂ
ਪਹਿਲਾਂ ਹੀ
ਬੈਂਜੇਮਿਨ ਇੱਕ
ਅਧੂਰੀ ਕਹਾਣੀ
ਦੇ ਪਾਤਰ ਵਾਂਗ
ਤੁਰ ਗਿਆ ਸੀ, ਤੇ
ਰਾਜੀ ਇੱਕ ਵਾਰ
ਫੇਰ ਹਨੇਰੇ ਨੂੰ
ਟਟੋਲਦੀ ਹੋਈ ਘਰ
ਨੂੰ ਮੁੜ ਆਈ।
ਕਮਰੇ ਵਿੱਚ
ਤਾਸ਼ਾ ਦੀ ਨਿੱਕੀ
ਹੁੰਦੀ ਦੀ
ਤਸਵੀਰ ਤੇ ਨਜ਼ਰ
ਪੈਂਦਿਆਂ ਹੀ
ਰਾਜੀ ਦੀ ਰੂਹ
ਬੋਲ ਉੱਠੀ,
“ਤੂੰ ਹੀ
ਮੇਰੀ ਉਹ ਚਾਨਣ
ਦੀ ਚਿੱਪਰ ਏਂ
ਤਾਸ਼ਾ ਜੋ ਮੈਂ
ਹਨੇਰਿਆਂ ਤੋਂ
ਲੁਕੋ ਲਈ ਸੀ।
ਜਦ ਫਿਕਰਾਂ ਤੇ ਉਦਾਸੀ
ਭਰਿਆ ਸਿਰ ਮੈਂ
ਤੇਰੇ ਨਿੱਕੇ
ਜਿਹੇ ਮੋਢੇ ਤੇ
ਰੱਖ ਲੈਂਦੀ ਤਾਂ
ਮੈਨੂੰ ਰੱਬ
ਵਰਗਾ ਆਸਰਾ
ਮਿਲਦਾ ... ਤੇਰੀਆਂ
ਨਿੱਕੀਆਂ-ਨਿੱਕੀਆਂ
ਗੱਲਾਂ
ਜੁਗਨੂੰਆਂ
ਵਾਂਗਰ ਜਗਦੀਆਂ
ਮੇਰੇ ਅੰਦਰ
ਪੱਸਰੇ ਹਨੇਰੇ
ਨੂੰ ਰੁਸ਼ਨਾ ਦੇਂਦੀਆਂ
... ਇਹ
ਨਿੱਕੇ-ਨਿੱਕੇ
ਜੁਗਨੂੰਆਂ ਦੀ
ਰੌਸ਼ਨੀ ਮੇਰਾ ਸੂਰਜ
ਬਣਦੀ ਗਈ ... ਤੇ
ਮੇਰੀ ਰੂਹ
ਰੁਸ਼ਨਾਉਂਦੀ ਗਈ
...”
ਰਾਜੀ ਨੂੰ
ਜਾਪਿਆ ਤਾਸ਼ਾ
ਤਸਵੀਰ ਵਿੱਚੋਂ
ਉੱਠ ਕੇ ਉਸਦੀ
ਬੁੱਕਲ ਵਿੱਚ ਆ
ਬੈਠੀ ਸੀ ਤੇ ਨਿੱਕੇ-ਨਿੱਕੇ
ਜੁਗਨੂੰਆਂ ਦੀ
ਰੌਸ਼ਨੀ ਉਸਦੇ
ਅੰਦਰ ਫੈਲ ਰਹੇ
ਹਨੇਰੇ ਨੂੰ ਫਿਰ
ਤੋਂ ਰੁਸ਼ਨਾਉਣ
ਲੱਗ ਪਈ ...।