| ਘਰ | ਪੰਜਾਬ ਵਿਚ ਫੈਲ ਰਹੀ ਅਗਲੀ 'ਲਹਿਰ' | ਸੰਪਰਕ |
|
ਵੀਹਵੀਂ ਸਦੀ ਵਿਚ ਗਦਰੀ ਬਾਬਿਆਂ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਹੋਰਾਂ ਤੋਂ ਲੈ ਕੇ ਆਖਰੀ ਦਹਾਕੇ ਖਤਮ ਹੋਈ ਖਾੜਕੂ ਲਹਿਰ ਤੱਕ ਹਰ ਪੰਦਰਾਂ ਵੀਹ ਸਾਲ ਬਾਅਦ ਪੰਜਾਬ ਵਿਚ ਕੋਈ ਨਾ ਕੋਈ ਰਾਜਨੀਤਕ ਲਹਿਰ ਚੱਲੀ ਹੈ। ਆਜ਼ਾਦੀ ਪਿੱਛੋਂ ਵੀ ਪੰਜਾਬ ਵਿਚ ਮੁਜਾਰਾ ਲਹਿਰ, ਨਕਸਲਾਈਟ ਲਹਿਰ ਤੇ ਅਖੀਰ ਵਿਚ ਖਾੜਕੂ ਲਹਿਰਾਂ ਚੱਲ ਚੁੱਕੀਆਂ ਹਨ। ਇਹ ਵੀ ਇਕ ਇਤਿਹਾਸਕ ਸੱਚ ਹੈ ਕਿ ਜਿਹੜੀ ਲਹਿਰ ਖਤਮ ਹੋਈ, ਉਹ ਮੁੜ ਨਹੀਂ ਉਠੀ। ਹੁਣ ਪੰਜਾਬ ਦੀ ਪਿਛਲੀ ਖਾੜਕੂ ਲਹਿਰ ਸਮੇਂ ਦੀ ਸਿੱਖ ਪਨੀਰੀ-ਜਵਾਨ ਹੋ ਚੁੱਕੀ ਹੈ। ਰਾਜਨੀਤਕ, ਸਮਾਜਿਕ, ਧਾਰਮਿਕ ਤੇ ਆਰਥਿਕ ਮਸਲੇ ਹਮੇਸ਼ਾ ਦੀ ਤਰ੍ਹਾਂ ਹੀ ਕਾਇਮ ਹਨ। ਇਕ ਵਾਰ ਫਿਰ ਨੌਜਵਾਨ ਪੀੜ੍ਹੀ ਦਾ ਕਿਸੇ ਲਹਿਰ ਦੇ ਵਹਿਣ ਵਿੱਚ ਵਹਿ ਜਾਣਾ ਕੁਦਰਤੀ ਵਰਤਾਰਾ ਹੋਵੇਗਾ। ਇਸ ਤੋਰੀ ਫੁਲਕੇ ਵਾਲੀ ਰਾਜਨੀਤੀ ਵਿਚ ਇਸ ਪੀੜ੍ਹੀ ਦੀ ਦਿਲਚਸਪੀ ਨਹੀਂ ਹੈ। ਸੋ ਇਹ ਅਗਲੀ ਯਾਨੀ ਇੱਕੀਵੀਂ ਸਦੀ ਦੀ ਪਹਿਲੀ ਲਹਿਰ ਵੱਖਰੀ ਕਿਸਮ ਦੀ ਹੈ। ਇਹ ਪਿਛਲੇ ਪੰਜ ਕੁ ਸਾਲ ਤੋਂ ਰੁਮਕਣੀ ਸ਼ੁਰੂ ਹੋਈ ਸੀ ਹੁਣ ਸ਼ੂਕਾਂ ਮਾਰਦੀ ਆਪਣੇ ਸਿਖਰ ਵਲ ਵਧ ਰਹੀ ਹੈ। ਉਂਜ ਇਸ ਦੇ ਬੀਜ ਪਹਿਲਾਂ ਹੀ ਪੰਜਾਬ ਦੀ ਜ਼ਰਖੇਜ਼ ਜ਼ਮੀਨ ਵਿਚ ਪਏ ਸਨ। ਜੇ ਪੰਜਾਬ ਸਰਕਾਰ ਅਤੇ ਸੁਹਿਰਦ ਪੰਜਾਬੀ ਇਸ ਨੂੰ ਰੋਕ ਨਾ ਸਕੇ ਤਾਂ ਇਹ ਸਭ ਤੋਂ ਵੱਧ ਘਾਤਕ ਸਾਬਤ ਹੋਵੇਗੀ। ਨੌਜਵਾਨ ਪੀੜ੍ਹੀ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ। ਸ਼ਾਹ ਮੁਹਮਦਾ ਸਦਾ ਨਾ ਰੂਪ ਦੁਨੀਆਂ, ਸਦਾ ਰਹਿਣ ਨਾ ਕਾਲੜੇ ਕੇਸ ਮੀਆਂ। ਫਿਰ ਕਦੀ ਖੁਦ ਨੂੰ ਮਾਰਸ਼ਲ ਕੌਮ ਅਖਵਾ ਕੇ ਫਖਰ ਕਰਨ ਵਾਲੇ ਪੰਜਾਬੀ ਅੰਗਰੇਜ਼ਾਂ ਵੱਲੋਂ ਬਣਾਏ ਅਫੀਮਚੀ ਚੀਨੀਆਂ ਵਰਗੇ ਬਣ ਕੇ ਰਹਿ ਜਾਣਗੇ। ਅੱਜ ਜਵਾਨੀ ਖੁਦਕੁਸ਼ੀ ਕਰਨ ਲਈ ਤਿਆਰ ਹੈ। ਦੇਸ਼ ਦਾ ਭਵਿੱਖ ਕਹਾਉਂਦਾ ਨੌਜਵਾਨ ਫਿਰ ਭਟਕਣ ਦਾ ਸਿ਼ਕਾਰ ਹੈ। ਸ਼ਾਹ ਮੁਹੰਮਦਾ ਰਾਹ ਨਾ ਕੋਈ ਲੱਭੇ ਕਿੱਥੇ ਚੱਲੀਏ ਘੱਤ ਵਹੀਰ ਮੀਆਂ। ਪੰਜਾਬ ਵਿਚ 30 ਲੱਖ ਦੇ ਕਰੀਬ ਨੌਜਵਾਨ ਬੇਰੂਜਗਾਰ ਹਨ। ਉਹ ਨਿਰਾਸ਼ਾ ਕਾਰਨ ਨਸ਼ੇ ਕਰਨ, ਲੜਾਈਆਂ ਕਰਨ ਅਤੇ ਨੱਚਣ ਟੱਪਣ ਵੱਲ ਹੀ ਰੁਚਿਤ ਹੋ ਰਹੇ ਹਨ। ਹੀਰੇ ਹਿਕਮਤਾਂ ਨਾਲ ਨਾ ਹੋਣ ਮਿੱਠੇ ਕਰੀਏ ਯਤਨ ਜੇ ਤੂੰਬਿਆਂ ਕੌੜਿਆਂ ਨੂੰ। ਖੇਤੀ ਵਿਚ ਲੁਕੀ ਛਿਪੀ ਬੇਰੁਜਗਾਰੀ ਮੌਜੂਦ ਹੈ, ਉਪਰੋਂ ਖੇਤੀ ਘਾਟੇ ਵਾਲਾ ਕਿੱਤਾ ਬਣ ਗਈ ਹੈ। ਦਿਹਾੜੀਦਾਰਾਂ ਨੂੰ ਲੰਙੇ ਡੰਗ ਰੁਜ਼ਗਾਰ ਮਿਲਦਾ ਹੈ। ਬੇਰੁਜਗਾਰੀ ਤੇ ਗਰੀਬੀ ਸਕੀਆਂ ਭੈਣਾਂ ਹਨ। ਨੌਜਵਾਨ ਰੁਜਗਾਰ ਦੀ ਭਾਲ ਵਿਚ ਹਰ ਜਾਇਜ਼-ਨਾਜਾਇਜ਼ ਢੰਗ ਨਾਲ ਵਿਦੇਸ਼ਾਂ ਨੂੰ ਦੌੜ ਰਹੇ ਹਨ। ਕੁਝ ਸਮੇਂ ਲਈ ਪੰਜਾਬ ਆਏ ਪਰਵਾਸੀਆਂ ਵਲੋਂ ਆਪਣੀ ਅਮੀਰੀ ਅਤੇ ਐਸ ਨਾਲ ਜੀਵੀ ਜਾ ਰਹੀ ਜਿੰਦਗੀ ਦੀਆਂ ਕਲਪਤ ਕਹਾਣੀਆਂ ਸੁਣ ਕੇ ਸਾਡੀ ਨੌਜਵਾਨ ਸਿੱਖ ਪੀੜ੍ਹੀ ਦਰਖਤਾਂ ਤੋਂ ਡਾਲਰ ਤੋੜ ਕੇ ਲਿਆਉਣ ਦੇ ਸੁਪਣੇ ਹੀ ਨਹੀਂ ਦੇਖਦੇ ਸਗੋਂ ਮੇਮਾਂ ਨਾਲ ਜਿੰਦਗੀ ਜੀਉਣ ਦੀ ਕਲਪਲਾ ਵੀ ਕਰਦੇ ਹਨ। ਪੰਜਾਬੀਆਂ ਦੀ ਇਹ ਭੁੱਖ ਸ਼ਾਹ ਮੁਹੰਮਦ ਨੇ ਢਾਈ ਸੌ ਸਾਲ ਪਹਿਲਾਂ ਹੀ ਲਿਖ ਦਿੱਤੀ ਸੀ ਜਦੋਂ ਸਿੱਖ ਫੌਜੀ ਲੜਾਈ ਤੋਂ ਪਹਿਲਾਂ ਸੋਚਦੇ ਹਨ ਕਿ ਪਿਛੋਂ ਵੜਾਂਗੇ ਉਹਨਾਂ ਦੇ ਸਤਰ-ਖਾਨੇ (ਜ਼ਨਾਨਖਾਨਾ), ਬੰਨ੍ਹ ਲਿਆਵਾਂਗੇ ਉਨ੍ਹਾਂ ਦੀਆਂ ਗੋਰੀਆਂ ਨੀ। ਸ਼ਾਹ ਮੁਹੰਮਦਾ ਲਵਾਂਗੇ ਫੇਰ ਕੰਠੇ, ਤਿੱਲੇਦਾਰ ਜੋ ਰੇਸ਼ਮੀ ਡੋਰੀਆਂ ਨੀ। ਨਵੀਂ ਪੀੜ੍ਹੀ ਵਿਚ ਅਸੁਰੱਖਿਆ ਦੀ ਭਾਵਨਾ ਘਰ ਕਰ ਗਈ ਹੈ। ਉਹ ਮਾਨਸਿਕ ਤਣਾਅ ਕਾਰਨ ਡਿਪਰੈਸ਼ਨ ਦਾ ਸਿ਼ਕਾਰ ਹਨ। ਪੰਜਾਬ ਵਿਚ ਧਰਤੀ ਦੇਸ਼ ਦਾ ਡੇਢ ਫੀਸਦੀ ਤੇ ਟਰੈਕਟਰ ਪੱਚੀ ਫੀਸਦੀ ਹਨ। ਇੰਜ ਹੱਥੀਂ ਕੰਮ ਕਰਨ ਵਾਲੇ ਨੌਜਵਾਨ ਵਿਹਲੜ ਤੇ ਆਲਸੀ ਹੋ ਗਏ ਹਨ। ਹੱਥੀਂ ਕੰਮ ਕਰਨ ਦੀ ਥਾਂ ਹੁਣ ਭਈਆਂ ਤੋਂ ਖੇਤੀ ਕਰਵਾਈ ਜਾਂਦੀ ਹੈ। ਸਿੱਖ ਪੰਜਾਬ ਛਡ ਕੇ ਵਦੇਸ਼ਾਂ ਨੂੰ ਦੌੜ ਰਹੇ ਹਨ ਅਤੇ ਭਈਏ ਪੰਜਾਬ ਵੱਲ ਵਹੀਰਾਂ ਘੱਤੀ ਆ ਰਹੇ ਹਨ। ਵਾਢੀ ਦਾ ਕੰਮ ਕੰਬਾਈਨਾਂ ਕਰਦੀਆਂ ਹਨ। ਗੋਡੀ ਕਰਨ ਦੀ ਥਾਂ ਨਦੀਨ ਨਾਸ਼ਕ ਦਵਾਈ ਛਿੜਕ ਕੇ ਵਿਹਲੇ ਘੁੰਮਦੇ ਹਨ। ਮਾਰਕੀਟਿੰਗ ਨਾ ਹੋਣ ਕਾਰਨ ਫਸਲੀ ਚੱਕਰ ਟੁੱਟ ਨਹੀਂ ਰਿਹਾ। ਪੁਰਾਣੇ ਰਵਾਇਤੀ ਕਿੱਤੇ ਛੁੱਟ ਗਏ ਹਨ। ਵਿਆਹਾਂ, ਮਰਨਿਆਂ-ਪਰਨਿਆਂ ਤੇ ਵਿਖਾਵੇ ਦੀ ਹਊਮੈ ਕਾਰਨ ਸਿੱਖ ਸਮਾਜਿਕ ਤੇ ਆਰਥਿਕ ਨਿਘਾਰ ਦਾ ਸਿ਼ਕਾਰ ਹੋ ਗਿਆ ਹੈ। ਆਰਥਿਕ ਤੰਗੀਆਂ ਅਤੇ ਸੌਖੀ ਕਮਾਈ ਦੇ ਲਾਲਚ ਵੱਸ ਦਾਜ ਦਹੇਜ ਦੀ ਮੰਗ ਵਧ ਰਹੀ ਹੈ। ਵਾਰਸ ਸ਼ਾਹ ਲੀੜਾ ਜਿਤਨਾ ਕੋਲ ਹੋਵੇ ਉਤਨੇ ਵੇਖ ਕੇ ਪੈਰ ਪਸਾਰੀਏ ਨੀ। ਸਮਾਜਿਕ ਰਿਸ਼ਤਿਆਂ ਵਿਚ ਤਬਦੀਲੀ ਕੁਦਰਤੀ ਅਮਲ ਹੈ। ਪਰ ਇਹ ਵਿਕਾਸ ਦੀ ਥਾਂ ਵਿਨਾਸ਼ ਦੇ ਰਾਹ ਪੈ ਗਈ ਹੈ। ਡੋਲਦੀ ਜਿ਼ੰਦਗੀ ਤੇ ਡੋਲਦੇ ਕਦਮਾਂ ਨਾਲ ਇੰਜ ਸਿੱਖ ਨੌਜਵਾਨ ਪੀੜ੍ਹੀ ਸਮਾਜ ਪ੍ਰਤੀ ਅਸਲੋਂ ਹੀ ਲਾਪ੍ਰਵਾਹ ਹੁੰਦੀ ਜਾ ਰਹੀ ਹੈ। ਅਕਸਰ ਸਮਝਾਉਣ 'ਤੇ ਉਹ ਕਹਿੰਦੀ ਹੈ, ਕਿਹੜੀ ਗੱਲ ਤੋਂ ਪਰਖਦਾ ਏਂ ਚੂੰਡਾ ਡੋਰੀ ਮੇਰੇ ਮਾਪਿਆਂ ਦੀ। ਖੇਡਾਂ ਦੀ ਥਾਂ ਨੱਚਣ ਗਾਉਣ ਦੇ ਮੇਲਿਆਂ ਨੇ ਲੈ ਲਈ ਹੈ। ਮੁੰਡੇ ਕੰਨ ਵਿੰਨ੍ਹਾਂ ਕੇ ਨੱਤੀਆਂ ਪਾਉਣ ਲੱਗੇ ਹਨ। ਟਿਲੇ ਜਾਇ ਕੇ ਜੋਗੀ ਦੇ ਹੱਥ ਜੋੜੇ ਸਾਨੂੰ ਆਪਣਾ ਕਰੋ ਫਕੀਰ ਸਾਈਂ। ਇਹ ਇੱਕ ਅਜਿਹੀ ਪੀੜ੍ਹੀ ਹੈ ਜਿਸ ਕੋਲ ਦਿਸ਼ਾ ਜਾਂ ਰਾਹ ਨਹੀਂ ਸਿਰਫ ਚਾਰੋਂ ਪਾਸੇ ਫੈਲੀ ਉਪਰਾਮਤਾ ਹੈ। ਇਹ ਗੱਲ ਕੁਝ ਇਕ ਭ੍ਰਿਸ਼ਟ ਸਿਆਸਤਦਾਨਾਂ ਦੇ ਹਿੱਤ ਦੀ ਤਾਂ ਹੋ ਸਕਦੀ ਹੈ ਪਰ ਸਿੱਖ ਧਰਮ ਦੇ ਉੱਕਾ ਹੀ ਨਹੀਂ। ਵਿਹਲੜ ਲੋਕੀਂ ਡੇਰਿਆਂ ਤੇ ਬਾਬਿਆਂ ਵੱਲ ਵਹੀਰਾਂ ਘੱਤ ਕੇ ਵਕਤ ਲੰਘਾ ਰਹੇ ਹਨ। ਅੱਗੋਂ ਉਹ ਲੋਕੀਂ ਖੁਦ ਭੁੱਕੀ ਤੇ ਸ਼ਰਾਬ ਪੀਣ ਵਾਲੇ ਹਨ ਤੇ ਭਟਕੀ ਹੋਈ ਨੌਜਵਾਨ ਪੀੜ੍ਹੀ ਇਨ੍ਹਾਂ ਥਾਂਵਾਂ ਨੂੰ ਰੁੱਝੇ ਰਹਿਣ ਲਈ ਪਨਾਹਗਾਹ ਸਮਝ ਰਹੀ ਹੈ। ਇਨ੍ਹਾਂ ਦੇ ਸਿਰ 'ਤੇ ਡੇਰੇ ਤੇ ਬਾਬੇ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਹੇ ਹਨ ਤੇ ਵਿਗਿਆਨ ਦੇ ਇਸ ਯੁੱਗ ਵਿੱਚ ਬਦਲੇ 'ਚ ਅੰਧ ਵਿਸ਼ਵਾਸ ਫੈਲਾ ਰਹੇ ਹਨ। ਸਮਾਜ ਵਿਚਲੇ ਮਾਨਸਿਕ ਤਣਾਅ ਤੋਂ ਉਨ੍ਹਾਂ ਨੂੰ ਖੂਬ ਕਮਾਈ ਹੋ ਰਹੀ ਹੈ। ਰਾਖਾ ਮਾਲ ਦਾ ਧਾੜਵੀ ਰਖਿਓ ਨੇ ਚੋਰ ਸਦਿਆ ਖੋਜ ਲਗਾਵਣੇ ਨੂੰ । ਬਾਬੇ ਨਾਨਕ ਦਾ ਕਿਰਤ ਕਰੋ, ਵੰਡ ਛਕੋ, ਨਾਮ ਜਪੋ ਦੇ ਸੰਦੇਸ਼ ਵਿਦੋਂ ਪਹਿਲਾ ਪੰਜਾਬ 'ਚੋਂ ਤਕਰੀਬਨ ਗਾਇਬ ਹੀ ਹੈ। ਪਰ ਜੋ ਇਥੇ ਪੰਜਾਬ ਵਿੱਚ ਡੱਕਾ ਦੂਹਰਾ ਕਰਨ ਲਈ ਤਿਆਰ ਨਹੀਂ, ਉਹੀ ਨੌਜਵਾਨ ਵਿਦੇਸ਼ੀਂ ਰੁਲਦੇ ਓਵਰ ਟਾਈਮ ਲਾ ਕੇ ਦਿਹਾੜੀਆਂ ਕਰਦੇ ਹੱਡ ਭੰਨਵੀਂ ਮਿਹਨਤ ਕਰਦੇ ਹਨ। ਵਿਦੇਸ਼ਾਂ ਵਿੱਚ ਮਜਦੂਰੀ ਲਈ ਉਹ ਜਾਨ ਤੱਕ ਨੂੰ ਦਾਅ ਤੇ ਲਾ ਦਿੰਦੇ ਹਨ। ਸਵੈਰੋਜ਼ਗਾਰੀ ਵਿਚ ਛੋਟੇ-ਮੋਟੇ ਧੰਦੇ, ਜਿਵੇਂ ਡੇਅਰੀ ਖੁਲ੍ਹਣੀ, ਮੱਛੀ ਤੇ ਮੁਰਗੀ ਪਾਲਣੀ ਤੇ ਨਿੱਕੀ ਮੋਟੀ ਦੁਕਾਨਦਾਰੀ ਵਿਚ ਨੌਜਵਾਨਾਂ ਦੀ ਦਿਲਚਸਪੀ ਨਹੀਂ ਹੈ ਕਿਉਂਕਿ ਮਾਰਕੀਟਿੰਗ ਦਾ ਸੁਯੋਗ ਪ੍ਰਬੰਧ ਨਾਲ ਹੋਣ ਕਾਰਨ ਇਹ ਧੰਦੇ ਜੇ ਘਾਟੇ ਵਾਲੇ ਨਹੀਂ ਤਾਂ ਮਾਮੂਲੀ ਆਮਦਨੀ ਵਾਲੇ ਹਨ। ਸੋ ਉਹ ਸੋਖੀ ਕਮਾਈ, ਯਾਨੀ ਸਰਕਾਰੀ ਨੌਕਰੀਆਂ ਦੀ ਹੀ ਉਠਦੇ ਬੂੱਲ੍ਹ ਡਿੰਗਣ ਵਾਂਗ ਉਡੀਕ ਕਰਦੇ ਹਨ। ਪਲੇ ਦਾਮ ਨਹੀਂ ਦਿਆਂ ਹਾਕਮਾਂ ਨੂੰ ਨਾ ਕੋਈ ਮਾਮਲਾ ਅਤੇ ਨਾ ਜੋਗ ਹੈ ਨੀ। ਨਾਨਕ ਦੀ ਦੂਜੀ ਸਿੱਖਿਆ ਵੰਡ ਛਕਣ ਦਾ ਮਤਲਬ ਰਿਸ਼ਵਤ ਤੇ ਖੋਹ ਖਿੰਝੀ ਰਾਸ਼ੀ ਨੂੰ ਵੰਡ ਕੇ ਛਕਣ ਦੀ ਆਦਤ ਸਾਡੇ ਕੁਝ ਕੁ ਸਿਆਸਤਦਾਨਾਂ ਨੇ ਸਿਖਾ ਦਿੱਤੀ ਹੈ। ਪੰਜਾਬੀਆਂ ਲਈ ਪੇਸ਼ੇਵਰ ਧੰਦੇ ਡਰਾਇਵਰੀ ਅਤੇ ਫੌਜ 'ਚ ਭਰਤੀ ਵੀ ਹੁਣ ਰੁਜ਼ਗਾਰ ਦੇਣੋਂ ਅਸਮਰਥ ਹੈ। ਹਰ ਕਸਬੇ ਵਿਚ ਟੈਕਸੀ ਸਟੈਂਡ ਬਣ ਗਏ ਹਨ ਪਰ ਕੰਮ ਘੱਟ ਹੈ। ਬਸ ਅੱਡਿਆਂ ਉੱਤੇ ਖੁਲੀਆਂ ਹੋਈਆਂ ਹਰ ਕਿਸਮ ਦੀਆਂ ਦੁਕਾਨਾਂ ਫੇਲ੍ਹ ਹੋ ਚੁੱਕੀਆਂ ਹਨ। ਬਾਬੇ ਨਾਨਕ ਦੀ ਸਿੱਖਿਆ ਨਾਮ ਜਪੋ ਮੂਲੋਂ ਹੀ ਘਟ ਗਈ ਹੈ ਕਿਉਂਕਿ ਨਾਲ ਜਪੋ ਦੀ ਸਿੱਖਿਆ ਦੇਣ ਵਾਲੇ ਬਾਬੇ ਤੇ ਧਾਰਮਿਕ ਆਗੂ ਸਿਖਾ ਰਹੇ ਹਨ ਕਿ 'ਤੁਸੀਂ ਨਾਮ ਜਪੋ ਅਸੀਂ ਤੁਹਾਡੀ ਸ਼ਰਧਾ ਦੇ ਪੈਸੇ ਨਾਲ ਐਸ ਕਰਾਂਗੇ।' ਇਸੇ ਹੀ ਐਸ ਲਈ ਉਹ ਪੰਜਾਬ ਵਿਚ ਰਹਿੰਦੀ ਖੁੰਹਦੀ ਸਿੱਖੀ ਨੂੰ ਬਚਾਉਣ ਦੀ ਥਾਂ ਵਿਦੇਸ਼ਾਂ ਦੇ ਦੌਰੇ ਕਰਦੇ ਹਨ। ਜਦੋਂ ਆਪਣੇ ਹੀ ਘਰ ਵਿਚੋਂ ਸਿੱਖੀ ਗਾਇਬ ਹੈ ਫਿਰ ਬਾਹਰ ਦਾ ਪ੍ਰਚਾਰ ਕਿੰਨਾ ਕੁ ਰੰਗ ਦਿਖਾਏਗਾ। ਏਥੇ ਆਇਆਂ ਨੂੰ ਦੁਨੀਆਂ ਮੋਹ ਲੈਂਦੀ, ਦਗੇਬਾਜ਼ ਦਾ ਧਾਰ ਕੇ ਭੇਸ ਮੀਆਂ। ਪਹਿਲਾਂ ਕਦੀ ਕਿਸੇ ਬਾਬੇ ਜਾਂ ਧਾਰਮਿਕ ਆਗੂ ਨੂੰ ਗੰਨਮੈਨਾਂ ਦੀ ਲੋੜ ਨਹੀਂ ਸੀ ਪੈਂਦੀ। ਹੁਣ ਉਹ ਬੰਦੂਕਾਂ ਨਾਲ ਕਬਜੇ ਲੈਂਦੇ ਹਨ। ਨਾਮ ਜਪਣ ਦਾ ਕੰਮ ਬੁੱਢੇ ਠੇਰੇ ਹੀ ਕਰਦੇ ਹਨ। ਨੌਜਵਾਨਾਂ ਵਿਚ ਨੈਤਿਕ ਕਦਰਾਂ ਕੀਮਤਾਂ ਅਲੋਪ ਹੋ ਰਹੀਆਂ ਹਨ। ਹਰ ਪਿੰਡ ਦੀ ਸੱਥ ਵਿਚ ਕੰਮ ਸਮੇਂ ਵੀਹ ਵੀਹ ਆਦਮੀ ਤਾਸ਼ ਖੇਡਦੇ ਮਿਲਦੇ ਹਨ। ਪੰਜਾਬ ਦੀ ਬੇਰੁਜ਼ਗਾਰੀ ਅਤੇ ਵਿਹਲੇ ਰਹਿ ਕੇ ਕੰਮ ਨਾ ਕਰਨ ਦੀ ਆਦਤ ਤੇ ਉਤੋਂ ਵੋਟਾਂ ਵੇਲੇ ਦੀਆਂ ਮੌਜਾਂ ਨੇ ਲੋਕਾਂ ਨੂੰ ਉਡੀਕਣ ਲਾ ਦਿੱਤਾ ਹੈ ਕਿ ਕਿਸੇ ਵੀ ਕਿਸਮ ਦੀ ਕੋਈ ਚੋਣ ਕਦੋਂ ਆਵੇ ਤੇ ਉਹ ਪੰਦਰਾਂ ਦਿਨ ਭੁੱਕੀ, ਸ਼ਰਾਬ ਦੀ ਬਰਕਤ ਦੇ ਨਾਲ ਗੱਡੀਆਂ 'ਤੇ ਝੂਟੇ ਲੈ ਸਕਣ। ਦਿਲਚਸਪ ਗੱਲ ਇਹ ਹੈ ਕਿ ਲੋਕਰਾਜ ਦੀ ਆਡ ਵਿਚ ਦੇਸ਼ ਚੋਣ ਵਾਦ ਦਾ ਸਿ਼ਕਾਰ ਹੋ ਚੁੱਕਾ ਹੈ ਅਤੇ ਹਰ ਛੇ ਮਹੀਨਿਆਂ ਪਿੱਛੋਂ ਕੋਈ ਨਾਂ ਕੋਈ ਚੋਣ ਆਈ ਹੀ ਰਹਿੰਦੀ ਹੈ। ਸਿਆਸਤ ਨੇ ਨੌਜਵਾਨਾਂ ਨੂੰ ਮੁਫਤਖੋਰੇ ਤੇ ਵੱਧ ਤੋਂ ਵੱਧ ਸਹੂਲਤਾਂ ਦੇ ਸਬਜ਼ਬਾਗ ਵੇਖਣ ਵਾਲੇ ਬਣਾ ਦਿੱਤਾ ਹੈ। ਲੋਕੀਂ ਉਸ ਉਮੀਦਵਾਰ ਦੀ ਆਸ ਕਰਦੇ ਹਨ ਜੋ ਚੰਗਾ ਖਰਚਾ ਕਰ ਸਕਦਾ ਹੋਵੇ। ਸਰਪੰਚੀ ਪੰਜ ਲੱਖ, ਵਿਧਾਨ ਸਭਾ ਦੋ ਕਰੋੜ ਅਤੇ ਸੰਸਦ ਦੀ ਚੋਣ ਖਰਚਾ ਪਦਰਾਂ ਕਰੋੜ ਹੋਣ ਲੱਗਾ ਹੈ। ਪੁਰਾਣਾ ਸਭਿਆਚਾਰ ਸਾਂਝੇ ਪਰਿਵਾਰ, ਆਪਸੀ ਭਾਈਚਾਰਾ ਤੇ ਸ਼ਰੀਕਾ ਕਬੀਲਾ ਇਤਿਹਾਸਕ ਕਿਤਾਬਾਂ/ਲਿਖਤਾਂ ਵਿਚ ਹੀ ਰਹਿ ਗਿਆ ਹੈ ਜਿਸ ਨੂੰ ਨੌਜਵਾਨ ਪੀੜ੍ਹੀ ਪੜ੍ਹਦੀ ਹੀ ਨਹੀਂ। ਇਲੈਕਟਰਾਨਿਕ ਮੀਡੀਆ, ਨੰਗੀਆਂ ਫਿਲਮਾਂ ਤੇ ਪੱਛਮੀ ਤਰਜ ਦੇ ਨੰਗੇ ਨਾਚ ਗਾਣਿਆਂ ਨੇ ਸਾਡੀ ਸਿੱਖ ਨੌਜਵਾਨ ਪੀੜ੍ਹੀ ਨੂੰ ਦੋਰਾਹੇ 'ਤੇ ਖੜ੍ਹਾ ਕੀਤਾ ਹੈ। ਸਕੂਲਾਂ ਵਿਚ ਗੁਰੂ-ਚੇਲੇ ਵਾਲਾ ਰਿਸ਼ਤਾ ਖਤਮ ਹੋ ਗਿਆ ਹੈ। ਵਿਦਿਅਕ ਨਿਘਾਰ ਕਾਰਨ ਨੌਜਵਾਨ ਬੌਧਿਕ ਤੇ ਮਾਨਸਿਕ ਯੋਗਤਾਂ ਤੋਂ ਊਣੇ ਰਹਿ ਗਏ ਹਨ। ਅਧਿਆਪਕ ਸਕੂਲੋਂ ਗੈਰ-ਹਾਜਰ ਹੁੰਦੇ ਹਨ। ਜਿਸ ਕੌਮ ਦਾ ਸਭਿਆਚਾਰ, ਸਮਾਜਿਕ ਕਦਰਾਂ ਕੀਮਤਾਂ ਦਾ ਮੋਢਾ ਖਿਸਕ ਜਾਵੇ ਉਹ ਸਭਿਅਤਾ ਕੁਦਰਤੀ ਢਹਿ ਜਾਂਦੀ ਹੈ। ਨਤੀਜੇ ਵਜੋਂ ਨਿਰਾਸਾ ਦੇ ਇਸ ਦੌਰ ਵਿਚ ਪੰਜਾਬ ਵਿਚ ਲੋਕਤੰਤਰ ਤੋਂ ਤਕੜਾ ਨਸਾਤੰਤਰ ਹੋ ਗਿਆ ਹੈ। ਸਮੈਕ, ਅਫੀਮ, ਪੋਸਤ, ਚਰਸ, ਸ਼ਰਾਬ, ਗਾਂਜਾ, ਫੈਂਸੀਡਰਿੱਲ, ਨਸ਼ੀਲੀਆਂ ਗੋਲੀਆਂ, ਕੈਪਸੂਲ ਅਤੇ ਨਸ਼ੇ ਦੇ ਟੀਕਿਆਂ ਦੀ ਵਰਤੋਂ ਮੁੰਡੇ ਹੀ ਨਹੀਂ, ਕੁੜੀਆਂ ਵੀ ਕਰਨ ਲੱਗੀਆਂ ਹਨ। ਇਹ ਲਾਹਣਤ ਸਕੂਲੀ ੀਬੱਚਿਆਂ ਤੱਕ ਫੈਲ ਚੁੱਕੀ ਹੈ। ਸਿਹਤ ਮੰਤਰੀ ਨੇ ਪਿਛਲੇ ਸਾਲ ਕਿਹਾ ਸੀ ਕਿ ਪੰਜਾਬ ਵਿਚ 80 ਫੀਸਦੀ ਮੁੰਡੇ ਨਸਿ਼ਆਂ ਦੇ ਸਿ਼ਕਾਰ ਹਨ। ਪੰਜਾਬ ਸ਼ਰਾਬ ਦੇ ਦਰਿਆ ਵਿਚ ਤੈਰ ਰਿਹਾ ਹੈ। ਪੰਜਾਬ ਸਰਕਾਰ ਨੂੰ ਸ਼ਰਾਬ ਦੇ ਠੇਕਿਆਂ ਤੋਂ ਹੀ 1350 ਕਰੋੜ ਰੁਪਏ ਦੀ ਆਮਦਨ ਹੈ ਕਿਉਂਕਿ ਇਹ ਸੂਬਿਆਂ ਦੀ ਆਮਦਨ ਦਾ ਵੱਡਾ ਸਾਧਨ ਹੈ। ਸਾਲ ਵਿਚ ਅਠਾਰਾਂ ਕਰੋੜ ਬੋਤਲਾਂ ਸ਼ਰਾਬ ਪੀਤੀ ਜਾਂਦੀ ਹੈ। ਘਰ ਦੀ ਕੱਢੀ ਜਾਂਦੀ ਇਸ ਤੋਂ ਵੱਖਰੀ ਹੈ। ਸਮਗਲਰ ਅਤੇ ਠੇਕੇਦਾਰ ਲੋਕ ਹਜ਼ਾਰਪਤੀਆਂ ਤੋਂ ਸਿੱਧੇ ਕਰੋੜਪਤੀ ਬਣ ਰਹੇ ਹਨ। ਇਸ ਵਿਚ ਕੁਝ ਪੁਲੀਸ ਮੁਲਾਜ਼ਮ ਵੀ ਸ਼ਾਮਲ ਹਨ। ਇਸ ਸਾਲ ਜਿਸ ਥਾਣੇ ਤੇ ਹੀ ਵਿਜੀਲੈਂਸ ਵਾਲਿਆਂ ਨੇ ਛਾਪਾ ਮਾਰਿਆ ਹੈ ਉਸੇ ਥਾਣੇਦਾਰ ਦੇ ਰਿਹਾਇਸ਼ੀ ਕੁਆਰਟਰ 'ਚੋਂ ਭੂੱਕੀ ਅਤੇ ਅਫੀਮ ਬਰਾਮਦ ਹੋਈ ਹੈ। ਪਿੰਡਾਂ ਤੇ ਕਸਬਿਆਂ ਵਿਚ ਨੌਜਵਾਲ ਕੈਮਿਸਟਾਂ ਦੀਆਂ ਦੁਕਾਨਾਂ ਤੇ ਨਸੀਲੀਆਂ ਗੋਲੀਆਂ, ਟੀਕਿਆਂ ਲਈ ਮਡਰਾਉਂਦੇ ਰਹਿੰਦੇ ਹਨ। ਪੈਸਾ ਖੋਟਾ ਆਪਣਾ, ਬਾਣੀਏ ਦਾ ਕੀ ਦੋਸ਼। ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਕਾਰਨ ਸਿੱਖ ਨੌਜਵਾਨਾਂ ਨੂੰ ਨਿਰਾਸ਼ ਭਟਕਣਾ ਹੀ ਹੱਥ ਲੱਗ ਰਹੀ ਹੈ। ਵਾਰ-ਵਾਰ ਹੁੰਦੀਆਂ ਚੋਣਾਂ ਨੇ ਉਨ੍ਹਾਂ ਨੂੰ ਨਸ਼ਈ/ਅਮਲੀ ਬਣਾ ਦਿੱਤਾ ਹੈ। ਬਹੁਤੇ ਸਿਆਸੀ ਆਗੂ ਉਨ੍ਹਾਂ ਨੂੰ ਸੱਤਾ ਦੀ ਦੌੜ ਵਿਚ ਨਾਲ ਤੋਰਨ ਲਈ ਗੁੰਮਰਾਹਕੁਨ ਭੁਮਿਕਾ ਨਿਭਾਅ ਰਹੇ ਹਨ ਕਿਉਂਕਿ ਸਿਆਸਤ ਵਿਚ ਦਿਮਾਗ ਹੁੰਦਾ ਹੈ, ਦਿਲ ਨਹੀਂ। ਸੌੜੀ ਸਿੱਖ ਰਾਜਨੀਤੀ ਨੇ ਸਾਰੇ ਪੰਜਾਬ ਨੂੰ ਆਰਥਿਕ ਤੇ ਸਮਾਜਿਕ ਪਛੜੇਵੇਂ ਦੀ ਦਲਦਲ ਵਿਚ ਧੱਕ ਦਿੱਤਾ ਹੈ। ਚੰਗੇ ਜਿਨ੍ਹਾਂ ਦੇ ਸਿਰਾਂ ਦੇ ਮੋਏ ਵਾਲੀ, ਖੁਲ੍ਹੇ ਵਾਲੇ ਤੇ ਫਿਰਨ ਵਿਚਾਰੀਆਂ ਨੀ। ਹੁਣ ਸਵਾਲ ਹੈ ਕਿ ਕੀ ਨਸਿ਼ਆਂ ਦੇ ਹੜ੍ਹ ਵਿਚ ਵਹਿ ਰਹੀ ਨੌਜਵਾਨ ਪੀੜ੍ਹੀ ਨੂੰ ਮੋੜਿਆ ਜਾ ਸਕਦਾ ਹੈ? ਇਹ ਕਿਸੇ ਇਕੱਲੇ ਵਿਅਕਤੀ, ਜਥੇਬੰਦੀਆਂ ਜਾਂ ਸਰਕਾਰ ਦੇ ਵੱਸੋਂ ਬਾਹਰੀ ਹੁੰਦੀ ਜਾ ਰਹੀ ਗੱਲ ਪ੍ਰਤੀਤ ਹੁੰਦੀ ਹੈ। ਚੋਣ ਸੁਧਾਰਾਂ ਰਾਹੀਂ ਵਾਰ ਵਾਰ ਹੋਣ ਵਾਲੀਆਂ ਛੋਟੀਆਂ ਮੋਟੀਆਂ ਚੋਣਾਂ ਨੂੰ ਘੱਟ ਕਰਨ ਦੀ ਲੋੜ ਹੈ।ਸਿੱਖੀ ਲਈ ਪ੍ਰਤੀਬੱਧ ਅਤੇ ਪੜ੍ਹੇ ਲਿਖੇ ਵਿਅਕਤੀਆਂ ਦੀ ਚੋਣ ਲਈ ਰਾਹ ਪੱਧਰਾ ਕਰਨ ਦੀ ਲੋੜ ਹੈ। ਉਤਰ ਕਾਟੋ, ਮੈਂ ਚੜ੍ਹਾਂ ਵਾਲੀ ਰਾਜਨੀਤੀ ਭਟਕੀ ਹੋਈ ਜਵਾਨੀ ਨੂੰ ਨਵੀਂ ਸੇਧ ਦੇਣ ਤੇ ਵਿਕਾਸ ਦੇ ਰਾਹ ਪਾਉਣ ਤੋਂ ਅਸਮਰਥ ਹੈ। ਪਰ ਵਰਮੀ ਮਾਰੀ ਸਾਪ ਨ ਮਰਈਆ। ਸਮਾਜਿਕ ਜਥੇਬੰਦੀਆਂ ਧਾਰਮਿਕ ਪ੍ਰਚਾਰ, ਵਿਗਿਆਨਕ ਸੋਚ ਅਤੇ ਅਗਾਹਵਧੂ ਪ੍ਰਚਾਰ ਨਾਲ ਹੀ ਇਸ ਆ ਰਹੀ ਹਨੇਰੀ ਨੂੰ ਠੱਲ੍ਹਿਆ ਜਾ ਸਕਦਾ ਹੈ। ਨੌਜਵਾਨਾਂ ਵਿਚ ਸਿੱਖੀ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਕੇ ਉਨ੍ਹਾਂ ਨੂੰ ਆਪਣੇ ਵਿਰਸੇ ਤੋਂ ਜਾਣੂੰ ਕਰਾਉਣ ਦੀ ਲੋੜ ਹੈ। ਸਮਾਜਿਕ ਰਸਮਾਂ ਸਮੇਂ ਫੋਕੀ ਅਮੀਰੀ ਦਾ ਵਿਖਵਾ ਕਰਨ ਦੀ ਰੁਚੀ, ਘੋਰ ਨਿਰਾਸ਼ਾ ਹੀ ਫੈਲਾਉਦੀ ਹੈ, ਇਸ ਨੂੰ ਬੰਦ ਕਰਣ ਲਈ ਸਰਕਾਰੀ, ਅਰਧ ਸਰਕਾਰੀ ਅਤੇ ਪੰਚਾਇਤੀ ਪੱਧਰ 'ਤੇ ਸਾਂਝੇ ਯਤਨਾਂ ਦੀ ਲੋੜ ਹੈ। ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਜਨਤਕ ਥਾਵਾਂ 'ਤੇ ਸਿਗਰਟ ਪੀਣ ਦੀ ਮਨਾਹੀ ਕੀਤੀ ਜਾਵੇ। ਜੇ ਸਰਦੀ ਆਉਂਦੀ ਹੈ ਤਾਂ ਬਸੰਤ ਵੀ ਦੂਰ ਨਹੀਂ ਹੋ ਸਕਦੀ। ਪਰ ਜੇ ਇਹ ਨਸ਼ੀਲੀ ਲਹਿਰ ਨਾ ਰੋਕੀ ਗਈ ਤਾਂ ਨਵੀਂ ਸਿੱਖ ਪੀੜ੍ਹੀ ਅਗਲੀ ਨਸ਼ੀਲੀ, ਬੇਗਾਨਗੀ, ਲਾਪਰਵਾਹੀ ਅਤੇ ਦਿਸ਼ਾਹੀਨ ਕਿਸਮ ਦੀ ਲਹਿਰ ਵੱਲ ਤੇਜ਼ੀ ਨਾਲ ਵਧ ਰਹੀ ਹੈ ਤੇ ਇਹ ਪਿਛਲੀਆਂ ਸਭ ਲਹਿਰਾਂ ਤੋਂ ਵੱਧ ਪੰਜਾਬ ਦੀ ਬਰਬਾਦੀ ਕਰੇਗੀ।
![]() |
| © sanjhamarg.com |