ਭਾਰਤ ਹੀ ਇਕ ਦੇਸ਼ ਹੈ ਜਿੱਥੇ ਪਾਣੀ ਵੇਚਣ ਦੋਧੀ
ਸਿੱਖ, ਹਿੰਦੂ ਜਾਂ ਮੁਸਲਮ ਹੋਵੇ ਜਾਂ ਕੋਈ ਹੋਵੇ ਬੋਧੀ
ਜ਼ਾਤ ਧਰਮ ਦੇ ਨਾਂ ‘ਤੇ ਲੜਦੇ ਬੰਦੇ ਰੋਜ਼ ਕ੍ਰੋਧੀ
ਬਹੁਤ ਨੇ ੳਥੇ ਰਾਜ ਠਾਕਰੇ, ਬੜੇ ਨਰਿੰਦਰ ਮੋਦੀ ।
ਭ੍ਰਿਸ਼ਟ ਨੇਤਾਵਾਂ ਰਲ ਕੇ ਸਾਡੀ ਛਿੱਲ ਬਹੁਤੇਰੀ ਛਿੱਲੀ
ਬੜੀ ਦੂਰ ਹੈ ਦਿੱਲੀ ਹਾਲੀਂ ਬੜੀ ਦੂਰ ਹੈ ਦਿੱਲੀ ।
ਕੁਰਸੀ ਦੇ ਕਬਜੇ਼ ਲਈ ੳਥੇ ਰਚੇ ਜਾਣ ਛੜਯੰਤਰ
ਕਿਰਤੀ ਦੇ ਜੀਵਨ ਵਿਚ ਅੱਜ ਤੱਕ ਕੋਈ ਨਾਂ ਆਇਆ ਅੰਤਰ
ਭਾਵੇਂ ਸਾਡਾ ਦੇਸ਼ ਕਹਾਵੇ ਇੱਕ ਵਡਾ ਗਣਤੰਤਰ
ਲੋਕਾਂ ਦੇ ਦੁੱਖ ਦੂਰ ਕਰਨ ਦਾ ਕਿਸੇ ਕੋਲ ਨਹੀਂ ਮੰਤਰ ।
ਜੰਤਾ ਨੂੰ ਵਰਤਾਈ ਜਾਵਣ ਕੀ ਕੱਚੀ ਕੀ ਪਿੱਲੀ
ਬੜੀ ਦੂਰ ਹੈ ਦਿੱਲੀ ਹਾਲੀਂ ਬੜੀ ਦੂਰ ਹੈ ਦਿੱਲੀ ।
ਆਪੇ ਪਿੱਟਣ ਬਿਹ ਜਾਂਦੇ ਨੇ ਆਪੇ ਲੈ ਕੇ ਪੰਗੇ
ਲੋਕਾਂ ਨੂੰ ਲੁੱਟਣ ਤੋਂ ੳਥੇ ਕੋਈ ਨਾਂ ਨੇਤਾ ਸੰਗੇ
ਪਸ਼ੂਆਂ ਦਾ ਵੀ ਚਾਰਾ ਖਾ ਗਏ ਫਿਰ ਚੰਗੇ ਦੇ ਚੰਗੇ
ਗਲ ਵਿਚ ਟਾਇਰ ਪਾ ਕੇ ਸਾੜਨ ਰੋਜ਼ ਕਰਾਵਣ ਦੰਗੇ।
ਨਾਂ ਫਿਰ ਅੰਬਰੋਂ ਅੱਗ ਵਰ੍ਹੀ ਤੇ ਨਾਂ ਫਿਰ ਧਰਤੀ ਹਿੱਲੀ
ਬੜੀ ਦੂਰ ਹੈ ਦਿਲੀ ਹਾਲੀਂ ਬੜੀ ਦੂਰ ਹੈ ਦਿੱਲੀ ।
ਇਕਨਾਂ ਦੇ ਘਰ ਐਸ਼ੋ-ਇਸ਼ਰਤ ਨਾਂ ਕਾਰਾਂ ਦਾ ਘਾਟਾ
ਇਕਨਾਂ ਦੇ ਘਰ ਅਗਲੇ ਡੰਗ ਲਈ ਇੱਕ ਮੁੱਠ ਹੈ ਨਹੀਂ ਆਟਾ
ਇਕਨਾਂ ਦੇ ਘਰ ਪੈਣ ਭੰਗੜੇ, ਇਕਨਾਂ ਘਰ ਸੰਨਾਟਾ
ਮੀਂਹ ਨ੍ਹੇਰੀ ਵਿਚ ਟੱਬਰ ਭਿੱਜੇ, ਸਿਰ ‘ਤੇ ਛੱਪਰ ਪਾਟਾ ।
ਦੇਸ਼ ਮੇਰੇ ਦੀ ਕਿਸਮਤ ਅੱਜ ਵੀ ਹੈ ਢਿੱਲੀ ਦੀ ਢਿੱਲੀ
ਬੜੀ ਦੂਰ ਹੈ ਦਿੱਲੀ ਹਾਲੀਂ ਬੜੀ ਦੂਰ ਹੈ ਦਿੱਲੀ ।
ਦੇਸ਼-ਭਗਤ ਕਹਿਲਾਵਣ ਵਾਲਾ ਹਰ ਕੋਈ ਨੇਤਾ ਚਾਲੂ
ਲਾਲ ਕ੍ਰਿਸ਼ਨ ਅਡਵਾਨੀ ਹੋਵੇ ਜਾਂ ਫਿਰ ਹੋਵੇ ਲਾਲੂ
ਲੋਕਾਂ ਨੂੰ ਵੱਢਣ ਲਈ ਰੱਖਣ ਘਰ ਵਿਚ ਕੁੱਤੇ ਪਾਲੂ
ਚੋਣਾਂ ਵੇਲੇ ਬਣ ਜਾਂਦੇ ਨੇ ਜੰਤਾ ਦੇ ਸ਼ਰਧਾਲੂ ।
ਨੌਂ ਸੌ ਚੂਹੇ ਖਾ ਕੇ ਵੇਖੋ ਹੱਜ ਨੂੰ ਤੁਰ ਪਈ ਬਿੱਲੀ
ਬੜੀ ਦੂਰ ਹੈ ਦਿੱਲੀ ਹਾਲੀਂ ਬੜੀ ਦੂਰ ਹੈ ਦਿੱਲੀ ।
