ਘਰ ਚੰਗੀ ਚੀਜ਼ ਸੰਪਰਕ

ਹਰਮਿੰਦਰ ਬਣਵੈਤ (ਯੂ.ਕੇ)


             ਮਾਈ ਉੱਤਮ ਕੌਰ ਹੁਣ ਬੁੱਢੀ ਹੋ ਗਈ ਸੀ। ਛੇ ਧੀਆਂ ਜੰਮੀਆਂ ਸਨ ਉਸਨੇ ਪਰ ਮੱਥੇ ਵੱਟ ਨਹੀਂ ਸੀ ਪਾਇਆ।  ਪਰ ਜਦੋਂ ਉਸਦੀ ਛੋਟੀ ਧੀ ਸੁਰਜੀਤ ਕੌਰ ਚਾਰ ਧੀਆਂ ਨੂੰ ਜਨਮ ਦੇ ਕੇ ਫਿਰ ਗਰਭਵਤੀ ਹੋਈ ਤਾਂ ਮਾਈ ਅਰਦਾਸਾਂ ਕਰਦੀ ਨਾਂ ਥੱਕਦੀ: “ਹੇ ਸੱਚੇ ਪਾਤਸ਼ਾਹ, ਐਤਕੀਂ ਸੁਰਜੀਤ ਕੌਰ ਨੂੰ ਕੋਈ ‘ਚੰਗੀ ਚੀਜ਼’ ਬਖਸ਼ ਦੇ!”।  ਸੁਰਜੀਤ ਕੌਰ ਨੇ ਦੋ ਜੁੜਵੇਂ ਪੁੱਤਰਾਂ ਨੂੰ ਜਨਮ ਦਿੱਤਾ।  ਪੁੱਤਰ ਵੱਡੇ ਹੋਏ, ਵਿਆਹੇ ਗਏ ਤੇ ਮਾਂ ਪਿੳ ਨਾਲੋਂ ਅੱਡ ਹੋ ਗਏ।

            ਸੁਰਜੀਤ ਕੌਰ ਹੁਣ ਵਿਧਵਾ ਹੋ ਚੁੱਕੀ ਮਾਂ ਨੂੰ ਆਪਣੇ ਕੋਲ ਲੈ ਗਈ ਸੀ।  ਇਕ ਦਿਨ ਸੁਰਜੀਤ ਕੌਰ ਦੇ ਪਤੀ ਤੇ ਇਕ ਪੁੱਤਰ ਵਿਚਕਾਰ ਵਿਹੜੇ ਵਿਚਲੇ ਜਾਮਣ ਦੇ ਬੂਟੇ ਨੂੰ ਲੈ ਕੇ ਝਗੜਾ ਹੋ ਗਿਆ। ਪਿੳ ਬੂਟੇ ਨੂੰ ਵੱਢਣਾ ਚਾਹੁੰਦਾ ਸੀ ਪਰ ਪੁੱਤਰ ਇਸਦੇ ਵਿਰੁੱਧ ਸੀ।  ਤਰਕਾਲਾਂ ਸਮੇਂ ਪੁੱਤਰ ਗੰਡਾਸਾ ਫੜੀ ਬਾਹਰ ਆ ਖੜਾ ਹੋਇਆ।  ਮਾਈ ਉਸਨੂੰ ਸਮਝਾਉਣ ਬਾਹਰ ਨਿਕਲੀ ਤਾਂ ਉਹ ਚੀਖਿਆ: “ਬੁੜ੍ਹੀਏ ਕਹਿ ਦੇ ਆਪਣੇ ਜਵਾਈ ਨੂੰ, ਉਸਨੇ ਜਾਮਣ ਨੂੰ ਹੱਥ ਵੀ ਲਾਇਆ ਤਾਂ ਟੋਟੇ ਕਰਕੇ ੳਥੇ ਹੀ ਦੱਬ ਦਿਆਂਗਾ ਸਾਲੇ ਨੂੰ”!  ਮਾਈ ਉੱਤਮ ਕੌਰ ਉਥੇ ਹੀ ਢੈ ਢੇਰੀ ਹੋ ਗਈ।  ਅਰਧ ਬੇਹੋਸ਼ੀ ਦੀ ਹਾਲਤ ਵਿਚ ਉਹ ਕਹੀ ਜਾ ਰਹੀ ਸੀ:  “ਨੀ ਸੁਰਜੀਤ ਕੁਰੇ, ਨੀ ਤੂੰ ਧੀਆਂ ਹੀ ਕਿੳਂ ਨਾਂ ਜੰਮੀਆਂ?!!!"

SocialTwist Tell-a-Friend

ਹਰਮਿੰਦਰ ਬਣਵੈਤ (ਯੂ.ਕੇ)

ਉਪਰ

© sanjhamarg.com    free counter