ਘਰ ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ.....! ਸੰਪਰਕ

ਰੋਜ਼ੀ ਸਿੰਘ


             ਗੁਰੂ ਘਰ ਮੱਥਾ ਟੇਕਣ ਤੋਂ ਬਾਅਦ ਅਜੈਬ ਘਰ ਦੇ ਦਰਸ਼ਨ ਵੀ ਨਸੀਬ ਹੋਏ। ਮਹਾਨ ਸੰਤਾਂ ਮਹਾਂ ਪੁਰਸ਼ਾਂ, ਯੋਧਿਆਂ, ਮਹਾਂ ਬਲੀਆਂ, ਤਪੀਆਂ ਦੀਆਂ ਤਸਵੀਰਾਂ ਵੇਖ ਕੇ ਰੂਹ ਅੰਦਰ ਤੱਕ ਹਿਲ ਗਈ। ਇਹ ਉਹ ਮਹਾਨ ਸ਼ਖਸ਼ੀਅਤਾਂ ਸਨ ਜਿਨ੍ਹਾਂ ਨੇ ਆਪਣੇ ਲਈ ਨਹੀਂ ਸਗੋਂ ਦੇਸ, ਕੌਮ ਅਤੇ ਇਨਸਾਨੀਅਤ ਲਈ ਆਪਣਾ ਆਪ ਵਾਰ ਦਿੱਤਾ। ਅਜੈਬ ਘਰ ਦੇਖਣ ਤੋਂ ਬਾਅਦ ਜੱਲਿਆਂ ਵਾਲਾ ਬਾਗ ਵੀ ਵੇਖਿਆ ਜਿਥੇ ਹਾਲੇ ਤੱਕ ਵੀ ਉਹਨਾ ਕਾਲੇ ਦਿਨਾਂ ਦੇ ਨਿਸਾਨ ਬਾਕੀ ਨੇ, ਜੋ ਨਿਰਦੋਸ਼ ਲੋਕਾਂ ਦੀਆਂ ਛਾਤੀਆਂ ’ਤੇ ਓਸ ਵੇਲੇ ਦੀ ਹਕੂਮਤ ਦੇ ਆਲੰਬਰਦਾਰਾਂ ਨੇ ਦਾਗ ਦਿੱਤੇ। ਕੀ ਕਸੂਰ ਸਹ, ਇਹਨਾਂ ਲੋਕਾਂ ਦਾ ? ਬਸ ਏਨਾ ਕੇ ਉਹ ਜੀਣਾ ਚਾਹੁੰਦੇ ਸੀ ਆਪਣਹ ਮਰਜੀ ਨਾਲ ! ਪਰ......!! ਉਹਨਾਂ ਦੀਆਂ ਕੁਰਬਾਨੀਆਂ ਤਾਂ ਕੰਮ ਆ ਗਈਆਂ ’ਤੇ ਦੇਸ਼/ਦੁਨੀਆ ਤੋਂ ਪਾਪ ਦਾ ਨਾਸ ਹੋ ਗਿਆ ਲੋਕ ਅਰਾਮਦਾਇਕ ਜਿੰਦਗੀ ਜਿਉਂਣ ਲੱਗੇ। ਪਰ ਪਿਛਲੇ ਕਈ ਦਹਾਕਿਆਂ ਤੋ ਇਕ ਤੋਂ ਬਾਅਦ ਇਕ ਦੇਸ਼ ਦੇ ਲੋਕਾਂ ਨੇ ਖੌਰੇ ਕਿਨੇ ਕੁ ਸੰਤਾਪ ਆਪਣੇ ਨੰਗੇ ਪਿੰਡਿਆਂ ’ਤੇ ਹੰਡਾਏ ਨੇ। ਕਦੇ 47, ਕਦੀ 65, ਕਦੀ 84 ਕਦੀ ਗੁਜਰਾਤ ਕਦੀ ਪੰਜਾਬ, ਕਦੀ ਦਿੱਲੀ, ਤੇ ਪਤਾ ਨਹੀ ਹੋਰ ਕਿਨੇ ਜਿਹੜੇ ਯਾਦ ਕਰਦਿਆਂ ਰੂਹ ਕੰਬ ਜਾਂਦੀ ਏ। ਬਸ ਸਿਰਫ ਕੁਝ ਸਰਾਰਤੀ ਲੋਕਾਂ ਦੀਆਂ ਚਾਲਾਂ, ਸੌੜੀ ਰਾਜਨੀਤੀ ਦੇ ਅਕਾਵਾਂ, ਜਾਤ-ਪਾਤ/ਧਰਮ ਦੇ ਨਾਮ ਤੇ ਲਾਂਬੂ ਲਾਉਂਣ ਵਾਲੇ ਮੁੱਠੀ ਭਰ ਲੋਕਾਂ ਦੀਆਂ ਕੋਜੀਆਂ ਸ਼ਰਾਰਤਾਂ ’ਤੇ ਲੋਕ ਇੱਕ ਦੂਜੇ ਨੂੰ ਮਾਰਨ ਲਈ ਉਤਾਵਲੇ ਹੋ ਗਏ।


             ਮਨੁੱਖ ਨੂੰ ਜਾਨਵਰ ਤੋਂ ਵੱਖ ਕਰਨ ਵਾਲੀ ਇੱਕੋ ਇੱਕ ਚੀਜ ਹੈ ‘‘ਸੋਚ’’ ਅੱਜ ਮਨੁੱਖ ਆਪਣੀ ਸੋਚ ਕਰਕੇ ਹੀ ਦੁਨੀਆਂ ਦੀ ਹਰ ਅਸੰਭਵ ਚੀਜ ਨੂੰ ਸੰਭਵ ਬਣਾਈ ਜਾ ਰਿਹੈ। ਲੋਕ ਚੰਨ ’ਤੇ ਵੱਸਣ ਦੀਆਂ ਤਿਆਰੀਆਂ ਕਰੀ ਬੈਠੇ ਨੇ। ਪਰ ਹਾਲੇ ਵੀ ਕੁਝ ਲੋਕਾਂ ਦੀ ਸੋਚ ਬਹੁਤ ਗਿਰੀ ਹੋਈ, ਸੋੜੀ ਤੇ ਸੰਵੇਦਨਾਹੀਣ ਹੈ। ਦਿੱਲੀ ਗੁਜਰਾਤ, ਪੰਜਾਬ, ਰਾਜਸਥਾਨ ਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਹੋਏ ਦੰਗੇ ਫਸਾਦ, ਫਿਰਕੂ ਜਾਨੂੰਨ ਦੀ ਹਨੇਰੀ, ਲਾਸ਼ਾਂ ਦੇ ਢੇਰ ਮਨੁੱਖ ਦੀ ਆਤਿ ਮਾੜੀ ਸੋਚ ਦਾ ਹੀ ਨਤੀਜਾ ਹਨ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਮੁੱਠੀ ਭਰ ਲੋਕਾਂ ਦੀਆਂ ਘਿਣੌਨੀਆਂ ਕਰਤੂਤਾਂ ਦੇ ਅੱਗੇ ਕਿਵੇਂ ਝੁੱਕ ਜਾਂਦੇ ਹਾਂ ਅਸੀਂ । ਕੀ ਇਹੋ ਹੀ ਇਨਸਾਨੀਅਤ ਏ ? ਕੀ ਇਹੋ ਹੀ ਜੀਣਾ ਏਂ ? ਜਿੱਥੇ ਪਲ ਪਲ ਮੌਤ ਗਿਰਜਾਂ ਵਾਂਗੂੰ ਸਿਰਾਂ ’ਤੇ ਮੰਡਰਾਉਂਦੀ ਰਹਿੰਦੀ ਏ।


             ਰੋਜ਼ ਸਵੇਰੇ ਸ਼ਾਮ ਗੁਰੂ ਘਰਾਂ, ਮੰਦਰਾਂ, ਮਸੀਤਾਂ ਗਿਰਜਾ ਘਰਾਂ ਵਿੱਚ ਕੰਨ ਪਾੜਵੀਆਂ ਅਵਾਜ਼ ਵਾਲੇ ਸਪੀਕਰ ਲਗਾ ਕੇ ਸਭ ਧਰਮਾਂ ਵਾਲੇ ਲੋਕਾਂ ਨੂੰ ਸਾਂਝੀਵਾਲਤਾ ਦਾ ਹੋਕਾ ਪਏ ਦਿੰਦੇ ਨੇ। ਪਰ ਇਸ ਦੇ ਬਾਵਜੂਦ ਅਸੀਂ ਇਕ ਦੂਜੇ ਦੇ ਧਰਮ ਦਾ ਜਿਨਾਂ ਕੁ ਸਤਿਕਾਰ ਕਰਦੇ ਪਏ ਆਂ ਓਸ ਬਾਰੇ ਤਾਂ ਸਭ ਨੂੰ ਸਹਿਜੇ ਹੀ ਪਤਾ ਲੱਗ ਜਾਂਦਾ ਏ, ਸਿਰਫ ਅਖ਼ਬਾਰਾਂ ਦੀਆ ਸੁਰਖੀਆਂ ਪੜ ਕੇ। ਮੰਦਰਾਂ-ਮਸਜਿਦਾਂ, ਗੁਰੂ ਘਰਾਂ ਦੇ ਚੱਕਰਾਂ ਵਿੱਚ ਲਾਸ਼ਾਂ ਦੇ ਢੇਰ ਲਗਾਈ ਜਾ ਰਹੇ ਹਾਂ ਅਸੀਂ। ਇਹ ਦੇਖ ਕੇ ਤਾਂ ਪਰਮਾਤਮਾਂ ਦੀ ਰੂਹ ਵੀ ਵਲੂੰਦਰੀ ਜਾਂਦੀ ਹੋਵੇਗੀ।


             ਜਦੋਂ ਕੋਈ 1947 ਦੀ ਗੱਲ ਕਰਦਾ ਏ ਜਾਂ ਜਦੋਂ ਇਸ ਤਰਾਂ ਦੇ ਦੰਗਿਆਂ ਕਾਰਨ ਹੋਈ ਤਬਾਹੀ ਬਾਰੇ ਕੋਈ ਫਿਲਮ ਆਉਂਦੀ ਏ ਤਾਂ ਸਾਡੀਆ ਅੱਖਾਂ ਕੁਝ ਦੇਰ ਲਈ ਜਰੂਰ ਸੇਜਲ ਹੋ ਜਾਂਦੀਆਂ ਨੇ ਤੇ ਵਜੂਦ ਕੰਬ ਜਾਂਦਾ ਹੈ। ਅਤੇ ਸਾਡੇ ਦਿਲਾਂ ਵਿੱਚ ਫਸਾਦੀ ਲੋਕਾਂ ਲਈ ਗੁੱਸੇ ਦੀ ਲਹਿਰ ਦੋੜ ਜਾਂਦੀ ਏ। ਪਰ ਕੁਝ ਦਿਨਾਂ ਬਾਅਦ ਹੀ ਅਸੀਂ ਫਿਰ ਰੁਝ ਜਾਂਦੇ ਹਾਂ ਆਪਣੇ ਆਪ ਵਿੱਚ, ਸਾਡੇ ਦਿਮਾਗ ਵਿੱਚੋਂ ਸਭ ਕੁਝ ਧੋਤਾ ਜਾਂਦਾ ਏ । ਨਿਤ ਰੋਜ਼ ਲਾਲ ਹਨੇਰੀਆਂ ਚੜਦੀਆਂ ਨੇ, ਬੇ-ਦੋਸਿ਼ਆਂ ਦਾ ਖੂਨ ਡੁੱਲ ਕੇ ਧਰਤੀ ਪਈ ਠੰਡੀ ਹੋ ਰਰੀ ਏ। ਮਾਨਵਤਾ ਦਾ ਘਾਣ ਹੋ ਰਿਹਾ ਏ। ਖੂਨ ਸਫੇਦ ਹੋ ਰਿਹਾ ਏ। ਇਹ ਸਭ ਕੀ ਹੋ ਰਿਹਾ ਏ.. ਇਸ ਧਰਤੀ ’ਤੇ। ਧਰਮਾਂ ਦੇ ਠੇਕੇਦਾਰ, ਮੁਨਸਫ ਆਪ ਸੁਰੱਖਿਅਤ ਨੇ । ਲੋਕਾਂ ਅੱਗੇ ਸੱਚ ਵਰਗਾ ਝੂਠ ਬੋਲ ਕੇ ਸੱਚੇ ਹੋ ਜਾਂਦੇ ਨੇ ਤੇ ਮਾਰੇ ਜਾਂਦੇ ਨੇ ਗਰੀਬ, ਬੇ-ਦੋਸੇ਼ ਲੋਕ, ਉਜੜ ਜਾਂਦੇ ਨੇ ਸੁਹਾਗਣਾ ਦੇ ਸੁਹਾਗ, ਟੁਰ ਜਾਂਦੇ ਨੇ ਭੈਣਾ ਦੇ ਵੀਰ। ਅਨਾਥ ਬੱਚੇ ਵਿਲਕਦੇ ਨੇ ਆਪਣੀਆਂ ਮਾਵਾਂ ਨੂੰ ਭਾਲਦੇ। ਜਿਨ੍ਹਾਂ ਨੂੰ ਫਿਰ ਕਦੇ ਮਾਂ ਦੀ ਛਾਤੀ ਦਾ ਨਿਘ ਨਾ ਮਿਲ ਸਕਿਆ। ਆਖਿਰ ਕੌਣ ਨੇ ਇਹ ਲੋਕ? ਜੋ ਖੇਡ ਰਹੇ ਨੇ ਖੂਨ ਦੀ ਹੋਲੀ, ਕੌਣ ਨੇ ਇਹ ਲੋਕ ਜਿਹੜੇ ਕਰ ਰਹੇ ਨੇ ਇਨਸਾਨੀਅਤ ਨੂੰ ਲੀਰੋ ਲੀਰ? ਕੋਈ ਤਾਂ ਰੋਕੇ ਇਹਨਾ ਨੂੰ ?


             ਕੀ ਭਗਵਾਨ ਲਾਸ਼ਾਂ ਦੇ ਢੇਰ ਵੇਖ ਕੇ ਖੁਸ਼ ਹੁੰਦਾ ਹੋਵੇਗਾ ? ਇਸ ਤਰ੍ਹਾਂ ਦੇ ਸਹਿਮ ਭਰੇ ਖਤਰਨਾਕ ਮਾਹੋਲ ਅਤੇ ਇਸ ਤਾਂਡਵ ਵਿੱਚ ਆਖਿਰ ਮਰ ਕੌਣ ਰਿਹੈ? ਮਰ ਤਾਂ ਇਨਸਾਨ ਹੀ ਰਹੇ ਨੇ ਤੇ ਇਹਨਾ ਨੂੰ ਮਾਰਨ ਵਾਲੇ ਵੀ ਇਨਸਾਨ ਹੀ ਨੇ। ਦਰਅਸਲ ਇਨਸਾਨੀਅਤ ਮਰ ਰਹੀ ਏ । ਕੁਝ ਦਿਨ ਪਹਿਲਾਂ ਇਸ ਤਰਾਂ ਦੇ ਹਲਾਤਾਂ ਬਾਰੇ ਨੈਟ ’ਤੇ ਕੁਝ ਤਸਵੀਰਾਂ ਪਿਆ ਦੇਖਦਾਂ ਸਾਂ। ਇਹ ਤਸਵੀਰਾਂ ਦੇਖ ਕੇ 4 ਦਿਨ ਰੋਟੀ ਖਾਣ ਨੂੰ ਦਿਲ ਨਹੀ ਕੀਤਾ। ਰਾਤ ਨੂੰ ਡਰਾਉਂਣੇ ਸੁਪਨੇ ਆਉਂਦੇ ਰਹੇ। ਇਨਸਾਨੀ ਲੋਥਾਂ ਨੂੰ ਕੁੱਤੇ ਨੋਚ ਰਹੇ ਨੇ । ਕੁਝ ਜਿਉਂਦੇ ਲੋਕ ਅੱਗ ਦੇ ਹਵਾਲੇ ਕਰ ਦਿੱਤੇ ਗਏ ਤੇ ਕੁਝ ਲੋਕਾਂ ਦੀਆਂ ਲਾਸ਼ਾਂ ਨੂੰ ਅੱਗ ਤੱਕ ਨਸੀਬ ਨਾ ਹੋ ਸਕੀ। ਕੁਝ ਮਾਸੂਮਾਂ ਦੀਆਂ ਲਾਸ਼ਾਂ ਗਲੀਆਂ ਵਿੱਚ ਰੁਲਦੀਆਂ ਰਹੀਆਂ, ਦਿਲ ਪਾਟਣ ਤੱਕ ਆਉਂਦੈ । ਕੀ ਕਸੂਰ ਸੀ ਇਹਨਾਂ ਦਾ ? ਕੀ ਇਹਨਾਂ ਨੂੰ ਜੀਣ ਦਾ ਹੱਕ ਨਹੀਂ ਸੀ ? ਮਨੁੱਖਤਾ ਦਾ ਅੰਤ ਇਨਾ ਭਿਆਨਕ ਤੇ ਬੁਰੀ ਤਰਾਂ ਵੀ ਹੋ ਸਕਦੈ ਕਦੀ ਸੋਚਿਆ ਤੱਕ ਨਹੀ ਸੀ। ਤਸਵੀਰਾਂ ਦੇਖ ਕੇ ਦਰਦਨਾਕ ਦ੍ਰਿਸ਼ ਅੱਖਾਂ ਮੁਹਰੇ ਉਲਹਕਿਆ ਜਾਂਦੈ। ਅੱਜ ਇਨਸਾਨ ਆਪਣੀ ਜਾਨ ਦੀ ਹਿਫ਼ਾਸਜ਼ਤ ਲਈ ਇਨਸਾਨ ਮੁਹਰੇ ਹੱਥ ਬੰਨੀ ਖੜਾ ਏ ਤੇ ਜਾਨ ਬਖਸ਼ੀ ਲਈ ਗਿੜਗੜਾ ਰਿਹੈ। ਐਸੀ ਇਨਸਾਨੀਅਤ ਨਾਲੋਂ ਤਾਂ ਪਛੂ ਪੰਛੀ ਹੀ ਚੰਗੇ ਨੇ ਜੋ ਪਿਆਰ ਦਾ ਸੁਨੇਹਾ ਦਿੰਦੇ ਹੱਸਦੇ ਖੇਡਦੇ ਜਿੰਦਗੀ ਜਿਉਂਦੇ ਨੇ। ਪਰ ਇਨਸਾਨ ਦੋਲਤਾਂ, ਸੋਹਰਤਾਂ, ਲਾਲਚਾਂ ਕਰਕੇ ਸਭ ਕੁਝ ਕਰ ਰਿਹੈ ਜਿਸ ਨੂੰ ਸੁਣ ਕੇ ਖੁਦਾ ਦਾ ਸਿੰਘਾਸਨ ਡੋਲ ਜਾਂਦੈ।


              ਕਿਥੇ ਗਈਆਂ ਨੇ ਮੁਹੱਬਤਾਂ ?, ਕਿਥੇ ਗਿਆ ਏ ਮੋਹ ਪਿਆਰ ? ਅੱਜ ਲੋਕਾਂ ਦੇ ਖੂਨ ਵਿੱਚ ਏਨੀ ਕੁੜਿਤਨ ਭਰ ਗਈ ਏ ਕੇ ਨਿੱਕੀ ਜਿਹੀ ਗੱਲ ਤੋਂ ਅੱਗ ਦਾ ਸੈਲਾਬ ਫੈਲਾ ਦਿੰਦੇ ਨੇ। ਇੱਕ ਇੱਕ ਮਰਲਾ ਥਾਂ ਕਰਕੇ ਸਿਰ ਲੱਥ ਜਾਂਦੇ ਨੇ। ਭਰਾ ਭਰਾ, ਪਿਓ ਪੁੱਤ ਗੱਲ ਕੀ ਕਿਸੇ ਵੀ ਰਿਸਤੇ ਦੀ ਪਵਿੱਤਰਤਾ ਨੂੰ ਕੁਝ ਨਹੀ ਸਮਝਿਆ ਜਾਂਦਾ। ਰਿਸਤੇ ਮਰ ਰਹੇ ਨੇ- ਇਨਸਾਨੀਅਤ ਮਰ ਰਹੀ ਏ। ਇਹ ਕੀ ਹੋ ਰਿਹੈ ਰੱਬਾ? ਜੇ ਇੰਝ ਹੀ ਰਿਹਾ ਤਾਂ ਕੌਣ ਬਚੇਗਾ ਸਾਡੀ ਕੁੱਲ ਦੇ ਚਿਰਾਗ ਨੂੰ ਜਗਦਾ ਰੱਖਣ ਲਈ। ਕੌਣ ਬਾਲੇਗਾ ਪੁਰਖਿਆਂ ਦੇ ਮਸਾਣਾ ’ਤੇ ਦਹਵੇ ? ਸੁਰਜੀਤ ਪਾਤਰ ਜੀ ਨੇ ਇਸ ਸਥਿਤੀ ਬਾਰੇ ਕਿਹਾ ਸੀ:-


ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ
ਕੋਈ ਦੀਵਾ ਜਗੇਗਾ ਮੇਰੀ ਕਬਰ ’ਤੇ
ਜੇ ਹਵਾ ਇਹ ਰਹੀ, ਕਬਰਾਂ ਉਤੇ ਤਾਂ ਕੀ
ਸਭ ਘਰਾਂ ’ਚ ਵੀ ਦੀਵੇ ਬੁੱਝੇ ਰਹਿਣਗੇ।


             ਕਦੋਂ ਬਦਲੇਗਾ ਇਹ ਹਵਾ ਦਾ ਰੁੱਖ, ਕਦੋਂ ਮਿਲੇਗਾ ਸੁੱਖ ਦਾ ਸਾਹ ? ਕੀ ਇਹ ਖੂਨ ਖਰਾਬਾ ਕਦੀ ਨਹੀ ਰੁਕੇਗਾ ? ਕੀ ਕੌਮਾਂ ਮਜਹਬਾਂ, ਮੰਦਰਾਂ, ਮਸੀਤਾਂ ਦੇ ਨਾਮ ’ਤੇ ਇੰਝ ਹੀ ਲਹੂ ਡੁੱਲਦਾ ਰਹੇਗਾ? ਕਦੋਂ ਹੋਵੇਗਾ ਦੁਨੀਆਂ ’ਤੇ ਅਮਨ ਅਮਾਨ। ਕੀ ਸ਼ਹੀਦ ਭਗਤ ਸਿੰਘ ਅਤੇ ਹੋਰ ਸ਼ਹੀਦਾਂ ਨੇ ਆਪਣੀ ਜਾਨ ਦੀ ਅਹੁਤੀ ਇਸ ਕਰਕੇ ਦਿੱਤੀ ਸੀ ਕੇ ਦੇਸ਼ ਦੇ ਬੇਟੇ ਆਪਸ ਵਿੱਚ ਲੜ ਲੜ ਮਰਨ ? ਕੀ ਇਹੋ ਹੈ ਅਜਾਦੀ ? ਮੰਦਰ ਤਾਂ ਹੋਰ ਵੀ ਬਣ ਜਾਣਗੇ, ਮਸਜਿਦਾਂ ਵੀ ਉਸਰਦੀਆਂ ਰਹਿਣਗੀਆਂ, ਤੇ ਜਾਇਦਾਦਾਂ ਵੀ ਇਥੇ ਹੀ ਰਹਿਣਗੀਆਂ, ਪਰ ਇਹਨਾਂ ਨੂੰ ਵੇਖਣ ਵਾਲਾ ਕੌਣ ਬਚੇਗਾ ?


              ਬੰਦ ਕਰੋ ਇਹ ਮੌਤ ਦਾ ਤਾਂਡਵ ਨਾਚ ਤਾਂ ਕਿ ਲੋਕ ਫਿਰ ਜੀ ਸਕਣ ਅਮਨ ਅਮਾਨ ਨਾਲ, ਫਿਰ ਜਿਉ ਉਠੇ ਦਿਲਾਂ ਦੇ ਰਿਸਤਿਆਂ ਦੀ ਸਾਂਝ । ਫਿਰ ਜਾਗ ਉਠੇ ਮੋਹ ਮੁਹੱਬਤਾਂ ਦੀ ਆਸ। ਆਓ ਦੁਆ ਕਰੀਏ ਕਿ ਦੁਨੀਆਂ ’ਤੇ ਪਰਮਾਤਮਾਂ ਦੀ ਨਿਗ੍ਹਾ ਸਵੱਲੀ ਰਹੇ ।
              ਆਮੀਨ !

SocialTwist Tell-a-Friend

ਰੋਜ਼ੀ ਸਿੰਘ

ਉਪਰ

© sanjhamarg.com   free counter