ਘਰ ਗੱਲ ਕਰਾਂ ਮੈਂ ਕਿਸਦੀ...? ਸੰਪਰਕ

ਹਰਮਿੰਦਰ ਬਣਵੈਤ (ਯੂ.ਕੇ)


ਗੱਲ ਕਰਾਂ ਮੈਂ ਕਿਸਦੀ ਬੀਬਾ
ਗੱਲ ਕਰਾਂ ਮੈਂ ਕਿਸਦੀ?
ੳਹੀੳ ਮੈਨੂੰ ਖਾਣ ਨੂੰ ਆਵੇ
ਛੇੜ ਲਵਾਂ ਮੈਂ ਜਿਸਦੀ 
ਦੁੱਖ ਮੇਰਾ ਜਿੳਂ ਇਕ ਰਸੌਲੀ
ਨਾਂ ਘਟਦੀ, ਨਾਂ ਫਿਸਦੀ
ਸਿਖਰ ਦੁਪਹਿਰਾ, ਧੁੱਪ ਕੜਕਵੀਂ
ਛਾਂ ਕਿਧਰੇ ਨਾਂ ਦਿਸਦੀ ।

ਕਿਸਨੂੰ ਆਖਾਂ ਮੰਦਾ ਬੀਬਾ
ਕਿਸਨੂੰ ਆਖਾਂ ਮੰਦਾ?
ਜ਼ਾਤ, ਮਜ਼੍ਹਬ ਦਾ ਗਲ ਅਪਣੇ ਵਿਚ
ਅਸਾਂ ਪਾ ਲਿਆ ਫੰਦਾ
ਦਿਨ ਦੀਵੀਂ ਹੁਣ ਲੋਕੀਂ ਕਰਦੇ
ਅੱਗ ਲਾਉਣ ਦਾ ਧੰਦਾ 
ਰੱਬ ਨੂੰ ਲੱਭਦਾ ਲੱਭਦਾ ਵੇਖੋ
“ਕਾਫ਼ਰ ਹੋ ਗਿਆ ਬੰਦਾ” ।

ਸਮੇਂ ਦੇ ਰੰਗ ਹਜ਼ਾਰਾਂ ਬੀਬਾ
ਸਮੇਂ ਦੇ ਰੰਗ ਹਜ਼ਾਰਾਂ
ਆਪਣਿਆਂ ‘ਤੇ ਚੁੱਕ ਲੈਂਦੇ ਨੇ
ਅਪਣੇ ਹੀ ਤਲਵਾਰਾਂ
ਰੱਬ ਦੇ ਬੰਦਿਆਂ ਨੂੰ ਹੀ ਲੁੱਟਿਆ
ਰੱਬ ਦੇ ਠੇਕੇਦਾਰਾਂ
ਮਿੱਤ ਲੋਕਾਂ ਦੀਆਂ ਹੋ ਨਾਂ ਸਕੀਆਂ
ਸਮੇਂ ਦੀਆਂ ਸਰਕਾਰਾਂ ।

ਕਿਸ ਪਾਸੇ ਵਲ ਜਾਵਾਂ ਬੀਬਾ
ਕਿਸ ਪਾਸੇ ਵਲ ਜਾਵਾਂ?
ਰੱਬ ਨਾਂ ਬਹੁੜੇ, ਕੁੱਝ ਨਾਂ ਅਹੁੜੇ
ਕਿਹੜੇ ਤੀਰਥ ਨ੍ਹਾਵਾਂ ?
ਕੁਦਰਤ ਨੇ ਸੀ ਸੱਭ ਨੂੰ ਦਿੱਤਾ
ਖਾ ਲਿਆ ਕੁੱਤਿਆਂ ਕਾਵਾਂ
ਸੱਜਣ ਬੇਲੀ ਦੂਰ ਵਸੇਂਦੇ
ਲੱਭਦਾ ਨਾਂ ਸਰਨਾਵਾਂ ।

ਕੀ ਕੋਈ ਦੁੱਖ ਸੁਣਾਏ ਬੀਬਾ
ਕੀ ਕੋਈ ਦੁੱਖ ਸੁਣਾਏ?
ਇੱਕ ਦੂਜੇ ਲਈ ਹੋਏ ਪਰਾਏ
ਪੰਜ ਦਰਿਆਵਾਂ ਜਾਏ
ਜੀ ਡਰਦੈ ਕਿ ਮੁੜ ਨਾਂ ਕਿਧਰੇ
ਜ਼ਖਮ ਹਰਾ ਹੋ ਜਾਏ
ਕਿਧਰੇ ਬਣ ਨਾਂ ਜਾਣ ਬੇਗਾਨੇ
ਸਦੀਆਂ ਦੇ ਹਮਸਾਏ ।

ਗੱਲ ਕਰਾਂ ਮੈ ਕਿਸਦੀ ਬੀਬਾ
ਗੱਲ ਕਰਾਂ ਮੈਂ ਕਿਸਦੀ ?

SocialTwist Tell-a-Friend

ਹਰਮਿੰਦਰ ਬਣਵੈਤ (ਯੂ.ਕੇ)

ਉਪਰ

© sanjhamarg.com    free counter