ਘਰ ਗੱਲ ਕਰਾਂ ਮੈਂ ਸੱਚੀ..... ਸੰਪਰਕ

ਹਰਮਿੰਦਰ ਬਣਵੈਤ (ਯੂ.ਕੇ)


ਗੱਲ ਕਰਾਂ ਮੈਂ ਸੱਚੀ ਕੋਈ ਕਹਾਣੀ ਨਹੀਂ
ਹੈ ਵੀ ਏਸੇ ਵਰ੍ਹੇ ਦੀ, ਕੋਈ ਪੁਰਾਣੀ ਨਹੀਂ ।

ਪ੍ਰਦੂਸ਼ਣ ਦੀ ਕੀ ਗੱਲ ਕਰਾਂ ਜਦ ਪਿੰਡ ਗਿਆ
ਧੂਏਂ ‘ਚ ਮੇਰੀ ਸ਼ਕਲ ਕਿਸੇ ਪਹਿਚਾਣੀ ਨਹੀਂ!

ਜਿਸ ਪਿੱਪਲ ‘ਤੇ ਪੀਂਘ ਝੂਲਦੀ ਰਹਿੰਦੀ ਸੀ
ਉਸ ਪਿੱਪਲ ਦੀ ਬਚੀ ਕੋਈ ਵੀ ਟਾਹਣੀ ਨਹੀਂ!

ਮੱਝਾਂ ਪਿੱਛੇ ਜਿਸ ਵਿਚ ਤਾਰੀਆਂ ਲਾਉਂਦੇ ਸਾਂ
ਉਸ ਟੋਭੇ ਵਿਚ ਅੱਜਕਲ ਬਿਲਿਕੁਲ ਪਾਣੀ ਨਹੀਂ !

ਸਪੀਕਰ ਉੱਤੇ ਰੋਜ਼ ਗਿਆਨੀ ਪੜ੍ਹਦੈ ਪਰ
ਨਾਨਕ ਦੀ ਲੋਕਾਂ ਦੇ ਦਿਲ ਵਿਚ ਬਾਣੀ ਨਹੀਂ !

ਦੁੱਧ ਰਿੜਕਣ ਲਈ ਜੰਤਰ ਨੇ ਹੁਣ ਬਿਜਲੀ ਦੇ
ਕਿਸੇ ਕੋਲ ਹੁਣ ਚਾਟੀ ਅਤੇ ਮਧਾਣੀ ਨਹੀਂ !

ਚੋਣਾਂ ਵੇਲੇ ਜਿਸ ਨੇ ਮੁਫ਼ਤ ਦੀ ਪੀਤੀ ਨਹੀਂ
ਐਸਾ ਮੈਨੂੰ ਲੱਝਾ ਕੋਈ ਪ੍ਰਾਣੀ ਨਹੀਂ ।

ਮੇਰੇ ਪਿੰਡ ਦੇ ਉਸਨੂੰ ਬੰਦਾ ਸਮਝਣ ਨਾਂ
ਪਰਦੇਸਾਂ ਦੀ ਮਿੱਟੀ ਜਿਸਨੇ ਛਾਣੀ ਨਹੀਂ ।

ਹੁਣ ਤੇ ਸਾਰੇ ਜਾ ਪਰਦੇਸੀਂ ਬਹਿ ਗਏ ਨੇ
ਮੇਰੇ ਪਿੰਡ ਵਿਚ ਹੁਣ ਕੋਈ ਮੇਰਾ ਹਾਣੀ ਨਹੀਂ ।
SocialTwist Tell-a-Friend

ਹਰਮਿੰਦਰ ਬਣਵੈਤ (ਯੂ.ਕੇ)

ਉਪਰ

© sanjhamarg.com