ਮੇਰੇ ਦੋ ਵੱਡੇ ਵੱਡੇ ਕੰਨ ਨਹੀਂ
ਚਾਰ ਟੰਗਾਂ
ਤੇ ਪੂਛਲ ਵੀ ਨਹੀਂ
ਫਿਰ ਵੀ ਮੈਂਨੂੰ ਵਹਿਮ ਜਿਹਾ ਰਹਿੰਦੱੈ
ਕਿ ਕਿਧਰੇ ਮੈਂ ਖੋਤਾ ਤੇ ਨਹੀਂ?!!!
ਮੈਨੂੰ ਨਿੱਕੇ ਹੁੰਦੇ ਨੂੰ
ਜਦੋਂ ਭਾਰਾ ਬਸਤਾ ਚੁੱਕੀ
ਮੈਂ ਸਕੂਲੋਂ ਮੁੜਦਾ ਸਾਂ
ਬਾਪੂ ਜੀ
ਕਈ ਵਾਰ ਕਿਹਾ ਕਰਦੇ ਸੀ –
“ੳਏ ਖੋਤਿਆ,
ਏਧਰ ਆ
ਏਨਾਂ ਭਾਰ ਚੁੱਕੀ ਫਿਰਦੈਂ
ਕੁਝ ਸਿਰ ਵਿਚ ਵੀ ਹੈ ਕਿ ਨਹੀਂ…?”
ਤੇ ਹੁਣ
ਜਦੋਂ ਕਿ ਮੈਂ ਕਈ ਭਾਰ ਚੁੱਕੀ ਫਿਰ ਰਿਹਾਂ
ਪਿਛਲੇ ਜਨਮ ‘ਚ ਕੀਤੇ
ਚੰਗੇ ਮੰਦੇ ਕਰਮਾਂ ਦੇ
ਵਹਿਮਾਂ ਦੇ
ਭਰਮਾਂ ਦੇ
ਭਾਈਚਾਰੇ ਦੀਆਂ ਨਿਰਧਾਰਤ ਸ਼ਰਮਾਂ ਦੇ
ਮੈਨੂੰ ਯਕੀਨ ਹੋ ਚੱਲਿਐ ਕਿ
ਬੇਸ਼ੱਕ ਮੇਰੇ ਦੋ ਵੱਡੇ ਵੱਡੇ ਕੰਨ ਨਹੀਂ
ਚਾਰ ਟੰਗਾਂ
ਤੇ ਪੂਛਲ ਵੀ ਨਹੀਂ
ਫਿਰ ਵੀ
ਮੈਂ ਖੋਤਾ ਹੀ ਹਾਂ
ਨਿਰਾ ਪੁਰਾ ਖੋਤਾ !