ਸੁਣਿਆ ਸੀ ਕਿ ਦੇਸ਼ ਮੇਰੇ ਵਿਚ ਹੁਣ ਗਿਰਝਾਂ ਨਹੀਂ ਰਹੀਆਂ
ਇੰਝ ਉੜੀਆਂ ਕਿ ਪਸ਼ੂ ਮਰਨ ‘ਤੇ ਫਿਰ ਅਰਸ਼ੋਂ ਨਾਂ ਲਹੀਆਂ
ਗਿਆ ਜਦੋਂ ਸਰਕਾਰੀ ਦਫ਼ਤਰ, ਠਾਣੇ ਫਿਰ ਤਹਿਸੀਲੇ
ਮੈਂ ਵੇਖਿਆ ਗਿਰਝਾਂ ਆ ਕੇ ੳਥੇ ਸਨ ਬਹਿ ਗਈਆਂ !
ਬਰਾਜਮਾਨ ਸਨ ਇਕ ਬਾਬਾ ਜੀ ਖੱਲ ਸ਼ੇਰ ਦੀ ਉੱਤੇ
ਸ਼ਾਇਦ ਕਰਦੇ ਸਨ ਸਿਮਰਨ ਪਰ ਮੈਂ ਸਮਝਿਆ ਸੁੱਤੇ
ਚਰਨ ਸਪਰਸ਼ ਕਰਨ ‘ਤੇ ਬੋਲੇ “ਕੰਬਲ ਲੈ ਕੇ ਆਵੀਂ
ਬੜੀ ਠੰਡ ਲਗਦੀ ਹੈ ਮੈਨੂੰ ਇਸ ਸਰਦੀ ਦੀ ਰੁੱਤੇ”!
ਸਾਡੇ ਬੂਹੇ ਇਕ ਦਿਨ ਆਇਆ ਚਿੱਟ-ਕਪੜੀਆ ਬੰਦਾ
ਕਹਿੰਦਾ ਦਿੳ ਪੀੜਤਾਂ ਦੇ ਲਈ ਦਿਲ ਖੋਲ ਕੇ ਚੰਦਾ
ਉਸਦੇ ਖਾਤੇ ਵਿਚ ਕਰੋੜਾਂ, ਚੰਡੀਗੜ੍ਹ ਵਿਚ ਕੋਠੀ
ਸੁਣਦੇ ਹਾਂ ਕਿ ਬੜਾ ਸਫਲ ਹੈ ਅੱਜਕਲ ਉਸਦਾ ਧੰਦਾ !
ਇਕ ਸੱਜਣ ਸੀ ਮਿਲੇ ਜੋ ਪੱਕੇ ਲੋਕ ਰਾਜ ਦੇ ਹਾਮੀ
ਬੋਲੇ “ਆਪਾਂ ਪੁਲਸ ਰਾਜ ਦੀ ਸਹਿਣੀ ਨਹੀਂ ਗ਼ੁਲਾਮੀ”
ਦੂਜੇ ਦਿਨ ਉਹ ਪੁਲਸ ਅਫ਼ਸਰ ਦੇ ਘਰ ਵਿਚ ਪੀਂਦਾ ਮਿਲਿਆ
ਕਹਿੰਦਾ “ਕਿਧਰੇ ਗੱਲ ਨਾਂ ਕਰਨੀ ਹੋਵੇਗੀ ਬਦਨਾਮੀ”!
ਮੰਚ ਦੇ ਉੱਤੇ ਖੜ ਕੇ ਇਕ ਦਿਨ ਬੋਲ ਰਿਹਾ ਸੀ ਨੇਤਾ
“ਜਿੱਤ ਗਿਆ ਤਾਂ ਮੁਫ਼ਤ ਦਿਆਂਗਾ ਇੱਟਾਂ, ਸੀਮੈਂਟ, ਰੇਤਾ
ਸੱਤਾ ਵਿਚ ਜਦ ਆ ਜਾਵਾਂਗਾ ਯਾਦ ਕਰਾਉਣਾ ਮੈਨੂੰ
ਆਮ ਤੌਰ ਤੇ ਵਾਅਦੇ ਕਰਕੇ ਭੁੱਲ ਜਾਂਦਾ ਹਾਂ ਚੇਤਾ”।
ਕੁੱਝ ਦਿਨ ਹੋਏ ਦੇਸ਼ ਗਏ ਨੂੰ ਹੋਇਆ ਬੜਾ ਅਚੰਭਾ
ਸਾਡੇ ਬੂਹੇ ਅੱਗੇ ਲਾ ਗਏ ਬਿਜਲੀ ਵਾਲੇ ਖੰਭਾ
ਬੂਹਾ ਪੂਰਾ ਖੁਲਦਾ ਨਹੀਂ ਪਰ ਲੋਕੀਂ ਇਹ ਨੇ ਕਹਿੰਦੇ
“ਕੁੰਡੀ ਲਾਉਣੀ ਸੌਖੀ ਹੋ ਗਈ ਬਿੱਲ ਨਹੀਂ ਆਉਣਾ ਲੰਬਾ” !
ਇੱਕ ਸ਼ਹਿਰ ਵਿਚ ਇਕ ਕੁੜੀ ਸੀ ਲੋਕ ਸੀ ਕਹਿੰਦੇ ‘ਲੁੱਚੀ’
ਨੀਵੀਂ ਪਾ ਕੇ ਤੁਰਦੀ ਸੀ ਪਰ ਗੱਲ ਸੀ ਕਰਦੀ ਉੱਚੀ
ਇਕ ਦਿਨ ਬੋਲੀ “ਜੋ ਪਤਵੰਤੇ ਘਰ ਮੇਰੇ ਨੇ ਆਉਂਦੇ
ਮੈਂ ਉਹਨਾਂ ਤੋ ਡਾਹਡੀ ਚੰਗੀ, ਮੈਂ ਉਹਨਾਂ ਤੋਂ “ਸੁੱਚੀ”।
ਹੱਥ ਰੇਖਾਵਾਂ ਵੇਖ ਕੇ ਕਹਿੰਦਾ ਇਕ ਚਾਲੂ ਜਿਹਾ ਪੰਡਾ
“ਰਾਹੂ ਕੇਤੂ ਪਿੱਛੇ ਤੇਰੇ ਪਏ ਨੇ ਲੈ ਕੇ ਡੰਡਾ”
ਖਾਲੀ ਮੇਰੀ ਜੇਬ ਕਰਾ ਕੇ ਕਹਿ ਗਿਆ ਜਾਂਦਾ ਜਾਂਦਾ
“ਤੇਰੇ ਦੁੱਖ ਹੁਣ ਦੂਰ ਕਰੂ ਕੋਈ ਬਿਨਾਂ ਵਿਆਹਿਆ ਰੰਡਾ”!
ਇਕ ਸਮਾਂ ਸੀ ਪਿੰਡਾ ਦੇ ਵਿਚ ਲੋਕ ਸੀ ਵਸਦੇ ਭੋਲੇ
ਕਿਰਤੀ ਸੱਚੇ, ਮਨ ਦੇ ਸੁੱਚੇ, ਪ੍ਰਭੂ-ਭਗਤ ਅਣਡੋਲੇ
ਰੱਬ ਸਹੁਣਾ ਵੀ ਮਿਹਰਬਾਨ ਸੀ, ਮੰਨ ਜਾਂਦਾ ਸੀ ਛੇਤੀ
ਥੋੜਾ ਜਿਹਾ ਬੱਸ ਧੂਪ ਦੇ ਦਿੳ ਪਾ ਕੜਛੀ ਵਿਚ ਕੋਇਲੇ ।
ਮੈਂ ਭਾਲਾਂ ਕੋਈ ਬੰਦਾ ਜਿਹੜਾ ਹੋਵੇ ਮੈਥੋਂ ਛੋਟਾ
ਮੈਥੋਂ ਵਧ ਕੇ ਔਗਣਹਾਰਾ, ਮੇਰੇ ਨਾਲੋਂ ਖੋਟਾ
ਜੋ ਮਿਲਦੈ ਉਹ ਉੱਚਾ ਸੁੱਚਾ, ਮੈਥੋਂ ਬਾਹਲਾ ਉੱਚਾ
ਦੁਨੀਆ ਦੇ ਵਿਚ ਮੰਦਿਆਂ ਦਾ ਹੈ ਸ਼ਾਇਦ ਅੱਜਕਲ ਟੋਟਾ !!!
ਸਾਡੇ ਬੂਹੇ ਮੰਗਣ ਆਇਆ ਇਕ ਦਿਨ ਰਮਤਾ ਸਾਧੂ
ਕਹਿੰਦਾ “ਰੋਬ ਦਾ ਨਾਂ ਹਾਂ ਲੈਂਦਾ ਕੋਈ ਕਰਾਂ ਨਾਂ ਜਾਦੂ
ਮੈਂ ਕਿਹਾ “ਜੀ ਆਇਆਂ ਬਾਬਾ ਲੈ ਜਾੳ ਝੋਲੀ ਭਰ ਕੇ
ਖ਼ੁਦੀ, ਤਕੱਬਰ ਬਹੁਤ ਹੈ ਏਥੇ, ਛੱਡ ਜਾਣਾ ਜੋ ਵਾਧੂ !
