ਘਰ ਕੋਈ ਵੀ ਸੱਚ ਅੰਤਮ ਨਹੀਂ ਹੁੰਦਾ ਸੰਪਰਕ

(ਵਿਗਿਆਨ ਦੇ ਝਰੋਖੇ ‘ਚੋਂ)

ਗੁਰਬੀਰ ਸਿੰਘ ਭੁੱਲਰ


           ਕੁਦਰਤ ਦੇ ਵਰਤਾਰੇ ਬੜੇ ਹੀ ਅਦਭੁੱਤ, ਵਿਸ਼ਾਲ ਅਤੇ ਮਹੀਣ ਹਨ। ਮੁੱਢ ਕਦੀਮ ਤੋਂ ਹੀ ਇਨਸਾਨ ਇਨ੍ਹਾਂ ਨੂੰ ਸਮਝਣ ਦੀ ਕੋਸਿ਼ਸ਼ ਵਿੱਚ ਲੱਗਾ ਹੋਇਆ ਹੈ। ਧਰਮ, ਫ਼ਲਸਫਾ, ਗਿਆਨ-ਵਿਗਿਆਨ, ਇਨਸਾਨ ਦੁਆਰਾ, ਕੁਦਰਤ ਦੇ ਭੇਤਾਂ ਦੀ ਵਿਆਖਿਆ ਕਰਨ ਲਈ ਸਮੇਂ - ਸਮੇਂ ਕੀਤੀਆਂ ਗਈਆਂ ਕੋਸਿ਼ਸ਼ਾਂ ਦੀ ਹੀ ਉਪਜ ਹਨ। ਕੁਦਰਤ ਦੀ ਇਹ ਖੇਡ ਏਨੀ ਰੌਚਕ ਹੈ ਕਿ ਹਰ ਰੋਜ ਕੁਝ ਨਾ ਕੁਝ ਨਵਾਂ ਵੇਖਣ ਸੁਣਨ ਨੂੰ ਮਿਲ ਹੀ ਜਾਂਦਾ ਹੈ। ਇਨਸਾਨ ਆਪਣੀ ਸੂਝ ਮੁਤਾਬਕ ਕੁਦਰਤ ਦੇ ਕਿਸੇ ਇੱਕ ਭੇਤ ਤੋਂ ਪਰਦਾ ਚੁੱਕਣ ਵਿੱਚ ਕਾਮਯਾਬ ਹੋ ਜਾਂਦਾ ਹੈ ਅਤੇ ਫਿਰ ਆਪਣੀ ਉਸ ਲੱਭਤ ਨੂੰ ਅਟੱਲ ਸੱਚਾਈ ਮੰਨਣ ਲੱਗ ਪੈਂਦਾ ਹੈ। ਪਰ ਸਿਆਣੇ ਕਹਿੰਦੇ ਨੇ ਕਿ ‘ਕੋਈ ਵੀ ਸੱਚ ਅੰਤਮ ਨਹੀਂ ਹੁੰਦਾ’। ਸਮੇਂ ਦੀ ਤੋਰ ਨਾਲ ਜਦੋਂ ਕੁਦਰਤ ਕੁਝ ਨਵੇਂ ਰਾਜ਼ ਬੇਪਰਦਾ ਕਰਦੀ ਹੈ ਤਾਂ ਪਹਿਲਾ ਸੱਚ ਧੁੰਦਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਨਵੇਂ ਸੱਚ ਉਸ ਦੀ ਥਾਂ ਲੈਣੀ ਸ਼ੁਰੂ ਕਰ ਦਿੰਦੇ ਹਨ। ਸਮੇਂ ਦਾ ਪਹੀਆ ਹੋਰ ਗਿੜਦਾ ਹੈ ਤਾਂ ਓਹ ਪੁਰਾਣਾ ਸੱਚ, ਜੋ ਕਦੇ ਅਟੱਲ ਅਤੇ ਇਲਾਹੀ ਹੁੰਦਾ ਸੀ, ਨਵੇਂ ਤੱਥਾਂ ਦੇ ਸਾਹਮਣੇ ਹਾਸੋਹੀਣਾਂ ਅਤੇ ਝੂਠਾ ਜਿਹਾ ਹੋ ਕੇ ਰਹਿ ਜਾਂਦਾ ਹੈ। ਕੋਈ ਸਮਾਂ ਸੀ ਜਦੋਂ ਪ੍ਰਿਥਵੀ ਨੂੰ ਕੁੱਲ ਕਾਇਨਾਤ ਦਾ ਕੇਂਦਰ ਮੰਨਿਆਂ ਜਾਂਦਾ ਸੀ ਅਤੇ ਇਹ ਵੀ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਧਰਤੀ ਕਿਸੇ ਧੌਲੇ ਬਲਦ ਦੇ ਸਿੰਙ ਉੱਪਰ ਟਿਕੀ ਹੋਈ ਹੈ, ਤੇ ਜਦੋਂ ਉਹ ਬਲਦ ਥੱਕ ਕੇ ਸਿੰਙ ਬਦਲਦਾ ਹੈ ਤਾਂ ਭੁਚਾਲ ਆ ਜਾਂਦਾ ਹੈ। ਇਹ ਵੀ ਮੰਨਿਆਂ ਜਾਂਦਾ ਸੀ ਕਿ ਸੂਰਜ, ਚੰਦ, ਸਿਤਾਰੇ ਸਭ ਧਰਤੀ ਮਾਤਾ ਦੀ ਪਰਿਕਰਮਾਂ ਵਿੱਚ ਲੱਗੇ ਹੋਏ ਹਨ। ਇਹ ਸਭ ਗੱਲਾਂ, ਜੋ ਅੱਜ ਹਾਸੋਹੀਣੀਆਂ ਜਿਹੀਆਂ ਜਾਪਦੀਆਂ ਹਨ, ਕਦੇ ਅਟੱਲ ਸੱਚਾਈ ਵਾਂਗ ਪ੍ਰਵਾਣੀਆਂ ਅਤੇ ਪੂਜੀਆਂ ਜਾਂਦੀਆਂ ਸਨ। ਕਿਉਂਕਿ ਇਹ ਵਿਚਾਰ ਵੀ ਉਸ ਸਮੇਂ ਦੇ ਸੂਝਵਾਨ ਵਿਅਕਤੀਆਂ ਨੇ ਆਪਣੀ ਸਮਝ ਮੁਤਾਬਕ ਕੁਦਰਤ ਦੀ ਵਿਆਖਿਆ ਕਰਨ ਹਿੱਤ ਹੀ ਦਿੱਤੇ ਹੋਣਗੇ, ਇਸੇ ਲਈ ਇਹਨਾਂ ਦਾ ਵਰਨਣ ਧਰਮ ਗ੍ਰੰਥਾਂ ਵਿੱਚ ਵੀ ਮਿਲਦਾ ਹੈ। ਅੱਜ ਇਹ ਗੱਲ ਸਰਵਪ੍ਰਵਾਣਿਤ ਹੈ ਕਿ ਧਰਤੀ ਗੋਲ ਹੈ ਅਤੇ ਇਹ ਕਿਸੇ ਬਲਦ ਦੇ ਸਿੰਙਾਂ ‘ਤੇ ਨਹੀਂ ਖਲੋਤੀ ਸਗੋਂ ਸੂਰਜ ਦੁਆਲੇ ਲਗਾਤਾਰ ਚੱਕਰ ਕੱਟ ਰਹੀ ਹੈ। ਸੂਰਜ - ਜੋ ਕਿ ਦਗਦਾ ਹੋਇਆ ਗੈਸਾਂ ਦਾ ਗੋਲਾ ਹੈ- ਸਾਡੇ ਸੌਰਮੰਡਲ ਦਾ ਕੇਂਦਰ ਹੈ। ਬ੍ਰਹਿਮੰਡ ਵਿੱਚ ਅਜਿਹੇ ਅਨੇਕਾਂ ਹੀ ਸੌਰਮੰਡਲ ਹਨ ਅਤੇ ਇਸ ਸਾਰੇ ਪਸਾਰੇ ਦਾ ਕੇਂਦਰ ਕੀ ਹੈ, ਉਸ ਬਾਰੇ ਅਜੇ ਤਾਈਂ ਕੋਈ ਅਤਾ-ਪਤਾ ਨਹੀਂ। ‘ਲੱਖ ਆਕਾਸਾਂ ਆਕਾਸ, ਲੱਖ ਪਾਤਾਲਾਂ ਪਾਤਾਲ’ ਦੀ ਓੜਕ ਭਾਲਦੇ ਮਨੁੱਖ ਦੇ ਹੱਥ ਪਤਾ ਨਹੀਂ ਕਦੋਂ ਕੋਈ ਨਵੀਂ ਚੀਜ ਲੱਗ ਜਾਵੇ, ਜਿਸ ਨਾਲ ਪਹਿਲੀਆਂ ਸਭ ਸੱਚਾਈਆਂ, ਨਿੱਕੀਆਂ, ਊਣੀਆਂ ਅਤੇ ਝੂਠੀਆਂ ਜਿਹੀਆਂ ਜਾਪਣ ਲੱਗ ਪੈਣ। ਖੈ਼ਰ, ਉਪਰੋਕਤ ਮਗਜ਼ਪਚੀ ਤੋਂ ਭਾਵ ਕੇਵਲ ਏਨਾ ਹੀ ਸੀ ਕਿ ਕਿਸੇ ਵੀ ਗੱਲ ਨੂੰ ਅੰਤਮ ਸੱਚ ਮੰਨ ਕੇ ਸਾਰੀ ਉਮਰ ਓਸੇ ਲਕੀਰ ਦੇ ਫ਼ਕੀਰ ਬਣੇ ਰਹਿਣਾਂ ਕੋਈ ਬਹੁਤੀ ਵਧੀਆ ਗੱਲ ਨਹੀਂ, ਸਗੋਂ ਇਨਸਾਨ ਨੂੰ ਹਮੇਸ਼ਾਂ ਕੁਝ ਨਵੇਕਲਾ ਵੇਖਣ, ਸੁਣਨ, ਵਿਚਾਰਣ ਅਤੇ ਕਬੂਲ ਕਰਨ ਲਈ ਆਪਣੀ ਸੋਚ ਦੇ ਦਰਵਾਜੇ ਖੁਲ੍ਹੇ ਰੱਖਣੇ ਚਾਹੀਦੇ ਹਨ। ਅਸਲ ਵਿੱਚ ਮੈਂ ਕੁਝ ਪੜ੍ਹਨ ਦੀ ਕੋਸਿ਼ਸ਼ ਕਰ ਰਿਹਾ ਸੀ ਕਿ ਖਿਆਲ ਦਾ ਪੰਛੀ ਕਿਧਰੇ ਹੋਰ ਹੀ ਉਡਾਰੀ ਮਾਰ ਗਿਆ ਜਿਸ ਕਰਕੇ ਮੈਨੂੰ ਇਹ ਸਤਰਾਂ ਝਰੀਟਣ ਲਈ ਮਜਬੂਰ ਹੋਣਾ ਪਿਆ। ਗੱਲ ਸ਼ੁਰੂ ਹੋਈ, ਵਿਗਿਆਨਕ ਰਸਾਲੇ ‘ਨੇਚਰ’ ਦੇ ਜਨਵਰੀ 2006 ਦੇ ਅੰਕ ਵਿੱਚ ਛਪੀ ਇਕ ਖੋਜ ਤੋਂ, ਜਿਸ ਬਾਰੇ ਜਾਣ ਕੇ ਮੈਨੂੰ ਇਕ ਮਹੱਤਵਪੂਰਣ ਫ਼ਲਸਫਾ ਅਤੇ ਵਿਸ਼ਵਾਸ ਝੂਠਾ ਹੁੰਦਾ ਜਾਪਿਆ। ਬਚਪਨ ਤੋਂ ਲੈ ਕੇ ਹੁਣ ਤੱਕ, ਇਹੋ ਪੜ੍ਹਿਆ – ਸੁਣਿਆ ਸੀ ਕਿ ਧਰਤੀ ’ਤੇ ਜੀਵਨ ਦੀ ਹੋਂਦ ਲਈ ਰੁੱਖ ਬਹੁਤ ਹੀ ਮਹੱਤਵਪੂਰਣ ਹਨ। ਕੁੱਲੀ, ਗੁੱਲੀ ਅਤੇ ਜੁੱਲੀ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਨ ਲਈ ਸਹਾਈ ਹੋਣ ਦੇ ਨਾਲ ਨਾਲ, ਬਨਾਸਪਤੀ ਦੀਆਂ ਸਿਫ਼ਤਾਂ ਦੀ ਲੰਮੀ ਸੂਚੀ ਵਿੱਚ ਛਾਂ ਦੇਣਾ, ਵਾਤਾਵਰਣ ਨੂੰ ਸਾਫ਼ ਰੱਖਣਾਂ, ਹਵਾ ਵਿੱਚੋਂ ਕਾਰਬਨਡਾਈਆਕਸਾਈਡ ਸੋਖ਼ ਕੇ ਤੇ ਆਕਸੀਜਨ ਪੈਦਾ ਕਰਕੇ ਜੀਵਾਂ ਦੇ ਸਾਹ ਲੈਣ ਲਈ ਮੁੜ ਤਰੋਤਾਜ਼ਾ ਕਰਨਾ ਅਤੇ ਮੌਸਮੀਂ ਤਬਦੀਲੀਆਂ ਵਿੱਚ ਯੋਗਦਾਨ ਪਾਓਣਾ ਆਦਿ ਸ਼ਾਮਿਲ ਹਨ। ਸ਼ਾਇਦ ਅਜਿਹੇ ਗੁਣਾਂ ਕਰਕੇ ਹੀ ਲੋਕ ਚੌਕਾਂ – ਚੌਰਾਹਿਆਂ ਵਿੱਚ ਰੁੱਖ ਲਾਉਂਦੇ ਅਤੇ ਪਿੱਪਲਾਂ ਦੀ ਪੂਜਾ ਕਰਦੇ ਹੋਣਗੇ। ਇਹਨਾਂ ਸਭ ਗੁਣਾਂ ਦੇ ਬਾਵਜੂਦ ਜਰਮਨੀ ਵਿੱਚ ਕੰਮ ਕਰ ਰਹੇ ਵਿਗਿਆਨੀਆਂ ਨੂੰ ਇੱਕ ਅਜਿਹੀ ਗੱਲ ਦਾ ਪਤਾ ਲੱਗਾ ਹੈ, ਜਿਸ ਨਾਲ ਵਾਤਾਵਰਣ ਲਈ ਰੁੱਖਾਂ ਦੀ ਭੂਮਿਕਾ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਇਹਨਾ ਵਿਗਿਆਨੀਆਂ ਦਾ ਦਾਅਵਾ ਹੈ ਕਿ ਹਰੇ ਬੂਟੇ ਮੀਥੇਨ ਗੈਸ ਛੱਡਦੇ ਹਨ, ਜੋ ਕਿ ਵਾਤਾਵਰਣ ਲਈ ਬਹੁਤ ਖਤਰਨਾਕ ਹੈ। ਮੀਥੇਨ ਗੈਸ ਉਹੀ ਗੈਸ ਹੈ ਜੋ ਅਸੀਂ ਘਰਾਂ ਵਿੱਚ ਖਾਣਾ ਬਣਾਉਣ ਲਈ ਵਰਤਦੇ ਹਾਂ ਅਤੇ ਇਹ ਕਾਰਬਨਡਾਈਆਕਸਾਈਡ ਨਾਲੋਂ ਵੀ ਛੇ ਗੁਣਾਂ ਵੱਧ ਤਾਕਤਵਰ ‘ਗਰੀਨ-ਹਾਊਸ ਗੈਸ’ ਹੈ। ਉਦਯੋਗਾਂ ਤੋਂ ਇਲਾਵਾ, ਝੀਲਾਂ, ਛੱਪੜ, ਝੋਨੇ ਦੇ ਖੇਤ, ਮੱਝਾਂ-ਗਾਵਾਂ ਅਤੇ ਭੇਡਾਂ ਇਸ ਗੈਸ ਦੇ ਮੁੱਖ ਕੁਦਰਤੀ ਸਰੋਤ ਹਨ। ਇੱਕ ਕਿੱਲੋ ਚੌਲਾਂ ਦੀ ਪੈਦਾਵਾਰ ਪਿੱਛੇ ਅੰਦਾਜਂਨ 100 ਗ੍ਰਾਮ ਮੀਥੇਨ ਗੈਸ ਹਵਾ ਵਿੱਚ ਚਲੀ ਜਾਂਦੀ ਹੈ। ਹੁਣ ਤੱਕ ਇਹੀ ਮੰਨਿਆਂ ਜਾਂਦਾ ਸੀ ਕਿ ਪਾਣੀ ਵਿੱਚ ਡੁੱਬੀ ਜ਼ਮੀਨ ਦੇ ਅੰਦਰ ਮੌਜੂਦ ਕੁਝ ਸੂਖ਼ਮ ਜੀਵ ਮੀਥੇਨ ਗੈਸ ਪੈਦਾ ਕਰਦੇ ਹਨ ਅਤੇ ਪੌਦੇ ਕਿਸੇ ਨਾ ਕਿਸੇ ਤਰਾਂ ਇਸ ਪ੍ਰਕਿਰਿਆ ਵਿੱਚ ਆਪਣਾਂ ਯੋਗਦਾਨ ਪਾਉਂਦੇ ਹਨ। ਪਰ ਜੋ ਨਵੀ ਗੱਲ ਵਿਗਿਆਨੀਆਂ ਦੇ ਸਾਹਮਣੇ ਆਈ ਹੈ, ਉਸ ਮੁਤਾਬਕ ਹਰੇ ਬੂਟੇ ਖ਼ੁਦ ਵੀ ਭਾਰੀ ਮਾਤਰਾ ਵਿੱਚ ਇਹ ਗੈਸ ਪੈਦਾ ਕਰਦੇ ਹਨ। ਅੱਜ ਜਦੋਂ ਕਿ ਸਾਰੀ ਦੁਨੀਆਂ ਵਾਤਾਵਰਣ ਵਿੱਚ ਆ ਰਹੀਆਂ ਤਬਦੀਲੀਆਂ ਲਈ ਸੁਚੇਤ ਹੋ ਰਹੀ ਹੈ, ਇਸ ਨਵੀਂ ਖੋਜ ਨੇ ਵਾਤਾਵਰਣ ਵਿਗਿਆਨੀਆਂ ਦੇ ਸਾਹਮਣੇ ਨਵੀਂ ਚੁਣੌਤੀ ਖੜੀ ਕਰ ਦਿੱਤੀ ਹੈ। ਫਿ਼ਲਹਾਲ ਵਿਗਿਆਨੀ ਇਸ ਖੋਜ ਬਾਰੇ ਇੱਕ ਮੱਤ ਨਹੀਂ ਹਨ। ਕਾਫ਼ੀ ਖੋਜੀਆਂ ਨੇ ਇਸ ਖੋਜ ਦੌਰਾਨ ਕੀਤੀਆਂ ਗਈਆਂ ਗਿਣਤੀਆਂ – ਮਿਣਤੀਆਂ ’ਤੇ ਸਵਾਲੀਆ ਨਿਸ਼ਾਨ ਲਾਏ ਹਨ। ਪਰ ਕੁਝ ਇਕ ਨੇ ਇਸ ਦੀ ਹਮਾਇਤ ਵੀ ਕੀਤੀ ਹੈ। ਵਿਗਿਆਨਕ ਸਫ਼ਾਂ ਵਿੱਚ ਵਿਚਾਰ – ਚਰਚਾ, ਬਹਿਸ ਅਤੇ ਖੋਜ ਕਾਰਜ ਜਾਰੀ ਹੈ। ਜੇਕਰ ਉਪਰੋਕਤ ਖੋਜ, ਵਿਗਿਆਨਕ ਕਸੌਟੀਆਂ ’ਤੇ ਖਰੀ ਉੱਤਰਦੀ ਹੈ ਤਾਂ ਪਹਿਲਾਂ ਤੋਂ ਪ੍ਰਵਾਣਿਤ ਸੱਚ ਕਿ ‘ਵਧੇਰੇ ਰੁੱਖ ਲਗਾਉਣਾ ਵਾਤਾਵਰਣ ਲਈ ਲਾਭਦਾਇਕ ਹੈ’ ਸ਼ਾਇਦ ਓਨਾ ਠੋਸ ਅਤੇ ਮੰਨਣਯੋਗ ਨਾ ਰਹਿ ਜਾਵੇ। ਕੱਲ੍ਹ ਨੂੰ ਕੀ ਸੱਚ ਸਾਬਿਤ ਹੁੰਦਾ ਹੈ, ਇਸ ਗੱਲ ਦਾ ਫੈਸਲਾ ਤਾਂ ਆਉਣ ਵਾਲਾ ਵਕ਼ਤ ਹੀ ਕਰੇਗਾ। ਪਰ ਹਾਲ ਦੀ ਘੜੀ ਸੱਚਾਈ ਇਹੀ ਹੈ ਕਿ ‘ਰੁੱਖ ਲਗਾਉਣਾ ਮਾਨਵਤਾ ਲਈ ਭਲੇ ਦੀ ਗੱਲ ਹੈ’। ਸੋ ਮੇਰੀ ਜਾਚੇ ਜਦੋਂ ਤੀਕ ਵਿਗਿਆਨੀ ਨਿਤਾਰਾ ਨਹੀਂ ਕਰ ਲੈਂਦੇ ਸਾਨੂੰ ਇਹ ਭਲੇ ਦਾ ਕਾਰਜ ਜਾਰੀ ਰੱਖਣਾਂ ਚਾਹੀਦਾ ਹੈ।

SocialTwist Tell-a-Friend

ਗੁਰਬੀਰ ਸਿੰਘ ਭੁੱਲਰ

ਉਪਰ

© sanjhamarg.com