| ਘਰ | ਅਣਹੋਣੀ | ਸੰਪਰਕ |
|
ਰਵਿੰਦਰ ਨੂੰ ਦਸ ਵਰ੍ਹੇ ਪਹਿਲਾਂ ਸ੍ਰੀਨਿਵਾਸ ਨਾਲ ਵੱਖ-ਵੱਖ ਸਮਿਆਂ ਤੇ ਕੁੱਝ ਮਹੀਨਿਆਂ ਤੱਕ ਰਹਿਣ ਦਾ ਮੌਕਾ ਮਿਲਿਆ ਸੀ। ਸ੍ਰੀਨਿਵਾਸ ਇੱਕ ਕੁਸ਼ਲ ਇੰਟੀਰੀਅਰ ਡਿਜ਼ਾਈਨਰ ਸੀ। ਇੰਟੀਰੀਅਰ ਡਿਜ਼ਾਈਨਿੰਗ ਦੇ ਨਾਲ-ਨਾਲ ਸ੍ਰੀਨਿਵਾਸ ਨੂੰ ਫੋਟੋਗ੍ਰਾਫੀ ਦਾ ਵੀ ਜਨੂਨ ਦੀ ਹੱਦ ਤੱਕ ਸ਼ੌਕ ਸੀ।
ਪਹਿਲਾਂ-ਪਹਿਲਾਂ ਤਾਂ ਰਵਿੰਦਰ ਨੂੰ ਸ੍ਰੀਨਿਵਾਸ ਇੱਕ ਸ਼ਰਾਬੀ ਅਤੇ ਆਪਣੇ ਆਪ ਨੂੰ ਵੱਡੇ-ਵੱਡੇ ਧੋਖੇ ਦੇਣ ਵਾਲਾ ਬੰਦਾ ਜਾਪਿਆ ਸੀ। ਜਿਉਂ-ਜਿਉਂ ਰਵਿੰਦਰ ਦੇ ਸਾਹਮਣੇ ਸ੍ਰੀਨਿਵਾਸ ਦੀਆਂ ਯੋਗਤਾ ਦੇ ਭੇਦ ਖੁਲ੍ਹਦੇ ਗਏ ਤਾਂ ਰਵਿੰਦਰ ਦੀ ਸ੍ਰੀਨਿਵਾਸ ਨਾਲ ਨੇੜਤਾ ਵਧਦੀ ਗਈ। ਰਵਿੰਦਰ ਅਕਸਰ ਸ੍ਰੀਨਿਵਾਸ ਨਾਲ ਵਿਹਲੇ ਸਮੇਂ ਵਿੱਚ ਰੱਜ ਕੇ ਗੱਲਾਂਬਾਤਾਂ ਕਰਿਆ ਕਰਦਾ ਸੀ।ਕਦੀ-ਕਦੀ ਰਵਿੰਦਰ ਅਤੇ ਸ੍ਰੀਨਿਵਾਸ ਘੁੰਮਣ–ਫਿਰਨ ਲਈ ਦੂਰ-ਦੂਰ ਤੱਕ ਨਿਕੱਲ ਜਾਂਦੇ ਸਨ। ਰਵਿੰਦਰ ਨੂੰ ਸ੍ਰੀਨਿਵਾਸ ਦੀਆਂ ਗੱਲਾਂ ਇੱਕ ਨਸ਼ਾ ਜਿਹਾ ਦੇਣ ਲੱਗੀਆਂ ਸਨ। ਇੱਕ ਵਾਰ ਸ੍ਰੀਨਿਵਾਸ ਮਹਾਂਕੁੰਭ ਦਾ ਮੇਲਾ ਵੇਖਣ ਲਈ ਹਰਿਦੁਆਰ ਗਿਆ ਸੀ। ਸ੍ਰੀਨਿਵਾਸ ਨੇ ਮਹਾਂਕੁੰਭ ਦੇ ਮੇਲੇ ਵਿੱਚ ਆਉਣ ਵਾਲੇ ਬਹੁਤ ਸਾਰੇ ਸ਼ਰਧਾਲੂਆਂ ਅਤੇ ਸਾਧੂਆਂ-ਸਾਧਵੀਆਂ ਦੀਆਂ ਆਪਣੇ ਬਹੁਤ ਹੀ ਵਧੀਆ ਕੈਮਰੇ ਨਾਲ ਬਹੁਤ ਸਾਰੀਆਂ ਤਸਵੀਰਾਂ ਖਿੱਚੀਆਂ ਸਨ। ਸ੍ਰੀਨਿਵਾਸ ਵੱਲੋਂ ਖਿਚੀਆਂ ਗਈਆਂ ਸਾਰੀਆਂ ਤਸਵੀਰਾਂ ਵਿੱਚੋਂ ਕਲਾਤਮਿਕਤਾ ਝਲਕ ਰਹੀ ਸੀ। ਮਹਾਂਕੁੰਭ ਦੇ ਮੌਕੇ ਤੇ ਖਿੱਚੀਆਂ ਇਨ੍ਹਾਂ ਬਹੁਤ ਸਾਰੀਆਂ ਤਸਵੀਰਾਂ ਵਿਚੋਂ ਸ੍ਰੀਨਿਵਾਸ ਨੇ ਤਿੰਨ ਤਸਵੀਰਾਂ ਅਲੱਗ ਸਾਂਭ ਕੇ ਰੱਖੀਆਂ ਹੋਈਆਂ ਸਨ। ਸ੍ਰੀਨਿਵਾਸ ਨੇ ਇਹ ਤਸਵੀਰਾਂ ਰਵਿੰਦਰ ਨੂੰ ਬੜੇ ਉਚੇਚੇ ਤੌਰ ਤੇ ਵਿਖਾਈਆਂ। ਪਹਿਲੀ ਤਸਵੀਰ ਵਿੱਚ ਇੱਕ ਸਾਧੂ ਅਤੇ ਇੱਕ ਸਾਧਵੀ ਇੱਕ ਦੂਜੇ ਤੋਂ ਦੋ ਵਿਪਰੀਤ ਦਿਸ਼ਾਵਾਂ ਵੱਲ ਜਾ ਰਹੇ ਸਨ। ਦੂਜੀ ਤਸਵੀਰ ਵਿੱਚ ਉਹੀ ਸਾਧੂ ਅਤੇ ਸਾਧਵੀ ਅਹਮਣਿਉਂ-ਸਾਹਮਣਿਉਂ ਇੱਕ ਦੂਜੇ ਵੱਲ ਆ ਰਹੇ ਸਨ। ਤੀਜੀ ਤਸਵੀਰ ਵਿੱਚ ਉਹੋ ਸਾਧੂ ਅਤੇ ਸਾਧਵੀ ਇੱਕ ਦੂਜੇ ਦੇ ਬਹੁਤ ਨੇੜੇ ਬੈਠੇ ਸਨ ਅਤੇ ਇੰਝ ਜਾਪ ਰਿਹਾ ਸੀ ਜਿਵੇਂ ਉਹ ਸਾਧੂ ਅਤੇ ਸਾਧਵੀ ਇੱਕ ਦੂਜੇ ਦੇ ਕਾਫ਼ੀ ਨੇੜੇ ਆ ਗਏ ਹੋਣਗੇ। ਰਵਿੰਦਰ ਨੂੰ ਸ੍ਰੀਨਿਵਾਸ ਵੱਲੋਂ ਖਿੱਚੀਆਂ ਹੋਈਆਂ ਸਾਧੂ ਅਤੇ ਸਾਧਵੀ ਦੀਆਂ ਇਹ ਤਸਵੀਰਾਂ ਕਿਸੇ ਪਹੇਲੀ ਵਾਂਗ ਜਾਪ ਰਹੀਆਂ ਸਨ। ਮਹਾਂਕੁੰਭ ਦੇ ਮੇਲੇ ਵਿੱਚ ਸ੍ਰੀਨਿਵਾਸ ਵੱਲੋਂ ਖਿੱਚੀਆਂ ਗਈਆਂ ਹੋਰ ਬਹੁਤ ਸਾਰੀਆਂ ਤਸਵੀਰਾਂ ਵਿੱਚ ਵੀ ਉਹ ਸਾਧੂ ਅਤੇ ਸਾਧਵੀ ਮੌਜੂਦ ਸਨ। ਪਰ ਸ੍ਰੀਨਿਵਾਸ ਵੱਲੋਂ ਅਲੱਗ ਰੱਖੀਆਂ ਹੋਈਆਂ ਉਹ ਤਿੰਨੇ ਤਸਵੀਰਾਂ ਉਹ ਕਹਾਣੀ ਬਿਆਨ ਕਰ ਰਹੀਆਂ ਸਨ ਜੋ ਸ਼ਾਇਦ ਸ਼ਬਦਾਂ ਵਿੱਚ ਵੀ ਬਿਆਨ ਨਹੀਂ ਕੀਤੀ ਜਾ ਸਕਦੀ ਸੀ। ਸ੍ਰੀਨਿਵਾਸ ਨੇ ਰਵਿੰਦਰ ਨੂੰ ਇਹ ਵੀ ਦੱਸਿਆ ਸੀ ਕਿ ਸਾਧੂ ਅਤੇ ਸਾਧਵੀ ਦੇ ਹਰੇਕ ਹਾਵ-ਭਾਵ ਤੋਂ ਇੰਝ ਜਾਪਦਾ ਸੀ ਕਿ ਸਾਧੂ ਅਤੇ ਸਾਧਵੀ ਨੂੰ ਇੱਕ ਦੂਜੇ ਨਾਲ ਅੰਤਾਂ ਦਾ ਮੋਹ ਅਤੇ ਪਿਆਰ ਹੋ ਗਿਆ ਹੋਵੇਗਾ। ਰਵਿੰਦਰ ਨੇ ਕੇਵਲ ਮਜ਼ਾਕ ਕਰਦਿਆਂ ਸ੍ਰੀਨਿਵਾਸ ਨੂੰ ਕਿਹਾ ਸੀ ਕਿ ਜਿਵੇਂ ਲੰਬੇ ਸਮੇਂ ਬਾਅਦ ਲੱਗਣ ਵਾਲੇ ਮਹਾਂਕੁੰਭ ਦੇ ਮੇਲੇ ਵਿੱਚੋਂ ਸਾਧੂ ਅਤੇ ਸਾਧਵੀ ਨੇ ਇੱਕ ਦੂਜੇ ਨੂੰ ਲੱਭ ਲਿਆ ਸੀ ਉਵੇਂ ਹੀ ਉਹ ਵੀ ਉਮਰ ਲੰਘਣ ਤੋਂ ਪਹਿਲਾਂ-ਪਹਿਲਾਂ ਇਸ ਭਰੀ ਦੁਨੀਆਂ ਵਿੱਚੋਂ ਕੋਈ ਆਪਣੇ ਵਿਆਹ ਲਈ ਕੋਈ ਸੁੱਘੜ ਮੁਟਿਆਰ ਲੱਭ ਲਵੇ। ਰਵਿੰਦਰ ਦੀ ਇਹ ਗੱਲ ਸੁਣ ਕੇ ਸ੍ਰੀਨਿਵਾਸ ਨੇ ਬੜੀ ਗੰਭੀਰਤਾ ਨਾਲ ਉਸ ਨੂੰ ਕਿਹਾ ਸੀ ਕਿ ਕਿਸੇ ਸੁੱਘੜ ਮੁਟਿਆਰ ਨੂੰ ਲੱਭਣ ਤੋਂ ਪਹਿਲਾਂ ਉਸ ਨੇ ਦੁਨੀਆ ਅਤੇ ਦੁਨੀਆ ਦਾਰੀ ਦੇ ਹੋਰ ਬੜੇ ਮਹੱਤਵਪੂਰਨ ਕੰਮ ਕਰਨੇ ਹਨ। ਕੁੱਝ ਦਿਨ ਪਹਿਲਾਂ ਰਵਿੰਦਰ ਨੂੰ ਦੋ ਖ਼ਬਰਾਂ ਮਿਲੀਆਂ ਸਨ। ਪਹਿਲੀ ਖ਼ਬਰ ਇਹ ਕਿ ਸ੍ਰੀਨਿਵਾਸ ਦੀ ਵਿਆਹ ਹੋਣ ਤੋਂ ਪਹਿਲਾਂ ਹੀ ਬਹੁਤ ਜ਼ਿਆਦਾ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਸੀ। ਦੂਜੀ ਖ਼ਬਰ ਇਹ ਕਿ ਇੱਕ ਸਾਧਵੀ ਕਿਸਮ ਦੀ ਇਸਤਰੀ ਇੱਕ ਸਾਧੂ ਕਿਸਮ ਦੇ ਬੰਦੇ ਦੀ ਲਾਸ਼ ਨੂੰ ਇਕੱਲਿਆਂ ਲੈ ਕੇ ਹਰਿਦੁਆਰ ਪਹੁੰਚੀ ਸੀ ਅਤੇ ਉੱਥੇ ਉਸ ਨੇ ਇਕੱਲਿਆਂ ਹੀ ਉਸ ਸਾਧੂ ਦਾ ਅੰਤਿਮ ਸੰਸਕਾਰ ਕਰਵਾਇਆ ਸੀ। ਰਵਿੰਦਰ ਜਾਣਦਾ ਸੀ ਕਿ ਇਹ ਦੋਵੇਂ ਖ਼ਬਰਾਂ ਬਿਲਕੁਲ ਸੱਚੀਆਂ ਸਨ। ਇਨ੍ਹਾਂ ਦੋਹਾਂ ਖ਼ਬਰਾਂ ਨਾਲ ਸੰਬੰਧਿਤ ਬੰਦੇ ਵੀ ਕਿਸੇ ਕਹਾਣੀ ਦੇ ਕਾਲਪਨਿਕ ਪਾਤਰ ਨਹੀਂ ਸਨ। ਅਸਲ ਜ਼ਿੰਦਗੀ ਦੇ ਇਨ੍ਹਾਂ ਅਸਲੀ ਪਾਤਰਾਂ ਨਾਲ ਵਾਪਰੀ ਅਣਹੋਣੀ ਨੇ ਰਵਿੰਦਰ ਨੂੰ ਧੁਰ ਅੰਦਰ ਤੱਕ ਹਲੂਣ ਕੇ ਰੱਖ ਦਿੱਤਾ ਸੀ। ![]() |
| © sanjhamarg.com |