ਘਰ (ਨਜ਼ਮ) ਨਿਰਾਸ਼ਾ ਸੰਪਰਕ

ਪਰਮਿੰਦਰ ਸਿੰਘ ਅਜ਼ੀਜ਼


ਹਾਂ ਮੈਂ ਮੰਨਦਾ ਹਾਂ
ਮੇਰੇ ਹੱਥਾਂ ਦੀਆਂ ਲਕੀਰਾਂ ਵਿਚ
ਨਾ ਹੀ ਤੇਰਾ ਨਾਂ ਸੀ
ਤੇ ਨਾ ਹੀ ਮੇਰੇ ਤਰਸੇ ਹੋਏ ਹੱਥਾਂ ਨੂੰ
ਕਦੇ ਮਿਲਣੀ ਸੀ ਜੀ ਭਰ ਕੇ
ਤੇਰੇ ਮਖਮਲੀ ਹੱਥਾਂ ਦੀ ਛੋਹ

ਨਾ ਤਾਂ ਸਜਣੇ ਸੀ ਸੁਪਨੇ ਸੋਹਣੇ
ਨਾ ਹੀ ਆਉਣਾ ਸੀ ਕਦੇ
ਬੇਚੈਨ ਮੇਰੇ ਦਿਲ ਨੂੰ ਕਰਾਰ
ਨਾ ਸਮਝਣੀ ਸੀ ਤੂੰ ਹਾਲਤ ਦਿਲ ਦੀ
ਨਾ ਮੈਨੂੰ ਮਿਲਣਾ ਸੀ ਕਦੇ
ਤੇਰੀਆਂ ਬਾਹਾਂ ਦਾ ਹੀ ਹਾਰ

ਮੈਂ ਹੀ ਪਾਗਲ ਸਾਂ
ਕਿ ਫਿਰ ਵੀ ਹਰ ਦਮ
ਇਕ ਤੇਰੇ ਆਉਣ ਦੀ ਆਸ ਦੇ
ਦੀਵੇ ਮੈਂ ਜਗਾਉਂਦਾ ਰਿਹਾ
ਹਰ ਇਕ ਰਾਤ ਰਤਜਗੇ ਕੱਟ ਕੇ
ਰਾਤ ਦੇ ਪਿਛਲੇ ਪਿਹਰ 
ਆਪ ਹੀ ਬੁਝਾਉਂਦਾ ਰਿਹਾ

ਮੈਂ ਹਮੇਸ਼ਾ ਖੁਦਾਈ ਦੇ ਵੱਲ
ਵੇਖਦਾ ਸਾਂ ਉਸ ਤੇ ਹੱਸਦੇ ਹੋਏ

ਕਿ ਉਸ ਦੇ ਨਾ ਚਾਹੁਣ ਦੇ ਬਾਵਜੂਦ
ਮੈਂ ਤੈਨੂੰ ਆਖਰ ਪਾ ਲਿਆ ਹੈ
ਲੱਖ ਰੋੜੇ ਅਟਕਾਏ ਮੇਰੇ ਰਾਹ ਵਿਚ ਪਰ
ਤੈਨੂੰ ਸੇ ਹੋਰ ਦੀ ਕਿਸਮਤ ਵਿਚੋਂ
ਮੈਂ ਚੁਰਾ ਲਿਆ ਹੈ

ਪਰ ਇਹ ਸੀ ਮੇਰੀ ਨਾ-ਸਮਝੀ
ਤੂੰ ਵੀ ਅਹਿਸਾਸ ਦੁਆਇਆ ਮੈਨੂੰ ਗੱਲ-ਗੱਲ ਤੇ
ਇਕ ਵਾਰੀ ਨਹੀਂ ਸਗੋਂ ਕਈ ਵੇਰਾਂ
ਕਿ ਚੁਰਾਏ ਹੋਏ ਕਿਸੇ ਖਜ਼ਾਨੇ ਦੀ
ਵਰਤੋਂ ਤਾਂ ਕਰ ਸਕਦਾ ਹਾਂ ਪਰ
ਮਾਲਕ ਮੈਂ ਨਹੀਂ ਹੋ ਸਕਦਾ

ਮੈਂ ਚਿਤਚੋਰ ਹੀ ਰਿਹਾ, ਕਦੇ
ਦਿਲ ਤੇਰੇ ਦਾ ਨਾ ਮਾਲਕ ਬਣਿਆ
ਤੇ ਹੁਣ ਮਨ ਵਿਚ ਰਹਿ ਰਹਿ ਕੇ
ਆ ਰਿਹਾ ਹੈ ਇਕ ਹੀ ਸਵਾਲ
ਰੇਤ ਦਾ ਘਰ ਮੈਂ ਉਸਾਰਿਆ ਹੀ ਕਿਉਂ
ਕਿਉਂ ਮੈਂ ਖਿਚਦਾ ਰਿਹਾ ਸਾਰੀ ਉਮਰ
ਪਾਣੀ 'ਤੇ ਲਕੀਰਾਂ

ਨਾ ਹੀ ਮੈਂ ਗਲਤ ਤੇ ਠੀਕ ਦਾ
ਅੰਤਰ ਜਾਣਨ ਦੀ ਕੋਸ਼ਿਸ਼ ਕੀਤੀ
ਨਾ ਹੀ ਮੈਂ ਖੁਦ ਦੀਆਂ ਨਜ਼ਰਾਂ ਵਿਚੋਂ
ਉੱਠਣ ਦਾ ਕੀਤਾ ਕੋਈ ਜਤਨ

ਅੱਜ ਡਿੱਗਿਆ ਹਾਂ ਮੈਂ ਆਕਾਸ਼ ਦੀ ਉਚਾਈ ਤੋਂ
ਅੱਜ ਹਕੀਕਤ ਨਾਲ ਹੋ ਰਿਹਾ ਹਾਂ ਰੂ-ਬ-ਰੂ
ਨਾ ਹੀ ਹੁਣ ਬਦਨ ਵਿਚ ਹਿੰਮਤ ਹੈ ਟੁਰਨੇ ਦੀ
ਨਾ ਹੀ ਦਿਲ ਨੂੰ ਮੰਜ਼ਿਲ ਦਾ ਕੋਈ ਚਾਅ ਹੀ ਰਿਹਾ
ਥੱਕ ਕੇ ਹੁਣ ਬੈਠ ਗਿਆ ਹਾਂ ਮੈਂ ਤਾਂ ਰਸਤੇ ਵਿਚ

ਕੋਈ ਆਵਾਜ਼ ਕੋਈ ਆਹਟ ਨਹੀਂ ਸੁਣਦੀ ਕਿਤੋਂ
ਜੋ ਕਿ ਹੁਣ ਰੋਕ ਕੇ ਕਹੇ ਮੈਨੂੰ
"ਦਰ ਮੇਰਾ ਤੇਰੇ ਲਈ ਖੁੱਲਾ ਹੈ
ਜਦ ਜੀ ਹੋਵੇ ਲੰਘ ਆਵੀਂ, ਕਿਸੇ ਵੀ ਵੇਲੇ"

ਤੇ ਹਮੇਸ਼ਾ ਹਮੇਸ਼ਾ ਦੇ ਲਈ
ਲੈ ਜਾਵੇ ਦੂਰ ਹਰ ਨਿਰਾਸ਼ਾ ਤੋਂ


SocialTwist Tell-a-Friend

ਪਰਮਿੰਦਰ ਸਿੰਘ ਅਜ਼ੀਜ਼

ਉਪਰ

© sanjhamarg.com