ਘਰ ‘ਨਜ਼ਰੀਆ ਇਓਂ ਬਦਲਿਆ’ ਸੰਪਰਕ

ਗੁਰਬੀਰ ਸਿੰਘ ਭੁੱਲਰ


 ਨਿਸ਼ਾਨ ਸਿੰਘ ਜੀ ਦਾ ਲੇਖ ‘ਮੰਗਣ ਨਾਲੋਂ ਮਰਨਾ ਚੰਗਾ’ ਪੜ੍ਹ ਕੇ ਕੁਝ ਖਿਆਲ ਆਏ ਜੋ ਆਪ ਸਭ ਨਾਲ ਸਾਂਝੇ ਕਰ ਰਿਹਾ ਹਾਂ।


         ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਕ ਕਹਾਣੀ ਸੁਣਾਉਣੀ ਚਾਹੁੰਦਾ ਹਾਂ ਜੋ ਸਕੂਲ ਵਿੱਚ ਸਾਡੇ ਪ੍ਰਿੰਸੀਪਲ ਸਰਦਾਰ ਸਵਰਨ ਸਿੰਘ ਜੀ ਅਕਸਰ ਸੁਣਾਇਆ ਕਰਦੇ ਹਨ। ਕਹਿੰਦੇ ‘ਜੱਟਾਂ ਅਤੇ ਪਠਾਣਾ ਦੇ ਸੁਭਾਅ ਵਿੱਚ ਮੰਗ ਕੇ ਖਾਣਾ ਸ਼ਾਮਿਲ ਨਹੀਂ ਹੈ। ਜੇ ਕਦੇ ਮੁਸ਼ਕਲ ਪੈ ਜਾਵੇ ਤਾਂ ਇਨ੍ਹਾਂ ਨੂੰ ਤਾਂ ਮੰਗ ਕੇ ਖਾਣਾ ਵੀ ਨਹੀਂ ਆਉਣਾਂ। ਇੱਕ ਜੱਟ ਅਤੇ ਪਠਾਣ ਦੀ ਚੰਗੀ ਯਾਰੀ ਸੀ। ਦੋਵੇਂ ਕਿਸੇ ਲੰਮੇ ਸਫ਼ਰ ਤੇ ਜਾ ਰਹੇ ਸਨ ਕਿ ਰਸਤੇ ਵਿੱਚ ਕਾਫ਼ੀ ਭੁੱਖ ਲੱਗ ਗਈ। ਹੋਰ ਕੋਈ ਚਾਰਾ ਨਾ ਚੱਲਦਾ ਦਿਸਿਆ ਤਾਂ ਦੋਵਾਂ ਨੇ ਸਲਾਹ ਕੀਤੀ ਕਿ ਕਿਉਂ ਨਾ ਅਗਲੇ ਪਿੰਡੋਂ ਕੁਝ ਮੰਗ ਕੇ ਹੀ ਖਾ ਲਿਆ ਜਾਵੇ। ਹੁਣ ਸਵਾਲ ਇਹ ਪੈਦਾ ਹੋ ਗਿਆ ਕਿ ਮੰਗੇਗਾ ਕੌਣ, ਕਿਉਂਕਿ ਮੰਗਣਾਂ ਤਾਂ ਦੋਵਾਂ ਵਿੱਚੋਂ ਕਿਸੇ ਨੇ ਵੀ ਨਹੀਂ ਸਿੱਖਿਆ। ਅਖੀਰ ਫੈਸਲਾ ਇਹ ਹੋਇਆ ਕਿ ਦੋਵਾਂ ਨੂੰ ਰਲ ਕੇ ਮੰਗਣਾਂ ਚਾਹੀਦਾ ਹੈ। ਸਕੀਮ ਇਹ ਬਣੀ ਕਿ ਪਠਾਣ ਜੱਟ ਨੂੰ ਮੋਢਿਆਂ ਤੇ ਚੁੱਕ ਲਵੇਗਾ ਤੇ ਮੰਗੇਗਾ ਜੱਟ। ਸੋ ਪਠਾਣ ਨੇ ਜੱਟ ਨੂੰ ਮੋਢਿਆਂ ਤੇ ਚੁੱਕ ਲਿਆ ਤੇ ਜਾ ਦਰਵਾਜਾ ਖੜਕਾਇਆ ਕਿਸੇ ਦਾ। ਘਰ ਵਾਲੀ ਮਾਈ ਨੇ ਦਰਵਾਜਾ ਖੋਲ੍ਹਿਆ ਤੇ ਪੁੱਛਿਆ ਕਿ ਦੱਸੋ ਕਿਧਰ ਆਏ? ਤਾਂ ਮੋਢਿਆਂ ਤੇ ਸਵਾਰ ਜੱਟ ਕਹਿੰਦਾ ‘ਓ ਮਾਈ ਆਉਣਾ ਕਿੱਧਰ ਆ, ਆਹ ਜਿਹੜਾ ਭੇਡੂ ਮੇਰੇ ਥੱਲੇ ਆ ਇਹ ਭੁੱਖਾ ਮਰਿਆ ਪਿਆ ਈ, ਲਿਆ ਜੇ ਕੋਈ ਟੁੱਕਰ ਪੱਕਿਆ ਹੈਗਾ ਈ ਤਾਂ ਦੇ ਇਹਨੂੰ, ਝੁਲਸ ਲਵੇ’। ਪਠਾਣ ਹੁਣ ਏਨੀ ਗੱਲ ਕਿਵੇਂ ਬਰਦਾਸ਼ਤ ਕਰਦਾ, ਉਹਨੇ ਜੱਟ ਨੂੰ ਪਲਟਾ ਕੇ ਮਾਰਿਆ ਥੱਲੇ ਤੇ ਕਹਿੰਦਾ ‘ਨਾ ਮਾਈ ਨਾ, ਮੈਨੂੰ ਕੋਈ ਭੁੱਖ ਭੱਖ ਨਹੀਂ ਲੱਗੀ, ਜਾਨ ਤਾ ਇਸੇ ਕੰਜਰ ਦੀ ਨਿਕਲੀ ਜਾਂਦੀ ਸੀ’। ਸੋ ਰੋਟੀਆਂ ਤਾਂ ਉਹਨਾਂ ਨੂੰ ਕੀ ਕਿਸੇ ਨੇ ਖਵਾਉਣੀਆਂ ਸੀ, ਉਹ ਆਪਸ ਵਿੱਚ ਹੀ ਲੜ ਪਏ।’’


         ਇਹ ਤਾਂ ਹੋਈ ‘ਮੰਗਣ ਨਾਲੋਂ ਮਰਨਾ ਚੰਗਾ’ ਵਾਲੀ ਗੱਲ। ਪਰ ਜਿਵੇਂ ਨਿਸ਼ਾਨ ਸਿੰਘ ਜੀ ਨੂੰ ਹਰ ਕੋਈ ਮੰਗਦਾ ਜਾਪ ਰਿਹਾ ਹੈ ੳਸੇ ਗੱਲ ਦੀ ਤਰਜਮਾਨੀ ਕਰਦੇ, ਗੁਰਦਾਸ ਮਾਨ ਜੀ ਦੇ ਹੀ ਇੱਕ ਹੋਰ ਗੀਤ ਦੇ ਬੋਲ ਹਨ ‘ਦੁਨੀਆਂ ਦਾ ਹਰ ਬੰਦਾ ਮੰਗਤਾ, ਕੋਈ ਮਾੜਾ ਮੰਗਤਾ ਕੋਈ ਚੰਗਾ ਮੰਗਤਾ’। ਉਹ ਗੀਤ ਤਾਂ ਸ਼ਾਇਦ ਅਧਿਆਤਮਕ ਰੰਗਤ ਵਿੱਚ ਗਾਇਆ ਹੋਇਆ ਹੈ। ਪਰ ਗੱਲ ਸੰਸਾਰਕ ਤੇ ਵਿਹਾਰਕ ਪੱਧਰ ਤੇ ਵੀ ਸੱਚੀ ਜਾਪਦੀ ਹੈ। ਮੰਗ ਤਾਂ ਕਿਸੇ ਨਾ ਕਿਸੇ ਬਹਾਨੇ ਹਰ ਕੋਈ ਰਿਹਾ ਹੈ, ਪਰ ਜਾਇਜ ਅਤੇ ਨਾਜਾਇਜ ਦੀ ਹੱਦਬੰਦੀ ਤੈਅ ਕਰਨ ਲਈ ਹਰ ਕਿਸੇ ਦੇ ਆਪਣੇ ਮਾਪਦੰਡ ਹੋ ਸਕਦੇ ਹਨ। ਮਿਸਾਲ ਦੇ ਤੌਰ ਤੇ ਹੋ ਸਕਦਾ ਹੈ ਕਿ ਵੋਟਾਂ ਲਈ ਪਾਰਟੀ ਫੰਡ ਮੰਗਣ ਆਏ ਲੀਡਰ ਨੂੰ ਪੰਜ ਹਜਾਰ ਦੇ ਦਿੱਤਾ ਜਾਵੇ ਤੇ ਲੋਹੜੀ ਮੰਗਣ ਆਏ ਜਵਾਕਾਂ ਨੂੰ ਪੰਜ ਪੈਸੇ ਵੀ ਨਾ ਦਿੱਤੇ ਜਾਣ।


         ਰਾਜਸਥਾਨ ਦੇ ਰਾਂਘੜ ਜੱਟ ਵਾਲੀ ਘਟਨਾਂ ਕਰੀਬ ਛੇ - ਸੱਤ ਸਾਲ ਪਹਿਲਾਂ, ਖੇਤੀਬਾੜੀ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਲੁਧਿਆਣੇ ਦੇ ਸਰਾਭਾ ਨਗਰ ਵਿੱਚ ਮੇਰੇ ਇੱਕ ਦੋਸਤ ਨਾਲ ਵੀ ਵਾਪਰੀ ਸੀ। ਮੇਰੇ ਦੋਸਤ ਦੀ ਜੇਬ ਵਿੱਚ ਉਸ ਸਮੇਂ ਕੇਵਲ ੫੦ ਰੁਪਏ ਹੀ ਸਨ ਜੋ ਉਸ ਨੇ ਰਾਜਸਥਾਨੀ ਬੰਦੇ ਦੀ ਦੁੱਖ ਭਰੀ ਕਹਾਣੀ ਤੋਂ ਪਸੀਜ ਕੇ ਉਸ ਨੂੰ ਦੇ ਦਿੱਤੇ। ਕਿਉਂਕਿ ਉਹ ਬੰਦਾ ਵਾਅਦਾ ਕਰ ਰਿਹਾ ਸੀ ਕਿ ਜੇ ਅੱਜ ਦੀ ਰੋਟੀ ਦਾ ਬੰਦੋਬਸਤ ਹੋ ਜਾਵੇ ਤਾਂ ਅਗੋਂ ਵਾਸਤੇ ਉਹ ਕੋਈ ਨਾ ਕੋਈ ਕੰਮ ਕਾਰ ਲੱਭ ਲਵੇਗਾ ਅਤੇ ਮਿਹਨਤ ਮਜਦੂਰੀ ਕਰਕੇ ਪੇਟ ਭਰ ਲਵੇਗਾ। ਪਰ ਦੋ ਕੁ ਹਫਤਿਆਂ ਬਾਅਦ ਉਹੀ ਬੰਦਾ ਮੇਰੇ ਦੋਸਤ ਨੂੰ ਉਸੇ ਮੋੜ ਤੇ ਫੇਰ ਮੰਗਦਾ ਦਿਸ ਪਿਆ। ਜਦੋਂ ਮੇਰੇ ਦੋਸਤ ਨੇ ਉਸ ਨੂੰ ਮਿਹਨਤ ਕਰਨ ਵਾਲਾ ਵਾਅਦਾ ਯਾਦ ਦਵਾਇਆ ਤਾਂ ਉਹ ਠਠੰਬਰ ਜਿਹਾ ਗਿਆ ਅਤੇ ਬਹਾਨੇ ਬਣਾਉਣ ਲੱਗਾ। ਇਸ ਘਟਨਾ ਤੋਂ ਬਾਅਦ ਉਸ ਭਲੇ ਲੋਕ ਨੇ ਮੰਗਤਿਆਂ ਨੂੰ ਕੁਝ ਦੇਣ ਤੋਂ ਗੁਰੇਜ਼ ਹੀ ਕਰਨਾ ਸੁ਼ਰੂ ਕਰ ਦਿੱਤਾ।


         ਕੁਝ ਸਮੇਂ ਬਾਅਦ ਮੈਨੂੰ ਆਪਣੇ ਇੱਕ ਹੋਰ ਦੋਸਤ ਨਾਲ ਉਸ ਦੇ ਵੀਜ਼ੇ ਦੇ ਸੰਬੰਧ ਵਿੱਚ ਦਿੱਲੀ ਜਾਣਾ ਪੈ ਗਿਆ। ਜਦੋਂ ਉਹ ਇੰਟਰਵਿਊ ਵਾਸਤੇ ਅੰਦਰ ਗਿਆ ਹੋਇਆ ਸੀ ਤਾਂ ਮੈਂ ਅਮਰੀਕਨ ਅੰਬੈਸੀ ਦੇ ਬਾਹਰ ਬੈਠਾ ਉਸ ਦਾ ਇੰਤਜ਼ਾਰ ਕਰ ਰਿਹਾ ਸੀ। ਇਨੇ ਨੂੰ ਇੱਕ ਔਰਤ ਨਜਰੀਂ ਪਈ, ਜਿਸ ਦੀ ਉਮਰ ਕੋਈ ੬੦ ਕੁ ਸਾਲ ਦੇ ਆਸ-ਪਾਸ ਜਾਪਦੀ ਸੀ। ਵੇਖਣ ਨੂੰ ਪੂਰੀ ਤਰ੍ਹਾਂ ਤੰਦਰੁਸਤ ਲੱਗਦੀ ਸੀ ਅਤੇ ਉਸ ਨੇ ਸਾਫ਼-ਸੁਥਰਾ, ਸੋਹਣਾ ਸੂਟ ਪਾਇਆ ਹੋਇਆ ਸੀ। ਉਹ ਲੋਕਾਂ ਦੇ ਵੀਜ਼ੇ ਲੱਗਣ ਅਤੇ ਜੋੜੀਆਂ ਬਣਨ ਦੀਆਂ ਦੁਆਵਾਂ ਦਿੰਦੀ ਲੋਕਾਂ ਤੋਂ ਮੰਗ ਰਹੀ ਸੀ। ਲੁਧਿਆਣੇ ਵਾਲੇ ਕਲਾਕਾਰ ਸੁੱਖਪ੍ਰੀਤ ਸਿੰਘ ਦੇ ਕਹਿਣ ਵਾਂਗੂੰ ‘ਜ੍ਹਿਨਾਂ ਲਈ ਵੀਜ਼ਾ ਮਿਲਣਾਂ ਰੱਬ ਮਿਲ ਜਾਣ ਦੇ ਬਰਾਬਰ’ ਹੋਵੇ ਅਤੇ ਜ੍ਹਿਨਾਂ ਦੇ ਅਜ਼ੀਜ਼ ਅੰਦਰ ਇੰਟਰਵਿਊ ਦੇਣ ਲਈ ਗਏ ਹੋਣ ਉਹ ਅਜਿਹੇ ਮੌਕੇ ਕਿਸੇ ਫ਼ਕੀਰ ਨੂੰ ਨਰਾਜ਼ ਕਰਨ ਦੀ ਹਿੰਮਤ ਕਿਵੇਂ ਕਰ ਸਕਦੇ ਹਨ। ਸੋ ਵੇਖਦਿਆਂ ਹੀ ਵੇਖਦਿਆਂ ਮਾਈ ਦੇ ਹੱਥ ਨੋਟਾਂ ਨਾਲ ਭਰ ਗਏ। ਉਸ ਤੋਂ ਬਾਅਦ ਕਈ ਵਾਰ ਮੈਨੂੰ ਸਵਿੱਸ ਅੰਬੈਸੀ -ਜੋ ਕਿ ਅਮਰੀਕਨ ਅੰਬੈਸੀ ਦੇ ਬਿਲਕੁਲ ਨਾਲ ਹੈ- ਜਾਣਾ ਪਿਆ ਤੇ ਲਗਭਗ ਹਰ ਵਾਰ ਮੈਂ ਉਸ ਮਾਈ ਨੂੰ ਉਥੇ ਵੇਖਿਆ। ਇੱਕ ਦਿਨ ਮੁਲਾਕਾਤ ਵੀ ਹੋ ਗਈ। ਜਦੋਂ ਮਾਈ ਮੇਰੇ ਕੋਲ ਆ ਕੇ ਮੰਗਣ ਲੱਗੀ ਤਾਂ ਮੈ ਪੁੱਛ ਲਿਆ ਕਿ ਮਾਈ ਤੂੰ ਮੰਗਦੀ ਕਿਉਂ ਏਂ? ਉਹ ਬੋਲੀ ‘ਪੁੱਤ ਗਰੀਬਾਂ ਨੇ ਰੋਟੀ ਵੀ ਤਾਂ ਖਾਣੀ ਹੋਈ’। ਵੈਸੇ ਉਸ ਦੇ ਹੱਥ ਚ ਫੜੇ ਨੋਟਾਂ ਤੋਂ ਤਾਂ ਜਾਪਦਾ ਸੀ ਕਿ ਘੱਟੋ ਘੱਟ ਅਗਲੇ ਦੋ ਤਿੰਨ ਦਿਨਾ ਦੀ ਰੋਟੀ ਤੋਂ ਵੱਧ ਦਾ ਜੁਗਾੜ ਉਹ ਪਹਿਲਾਂ ਹੀ ਕਰੀ ਬੈਠੀ ਸੀ। ਮੈ ਕਿਹਾ ‘ਮਾਤਾ ਤੂੰ ਕੋਈ ਕੰਮ ਕਾਰ ਕਿਉਂ ਨਹੀਂ ਕਰਦੀ? ਜੇ ਗੁਰਦੁਆਰੇ ਜਾ ਕੇ ਲੰਗਰ ਦੇ ਭਾਂਡੇ ਹੀ ਮਾਂਜਣੇ ਸ਼ੁਰੂ ਕਰ ਦੇਵੇਂ ਤਾਂ ਰੋਟੀ ਤਾਂ ਤੈਨੂੰ ਓਥੋਂ ਵੀ ਮਿਲ ਜਾਇਆ ਕਰੂਗੀ’।  ਮਾਤਾ ਇਕ ਦੱਮ ਭੜਕ ਪਈ, ਕਹਿੰਦੀ ‘ ਕਾਕਾ ਜੇ ਕੁਝ ਦੇਣਾਂ ਤਾਂ ਦੇ, ਨਹੀਂ ਤਾਂ ਬਹੁਤੀਆਂ ਸਲ੍ਹਾਵਾਂ ਦੇਣ ਦੀ ਕੋਈ ਲੋੜ ਨਹੀਂ ਆ’। ਉਹ ਤਾਂ ਇਨੀ ਕਹਿ ਕੇ ਚਲੀ ਗਈ ਤੇ ਮੈ ਉਹਦਾ ਜਵਾਬ ਸੁਣ ਕੇ ਅਵਾਕ ਖੜਾ ਰਹਿ ਗਿਆ।


         ਅਜਿਹੀਆਂ ਇੱਕ ਦੋ ਘਟਨਾਵਾਂ ਹੋਰ ਹੋਈਆਂ ਅਤੇ ਮੈ ਵੀ ਭੀਖ ਦੇਣ ਤੋਂ ਤੌਬਾ ਕਰ ਲਈ। ਜਦੋਂ ਕਦੇ ਅੰਮ੍ਰਿਤਸਰ ਜਾਂਦਾ ਤਾਂ ਭਗਤ ਪੂਰਨ ਸਿੰਘ ਦੇ ਪਿੰਗਲਵਾੜੇ ਦੇ ਦਾਨਪਾਤਰ ਵਿੱਚ ਜਰੂਰ ਕੋਈ ਧੇਲੀ ਪੌਲੀ ਪਾ ਆਉਂਦਾ। ਕੁਝ ਇੱਕ ਸਿਧਾਂਤਵਾਦੀ ਅਤੇ ਅਖਬਾਰੀ ਗੱਲਾਂ ਦਾ ਵੀ ਅਸਰ ਸੀ ਕਿ ‘ਭੀਖ ਦੇਣਾਂ ਗੁਨਾਂਹ ਹੈ, ਕਿਉਂਕਿ ਦਾਨ ਦੇ ਕੇ ਅਸੀਂ ਮੁਲਕ ਵਿੱਚ ਮੰਗਤਿਆਂ ਨੂੰ ਸ਼ਹਿ ਦਿੰਦੇ ਹਾਂ, ਜੇਕਰ ਭੀਖ ਨਾ ਦਿੱਤੀ ਜਾਵੇ ਤਾਂ ਦੇਸ਼ ਵਿੱਚ ਮੰਗਤਿਆਂ ਦੀ ਗਿਣਤੀ ਘੱਟ ਹੋ ਸਕਦੀ ਹੈ’ ਵਗੈਰਾ ਵਗੈਰਾ। ਪਰ ਜਿਵੇਂ ਕਿ ਉਮਰ, ਹਾਲਾਤ ਅਤੇ ਤਜ਼ਰਬੇ ਨਾਲ ਇਨਸਾਨ ਦਾ ਨਜ਼ਰੀਆ ਬਦਲਦਾ ਰਹਿੰਦਾ ਹੈ, ਮੇਰੇ ਨਾਲ ਵੀ ਇਵੇਂ ਹੀ ਹੋਇਆ।


         ਕੁਝ ਸਮਾਂ ਪਹਿਲਾਂ, ਮੈਨੂੰ ਭਾਰਤ ਦੇ ਕਈ ਹਿੱਸਿਆਂ ਵਿੱਚ ਯਾਤਰਾ ਕਰਨ ਦਾ ਮੌਕਾ ਮਿਲਿਆ। ਮੱਧ ਪ੍ਰਦੇਸ਼ ਅਤੇ ਬਿਹਾਰ ਵਰਗੇ ਸੂਬਿਆਂ ਵਿੱਚ ਗਰੀਬੀ ਅਤੇ ਭੁੱਖ ਨੂੰ ਨੇੜਿਓਂ ਵੇਖਣ ਦਾ ਮੌਕਾ ਮਿਲਿਆ। ਮੈਂ ਵੇਖਿਆ ਕਿ ਕਿਵੇਂ ਨਿੱਕੇ ਨਿੱਕੇ ਬੱਚੇ ਆਪਣੇ ਗਲ ਚੋਂ ਲੀਰਾਂ ਹੋਈ ਬਨੈਣ ਲਾਹ ਕੇ ਭਾਰਤੀ ਰੇਲ ਦੀ ਸਾਰੀ ਗੱਡੀ ਸਾਫ਼ ਕਰਦੇ ਹਨ ਅਤੇ ਫਿ਼ਰ ਉਹੀ ਬਨੈਣ ਗਲ ਪਾ ਲੈਂਦੇ ਹਨ। ਇਸ ਮਿਹਨਤ ਬਦਲੇ ਉਹ ਮੁਸਾਫ਼ਰਾਂ ਕੋਲੋਂ ਕੁਝ ਮਿਲਣ ਦੀ ਆਸ ਕਰਦੇ ਹਨ। ਕਈ ਵਾਰ ਚੋਰੀ ਦੇ ਇਲਜ਼ਾਮ ਤਹਿਤ ਦੁਤਕਾਰੇ ਜਾਂਦੇ ਹਨ ਤੇ ਜੁੱਤੀਆਂ ਵੀ ਪੈਂਦੀਆਂ ਹਨ। ਰੇਲਵੇ ਸਟੇਸ਼ਨਾਂ ਤੇ, ਮਜਬੂਰ, ਮੁਰਝਾਈਆਂ ਸੂਰਤਾਂ, ਲੋਕਾਂ ਦੇ ਹੱਥਾਂ ਅਤੇ ਮੂਹਾਂ ਵੱਲ ਤਰਸੀਆਂ ਨਜ਼ਰਾਂ ਨਾਲ ਵੇਖਦੀਆਂ ਰਹਿੰਦੀਆਂ ਅਤੇ ਉਹਨਾਂ ਹੱਥੋਂ ਡਿੱਗੀ ਜੂਠ ਉੱਤੇ ਕਿਸੇ ਕਾਂ ਕੁੱਤੇ ਦੇ ਝਪਟਣ ਤੋਂ ਪਹਿਲਾਂ ਹੀ ਟੁੱਟ ਪੈਂਦੀਆਂ। ਇਹ ਸਭ ਵੇਖ ਕੇ ਮਨ ਬਹੁਤ ਦੁਖੀ ਹੋਇਆ ਅਤੇ ਪਹਿਲੇ ਸਿਧਾਂਤ ਬਦਲਣੇ ਪੈ ਗਏ। ਮੈਨੂੰ ਜਾਪਿਆ ਕਿ ਭੀਖ ਦੇ ਕੇ ਜਾਂ ਨਾਂ ਦੇ ਕੇ ਕੋਈ ਵੱਡੀ ਤਬਦੀਲੀ ਲਿਆਉਣ ਬਾਰੇ ਤਾਂ ਨਹੀਂ ਸੋਚਿਆ ਜਾ ਸਕਦਾ। ਪਰ ਜੇ ਕਿਸੇ ਲੋੜਵੰਦ ਦੇ ਮੂੰਹ ਅੰਨ ਦਾ ਦਾਣਾ ਪਾਉਣ ਨਾਲ ਉਸ ਨੂੰ ਵਕਤੀ ਖੁਸ਼ੀ ਮਿਲਦੀ ਹੈ ਤਾਂ ਉਹ ਜ਼ਰ੍ਰੂਰ ਕਰ ਲੈਣਾ ਚਾਹੀਦਾ ਹੈ।


         ਸੱਤਵੀਂ ਜਾਂ ਅੱਠਵੀਂ ਜਮਾਤ ਦੀ ਹਿੰਦੀ ਦੀ ਕਿਤਾਬ ਪੜ੍ਹਾਉਂਦਿਆਂ ਸ਼ਾਇਦ ਭਗਤ ਕਬੀਰ ਜਾਂ ਫ਼ਰੀਦ ਦੇ ਇੱਕ ਸ਼ਲੋਕ ਦੀ ਵਿਆਖਿਆ ਸਾਡੀ ਅਧਿਆਪਕਾ ਨੇ ਇਉਂ ਕੀਤੀ ਸੀ ‘ਜੋ ਕਿਸੇ ਦੇ ਦਰ ਤੇ ਮੰਗਣ ਗਿਆ, ਉਹ ਮਰੇ ਸਮਾਨ ਹੋ ਗਿਆ ਪਰ ਜਿਸ ਨੇ ਦਰ ਤੇ ਆਏ ਨੂੰ ਦੁਤਕਾਰ ਕੇ ਖਾਲੀ ਮੋੜ ਦਿੱਤਾ ਸਮਝੋ ਉਹ ਮੰਗਣ ਵਾਲੇ ਤੋਂ ਵੀ ਪਹਿਲਾਂ ਮਰਿਆ ਹੋਇਆ ਸੀ’।


         ਪਿੱਛੇ ਜਿਹੇ ਸ਼ੇਖ਼ ਸਾਅਦੀ ਨੂੰ ਪੜ੍ਹਣ ਦਾ ਮੌਕਾ ਮਿਲਿਆ। ਉਹ ਵੀ ਬਾਰ ਬਾਰ ਕਹਿੰਦਾ ਹੈ ‘ਓ ਬੰਦਿਆ ਇਹ ਮਾਇਆ, ਅੱਜ ਤੇਰੀ ਹੈ ਕੱਲ੍ਹ ਕਿਸੇ ਹੋਰ ਦੀ ਹੋਵੇਗੀ, ਇਸ ਨੂੰ ਵਰਤ ਲੈ, ਕੁਝ ਦਾਨ ਪੁੰਨ ਕਰ ਲੈ’। ਖੈ਼ਰ ਉਸ ਲਈ ਤਾਂ ਸ਼ਾਇਦ ਦਾਨ ਪੁੰਨ ਕਰਕੇ ਅੱਲ੍ਹਾ ਨੂੰ ਖ਼ੁਸ਼ ਕਰਨਾਂ ਜਾਂ ਅੱਗਾ ਸਵਾਰਨਾਂ ਵਧੇਰੇ ਮਹੱਤਵਪੂਰਨ ਹੋਵੇਗਾ। ਪਰ ਮੇਰਾ ਖਿਆਲ ਕੇਵਲ ਇਨਾਂ ਹੀ ਹੈ ਕਿ, ਜੇਕਰ ਸਮਰੱਥਾ ਹੋਵੇ ਤਾਂ ਲੋੜਵੰਦ ਦੀ ਲੋੜ ਪੂਰੀ ਕਰ ਦੇਣੀ ਕੋਈ ਮਾੜੀ ਗੱਲ ਨਹੀਂ। ਕੌਣ ਸੱਚਮੁੱਚ ਹੀ ਲੋੜਵੰਦ ਹੈ ਤੇ ਕੌਣ ਨਹੀਂ ਇਸ ਦਾ ਫੈਸਲਾ ਕਰਨਾ ਜਰਾ ਔਖਾ ਕੰਮ ਹੈ। ਸੋ ਇਸ ਪਛਾਣ ਵਿੱਚ ਕਦੇ ਕਦਾਈਂ ਧੋਖਾ ਖਾ ਜਾਣਾ ਕੋਈ ਵੱਡੀ ਗੱਲ ਨਹੀਂ। ਬਾਕੀ, ਫ਼ਰਕ ਚੀਜਾਂ ਨੂੰ ਵੇਖਣ ਦੇ ਢੰਗ ਵਿੱਚ ਵੀ ਹੁੰਦਾ ਹੈ। ਇਕ ਵਿਆਹ ਦੀ ਪਾਰਟੀ ਵਿੱਚ ਬੈਠਿਆਂ ਇੱਕ ਪੰਜਾਬੀ ਗੀਤਕਾਰ ਦੇ ਮੂਹੋਂ ਬੜੀ ਵਧੀਆ ਗੱਲ ਸੁਣਨ ਨੂੰ ਮਿਲੀ। ਜੰਞ ਅਜੇ ਰੋਟੀ ਖਾ ਕੇ ਈ ਹਟੀ ਸੀ ਕਿ ਮੰਗਣ ਵਾਲੀਆਂ ਦੀ ਇੱਕ ਟੋਲੀ ਨੇ ਆਣ ਡੇਰਾ ਲਾਇਆ। ਘਰ ਵਿੱਚੋਂ ਇੱਕ ਸੂਝਵਾਨ ਸੱਜਣ ਮੰਗਤੀਆਂ ਨੂੰ ਉਥੋਂ ਭਜਾਉਣ ਲਈ ਉਠਿਆ ਤਾਂ ਦਾਰੂ ਦੇ ਸਰੂਰ ਵਿੱਚ ਉਹ ਗੀਤਕਾਰ ਬੋਲਿਆ ‘ਵੇਖਿਉ ਬਾਈ ਜੀ, ਇਹਨਾਂ ਗਰੀਬਾਂ ਨੂੰ ਝਿੜਕ ਕੇ ਖਾਲੀ ਨਾ ਮੋੜਿਓ, ਕਿਉਂਕਿ ਤੁਹਾਡੇ ਘਰ ਆਏ ਮਹਿਮਾਨਾਂ ਵਿੱਚੋਂ ਪਤਾ ਨਹੀਂ ਕਿੱਨੇ ਕੁ ਤੁਹਾਡਾ ਭਲਾ ਚਾਹੁੰਦੇ ਹੋਣਗੇ ਪਰ ਵਿਆਹਾਂ ਸ਼ਾਦੀਆਂ ‘ਚ ਨੱਚ ਗਾ ਕੇ ਮੰਗਣ ਵਾਲੇ ਇਹ ਲੋਕ ਇਹੀ ਦੁਆ ਕਰਦੇ ਹਨ ਕਿ ਹਰ ਘਰ ਖੁਸ਼ੀਆਂ ਦੇ ਮੌਕੇ ਆਉਂਦੇ ਰਹਿਣ ਤਾਂ ਜੋ ਇਹਨਾਂ ਦੇ ਮੂੰਹ ਵੀ ਬੁਰਕੀ ਪੈਂਦੀ ਰਹੇ’।

SocialTwist Tell-a-Friend

ਗੁਰਬੀਰ ਸਿੰਘ ਭੁੱਲਰ

ਉਪਰ

© sanjhamarg.com    free counter