| ਘਰ | ‘‘ਪੰਜਾਬੀ ਸੂਫ਼ੀ ਕਾਵਿ ਵਿੱਚ ਫ਼ਰੀਦ ਬਾਣੀ ਦਾ ਸਥਾਨ’’ | ਸੰਪਰਕ |
|
ਭਾਰਤੀ ਸੂਫ਼ੀ ਪਰੰਪਰਾ ਦੇ ਮੋਢੀ ਸੰਚਾਲਕਾਂ ਵਿੱਚੋਂ ਬਾਬਾ ਫ਼ਰੀਦ ਜੀ ਅਹਿਮ ਸਥਾਨ ਰੱਖਦੇ ਹਨ। ਬਾਬਾ ਫ਼ਰੀਦ ਨੂੰ ਪੰਜਾਬੀ ਸੂਫ਼ੀ ਕਾਵਿ ਦਾ ‘ਆਦਿ ਕਵੀ’ ਹੋਣ ਦਾ ਮਾਣ ਪ੍ਰਾਪਤ ਹੈ। ਆਪ ਤੋਂ ਪਹਿਲਾਂ ਲਿਖਤ ਪੰਜਾਬੀ ਸਾਹਿਤ ਦਾ ਕੋਈ ਪ੍ਰਮਾਣਿਕ ਰੂਪ ਸਾਡੇ ਤੱਕ ਨਹੀਂ ਪਹੁੰਚਿਆ। ਨਾਥ ਸਾਹਿਤ ਦੇ ਕੁੱਝ ਇੱਕ ਸੋਮੇ ਅਤੇ ਲੋਕ-ਸਾਹਿਤ ਦੀਆਂ ਕੁੱਝ ਵੰਨਗੀਆਂ ਨੂੰ ਭਾਵੇਂ ਫ਼ਰੀਦ ਕਾਲ ਤੋਂ ਪਹਿਲਾਂ ਦੇ ਕਾਲ ਨਾਲ ਜੋੜਿਆ ਜਾਂਦਾ ਰਿਹਾ ਹੈ, ਪਰ ਇਸ ਦੇ ਨਾਲ ਹੀ ਇਨ੍ਹਾਂ ਦੀ ਇਤਿਹਾਸਕਤਾ ਤੇ ਕਿੰਤੂ ਕੀਤਾ ਜਾਂਦਾ ਰਿਹਾ ਹੈ। ਦੂਜੇ ਪਾਸੇ ਫ਼ਰੀਦ ਬਾਣੀ ਪ੍ਰਮਾਣਿਕਤਾ ਦੀ ਕਸੌਟੀ ਤੇ ਖਰੀ ਉੱਤਰਦੀ ਹੋਈ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਕਲਿਤ ਹੋਣ ਦਾ ਮਾਣ ਪ੍ਰਾਪਤ ਕਰਦੀ ਹੈ। ਇਸ ਤਰ੍ਹਾਂ ਪੰਜਾਬੀ ਸਾਹਿਤ ਦੇ ਇਕ ਪ੍ਰਮਾਣਿਕ ਆਦਿ ਕਵੀ ਹੋਣ ਦੀ ਸੂਰਤ ਵਿੱਚ ਸ਼ੇਖ ਫ਼ਰੀਦ ਨੇ ਉੱਤਰ ਵਰਤੀ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਕਈ ਧਰਾਤਲਾਂ ਤੇ ਪ੍ਰਭਾਵਿਤ ਕੀਤਾ ਹੈ:- “ਫ਼ਰੀਦ ਬਾਣੀ ਵਿੱਚ ਇੱਕ ਪਰਮਾਤਮਾ ਦੀ ਨਿਰਾਕਾਰਤਾ ਅਤੇ ਸਰਵਸ਼ਕਤੀਮਾਨਤਾ ਦਾ ਜੋ ਲੱਛਣ ਮਿਲਦਾ ਹੈ, ਉਹ ਵੀ ਭਾਰਤੀ ਸਭਿਆਚਾਰ ਲਈ ਕਾਫ਼ੀ ਨਵੀਨ ਸੀ। ਭਾਰਤੀ ਦਰਸ਼ਨ ਵਿੱਚ ਬਹੁਦੇਵਵਾਦ ਅਤੇ ਸਗੁਣ ਪਰਮਾਤਮਾ ਦਾ ਸੰਕਲਪ ਪ੍ਰਧਾਨ ਸੀ। ਫ਼ਰੀਦ ਜੀ ਨੇ ‘ਨਿਰਗੁਣ’ ਅਤੇ ‘ਇੱਕ’ ਪਰਮਾਤਮਾ ਦੀ ਹੋਂਦ ਅਤੇ ਸਰਵ ਦੇ ਸੋਹਿਲੇ ਗਾਏ। ਬਾਅਦ ਵਿੱਚ ਪਰਮਾਤਮਾ ਦੇ ਇਸ ਸੰਕਲਪ ਨਾਲ ਕਾਫ਼ੀ ਹੱਦ ਤੱਕ ਮਿਲਦਾ-ਜੁਲਦਾ ਸੰਕਲਪ ਗੁਰਮਤਿ ਪਰੰਪਰਾ ਨੇ ਰੂਪਮਾਨ ਕੀਤਾ। ਇਸੇ ਵਿਚਾਰਧਾਰਕ ਸਾਂਝ ਕਾਰਨ ਫ਼ਰੀਦ ਜੀ ਦੇ ਕਲਾਮ ਨੂੰ ਆਦਿ ਗ੍ਰੰਥ ਵਿਚ ਸੰਕਲਿਤ ਕੀਤਾ ਗਿਆ। ਭਾਵੇਂ ਫ਼ਰੀਦ ਦਰਸ਼ਨ ਵਿਚ ਗੁਰਮਤਿ ਦਰਸ਼ਨ ਨਾਲੋਂ ਕੁੱਝ ਭਿੰਨਤਾਵਾਂ ਵੀ ਦ੍ਰਿਸ਼ਟੀਗੋਚਰ ਹੁੰਦੀਆਂ ਹਨ (ਜਿਨ੍ਹਾਂ ਵੱਲ ਆਦਿ ਗ੍ਰੰਥ ਵਿਚ ਸੰਕੇਤ ਵੀ ਕੀਤੇ ਗਏ ਹਨ) ਪਰੰਤੂ ਤਾਂ ਵੀ ਫ਼ਰੀਦ ਜੀ ਨੇ ਇੱਕ ਨਿਰਾਕਾਰ ਪਰਮਾਤਮਾ ਦੀ ਨਿਰੰਕੁਸ਼ਤਾ ਦਾ ਸੰਕਲਪ ਪੇਸ਼ ਕਰਕੇ ਭਾਰਤੀ ਸਭਿਆਚਾਰ ਵਿੱਚ ਇੱਕ ਨਵੀਨ ਵਿਚਾਰਧਾਰਕ ਮੋੜ ਲਿਆਂਦਾ ਹੈ।”1 ਫ਼ਰੀਦ ਜੀ ਨੇ ਆਪਣੇ ਵਿਚਾਰਧਾਰਕ ਪ੍ਰਬੰਧ ਨੂੰ ਆਮ ਲੋਕਾਂ ਵਿੱਚ ਬੋਲੀ-ਸਮਝੀ ਜਾਣ ਵਾਲੀ ਪੰਜਾਬੀ ਭਾਸ਼ਾ ਦੇ ਮਾਧਿਅਮ ਰਾਹੀਂ ਰੂਪਮਾਨ ਕੀਤਾ ਹੈ। ਉਸ ਯੁਗ ਵਿਚ ਜਦੋਂ ਉੱਚ ਪੱਧਰ ਦੀ ਸਾਹਿਤਕਾਰੀ ਦਾ ਮਾਧਿਅਮ ਅਰਬੀ-ਫ਼ਾਰਸੀ ਜਾਂ ਸੰਸਕ੍ਰਿਤ-ਅਪਭ੍ਰੰਸ਼ ਭਾਸ਼ਾਵਾਂ ਸਨ, ਸ਼ੇਖ ਫ਼ਰੀਦ ਦਾ ਇਹ ਕਦਮ ਬਹੁਤ ਇਨਕਲਾਬੀ ਕਿਹਾ ਜਾ ਸਕਦਾ ਹੈ। ਉਸ ਸਮੇਂ ਦਾ ਕੋਈ ਵੀ ਕਵੀ ਜਿਸ ਨੂੰ ਆਪਣੀਆਂ ਸਾਹਿਤਿਕ ਆਕਾਂਖਿਆਵਾਂ ਦੀ ਪੂਰਤੀ ਲਈ ਇਨ੍ਹਾਂ ਭਾਸ਼ਾਵਾਂ ਤੋਂ ਬਿਨਾਂ ਹੋਰ ਕੋਈ ਭਾਸ਼ਾਈ ਸਰੋਤ ਨਜ਼ਰ ਨਹੀਂ ਆਇਆ ਹੋਵੇਗਾ। ਪੰਜਾਬੀ ਵਿੱਚ ਇਸ ਪੱਧਰ ਦੇ ਸਿਰਜਣਾਤਮਕ ਕਾਰਜ ਨੂੰ ਅਸੰਭਵ ਹੀ ਸਮਝਇਆ ਜਾ ਰਿਹਾ ਸੀ। “ਸੂਫ਼ੀਮੱਤ ਦੇ ਨਿਕਾਸ ਦੇ ਮੁੱਢ ਵਿਚ ਸੰਪੂਰਨ ਤੌਰ ਤੇ ਭਾਰਤੀ ਚਿੰਤਨਧਾਰਾ ਨੂੰ ਸਵੀਕਾਰ ਕੀਤਾ ਜਾਵੇ ਪਰ ਇਸ ਦਾ ਮਤਲਬ ਇਹ ਜ਼ਰੂਰ ਹੈ ਕਿ ਸੂਫ਼ੀਮੱਤ ਦੇ ਨਿਕਾਸ ਬਾਰੇ ਵਿਚਾਰ ਕਰਦਿਆਂ ਜਦੋਂ ਹੋਰਨਾਂ ਧਰਮਾਂ ਦੇ ਪ੍ਰਭਾਵ ਦੀ ਗੱਲ ਕੀਤੀ ਜਾਵੇ, ਉਦੋਂ ਭਾਰਤੀ ਦਰਸ਼ਨ ਦੇ ਪ੍ਰਭਾਵ ਨੂੰ ਦ੍ਰਿਸ਼ਟੀਗੋਚਰ ਰੱਖਿਆ ਜਾਵੇ।”2 ਇਸ ਤਰ੍ਹਾਂ ਫ਼ਰੀਦ ਜੀ ਨੇ ਭਾਰਤੀ ਸਭਿਆਚਾਰ ਵਿੱਚ ਮਨੁੱਖੀ ਏਕਤਾ ਅਤੇ ਧਾਰਮਿਕ ਸਹਿਣਸ਼ੀਲਤਾ ਦਾ ਸੁਰ ਬੁਲੰਦ ਕਰਕੇ ਇਸ ਨੂੰ ਇਕ ਰੈਡੀਕਲ ਸਭਿਆਚਾਰ ਦੇ ਗੁਣ/ਲੱਛਣ ਪ੍ਰਦਾਨ ਕੀਤੇ ਹਨ। ਵਿਚਾਰਧਾਰਕ ਪ੍ਰਸੰਗ ਵਿਚ ਫ਼ਰੀਦ ਜੀ ਦੀ ਇਕ ਹੋਰ ਦੇਣ ਪੰਜਾਬੀ ਸਭਿਆਚਾਰ ਵਿਚ ਇਕ ਅਜਿਹੇ ਸਦਾਚਾਰ ਸ਼ਾਸਤਰ ਦਾ ਨਿਰਮਾਣ ਕਰਨਾ ਹੈ ਜਿਸ ਦਾ ਆਧਾਰ ਮਾਨਵਤਾਵਾਦ ਸੀ। “ਫ਼ਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਹਾ ਨ ਮਾਰੇ ਘੁੰਮਿ॥ ਫ਼ਰੀਦ ਜੀ ਮਨੁੱਖ ਨੂੰ ਆਪਸੀ ਭਾਈਚਾਰਕ ਸਾਂਝ ਨਾਲ ਰਹਿਣ ਅਤੇ ਸਦਾਚਾਰ ਦੀ ਸਿੱਖਿਆ ਦਿੰਦੇ ਹਨ। ਉਨ੍ਹਾਂ ਦੀ ਸਿੱਖਿਆ ਜਿੰਨੀ ਸਾਰਥਕ ਉਸ ਸਮੇਂ ਸੀ, ਉਤਨੀ ਹੀ ਅਜੋਕੇ ਸਮੇਂ ਵੀ ਸਾਰਥਕ ਹੈ। ਇਸ ਤੋਂ ਇਲਾਵਾ ਬਾਬਾ ਫ਼ਰੀਦ ਜੀ ਦੁਆਰਾ ਪੰਜਾਬੀ ਭਾਸ਼ਾ ਦਾ ਠੇਠ, ਮੁਹਾਵਰੇ ਭਰਪੂਰ ਅਤੇ ਢੁੱਕਵਾਂ ਪ੍ਰਯੋਗ ਅੱਜ ਵੀ ਪਾਠਕਾਂ ਲਈ ਅਰਥ-ਸੰਚਾਰ ਦੀ ਕੋਈ ਸਮੱਸਿਆ ਪੈਦਾ ਨਹੀਂ ਹੋਣ ਦਿੰਦਾ:- “ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ॥ ਸਾਹਿਤਿਕ ਪ੍ਰਸੰਗ ਵਿਚ ਰੂਪਾਕਾਰ ਦੀ ਸਮੱਸਿਆ ਵੀ ਫ਼ਰੀਦ ਜੀ ਵਾਸਤੇ ਕਾਫ਼ੀ ਕਠਿਨ ਰਹੀ ਹੋਵੇਗੀ। ਹਰ ਰੂਪਾਕਾਰ ਸਮਾਜਿਕ ਪ੍ਰਗਤੀ ਦੇ ਇਕ ਵਿਸ਼ੇਸ਼ ਮੋੜ ਸਮੇਂ ਉਦੈਮਾਨ ਹੁੰਦਾ ਹੈ। ਫ਼ਰੀਦ ਜੀ ਨੇ ਆਪਣੇ ਯੁਗ ਦੇ ਸਮੁੱਚੇ ਅਧਿਆਤਮਕ ਚਿੰਤਨ ਦਾ ਮੰਥਨ ਕਰਕੇ ਇਸ ਦੇ ਸਾਰ ਤੱਤ ਦੀ ਪੇਸ਼ਕਾਰੀ ਕੀਤੀ ਹੈ। ਜਿਸ ਸਮੇਂ ਲੋਕ-ਸੱਚ ਅਤੇ ਵਿਅਕਤੀ-ਸੱਚ ਦੋਵੇਂ ਇਕ ਨੁਕਤੇ ਤੇ ਕੇਂਦ੍ਰਿਤ ਹੋ ਜਾਂਦੇ ਹਨ ਅਤੇ ਦੋਹਾਂ ਵਿਚ ਕਿਸੇ ਤਰ੍ਹਾਂ ਦਾ ਤਨਾਉ/ਟਕਰਾਉ ਨਹੀਂ ਰਹਿੰਦਾ ਤਾਂ ਬਾਣੀ ਅਖ਼ੌਤਾਂ ਅਤੇ ਲੋਕੋਕਤੀਆਂ ਦਾ ਰੂਪ ਧਾਰਨ ਕਰਨ ਲੱਗਦੀ ਹੈ। ਸ਼ੇਖ਼ ਫ਼ਰੀਦ ਜੀ ਦੇ ਕਲਾਮ ਵਿਚ ਇਹ ਹਕੀਕਤ ਸਾਫ਼ ਨਜ਼ਰ ਆਉਂਦੀ ਹੈ। ਇਨ੍ਹਾਂ ਦੋਹਾਂ ਤਰਾਂ ਦੇ ਅਨੁਭਵਾਂ ਦੀ ਤਰਜਮਾਨੀ ਲਈ ‘ਸਲੋਕ’ ਇਕ ਬਹੁਤ ਵਧੀਆ ਅਤੇ ਢੁੱਕਵਾਂ ਰੂਪਾਕਾਰ ਹੈ। “ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ॥”5 ਪੰਜਾਬੀ ਸੂਫ਼ੀ ਕਾਵਿ ਵਿਚ ਜਿੰਦ ਲਈ ‘ਵਹੁਟੀ’ ਅਤੇ ਮੌਤ ਲਈ ‘ਪਤੀ’ ਇਸ ਦੁਨੀਆਂ ਲਈ ‘ਪੇਕੇ’ ਅਤੇ ਅਗਲੀ ਦੁਨੀਆਂ ਲਈ ‘ਸਹੁਰੇ’ ਵਰਗੇ ਬਿੰਬ ਦੀ ਵਰਤੋਂ ਫ਼ਰੀਦ ਜੀ ਨੇ ਹੀ ਆਪਣੇ ਕਲਾਮ ਵਿਚ ਪਹਿਲੀ ਵਾਰ ਪੇਸ਼ ਕੀਤੀ ਹੈ। ਇਸ ਰੂਪਕ ਨੂੰ ਹੋਰ ਰਸੀਲਾ, ਵੰਨ-ਸੁਵੰਨਾ ਅਤੇ ਭਾਵ-ਪੂਰਨ ਬਣਾ ਕੇ ਬਾਅਦ ਦੇ ਸੂਫ਼ੀਆਂ ਅਤੇ ਖ਼ਾਸ ਕਰਕੇ ਸਿੱਖ ਗੁਰੂਆਂ ਨੇ ਇਸ ਨੂੰ ਚਾਰ ਚੰਨ ਲਾ ਦਿੱਤੇ ਹਨ। “ਸ਼ਰੀਅਤ ਸਾਡੀ ਮਾਈ ਹੈ, ਫ਼ਰੀਦ ਬਾਣੀ ਵਿਚ ਇਸ ਨੂੰ ਅੱਲ੍ਹਾ, ਰੱਬ, ਪ੍ਰਭੂ, ਖ਼ੁਦਾ ਨਾਵਾਂ ਨਾਲ ਯਾਦ ਕੀਤਾ ਗਿਆ ਹੈ। ਇਸ ਤਰ੍ਹਾਂ ਬਾਬਾ ਫ਼ਰੀਦ ਨੇ ਅੱਲ੍ਹਾ ਨੂੰ ਭਾਰਤੀ ਤੇ ਇਸਲਾਮੀ ਚਿੰਤਨ ਦੇ ਮਿਸ਼ਰਣ ਦੇ ਰੂਪ ਵਿਚ ਪੇਸ਼ ਕੀਤਾ ਹੈ। ਇਸ ਕਾਰਨ ਬਾਬਾ ਫ਼ਰੀਦ ਨੇ ਇਸਲਾਮ ਦੇ ਰਹੱਸਵਾਦੀ ਪੱਖ ਨੂੰ ਭਾਰਤੀ ਦ੍ਰਿਸ਼ਟੀ ਤੋਂ ਹਰਮਨ ਪਿਆਰਾ ਕਰ ਦਿੱਤਾ ਹੈ:- “ਫ਼ਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓੁ ਮਾਝਾ ਦੁਧੁ॥ ਬਾਬਾ ਫ਼ਰੀਦ ਜੀ ਅਨੁਸਾਰ ਪਰਮਾਤਮਾ ਤੋਂ ਪਿਆਰੀ ਅਤੇ ਮਿੱਠੀ ਚੀਜ ਹੋਰ ਕੋਈ ਨਹੀਂ ਹੈ ਅਤੇ ਮਨੁੱਖ ਨੂੰ ਪਰਮਾਤਮਾ ਦੇ ਇਸ਼ਕ ਵਿਚ ਲੀਨ ਰਹਿਣਾ ਚਾਹੀਦਾ ਹੈ:- “ਰਤੇ ਇਸ਼ਕ ਖੁਦਾਇ ਰੰਗਿ ਦੀਦਾਰ ਕੇ॥ ਉਸ ਸਿਰਜਣਹਾਰ ਪ੍ਰਭੂ-ਪਿਤਾ ਪਰਮਾਤਮਾ ਨਾਲ ਪ੍ਰੇਮ/ਇਸ਼ਕ ਦੀ ਭਾਵਨਾ ਪੈਦਾ ਕੀਤੀ। ਇਸ ਤਰ੍ਹਾਂ ਬਾਬਾ ਫ਼ਰੀਦ ਇਸਲਾਮ ਦੇ ਸਨਾਤਨੀ ਪੱਖ ਨੂੰ ਨਕਾਰਦੇ ਹਨ ਅਤੇ ਭਾਰਤੀ ਚਿੰਤਨ ਨੂੰ ਕਬੂਲਦੇ ਹਨ। ਇਸਲਾਮੀ ਸ਼ਰੀਅਤ ਵਿੱਚ ਇਕ ਈਸ਼ਵਰਵਾਦ ਦੇ ਨਾਲ ਉਸ ਦੇ ਫ਼ਰਿਸ਼ਤਿਆਂ, ਕਤੇਸ਼ਾਂ, ਪੈਗੰਬਰਾਂ ਦੇ ਰੱਬੀ ਹੁਕਮ, ਕਿਆਮਤ ਦੇ ਦਿਨਾਂ ਵਿਚ ਵਿਸ਼ਵਾਸ ਵੀ ਜ਼ਰੂਰੀ ਮੰਨੇ ਜਾਂਦੇ ਹਨ। ਬਾਬਾ ਫ਼ਰੀਦ ਜੀ ਦੀ ਬਾਣੀ ਵਿਚ ਮੌਤ ਦਾ ਵਰਨਣ ਵੀ ਬੜੀ ਹੀ ਤੀਬਰਤਾ ਨਾਲ ਪੇਸ਼ ਕੀਤਾ ਗਿਆ ਹੈ:- “ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ॥”9 ਇਹ ਮੌਤ ਦਾ ਵਰਨਣ ਕਈ ਵਿਦਵਾਨਾਂ ਦੀ ਦ੍ਰਿਸ਼ਟੀ ਵਿਚ ਨਾਸ਼ਮਾਨਤਾ, ਢਾਹੂ ਪੱਖੀ ਸੂਚਕ ਹੈ, ਪਰ ਐਸੀ ਧਾਰਨਾ ਗਲਤ ਹੈ। ਦਰਅਸਲ ਫ਼ਰੀਦ ਬਾਣੀ ਵਿੱਚ ਇਸ ਮੌਤ ਦੇ ਸੰਕਲਪ ਰਾਹੀਂ ਮਨੁੱਖ ਨੂੰ ਰੱਬ ਨਾਲ ਜੋੜਣ ਦੀ ਜੁਗਤ ਵੱਜੋਂ ਵਰਤਿਆ ਗਿਆ ਹੈ। ਇਹ ਇੱਕ ਤੱਥ ਹੈ ਕਿ ਮਨੁੱਖ ਸਭ ਤੋਂ ਵੱਧ ਮੌਤ ਕੋਲੋਂ ਡਰਦਾ ਹੈ। ਇਸ ਡਰ ਅਧੀਨ ਮਨੁੱਖ ਨੂੰ ਰੱਬ ਯਾਦ ਆਉਂਦਾ ਹੈ। ਇਸ ਲਈ ਫ਼ਰੀਦ ਬਾਣੀ ਵਿਚ ਮੌਤ ਦੇ ਵਰਨਣ ਦੀ ਮੁੱਖ ਭੂਮਿਕਾ ਮਨੁੱਖ ਨੂੰ ਰੱਬ ਨਾਲ ਜੋੜਣ ਦੀ ਹੈ ਨਾ ਕਿ ਨਾਸ਼ਮਾਨਤਾ ਜਾਂ ਢਾਹੂ ਪੱਖੀ। ਐਸੀ ਸੋਝੀ ਮਨੁੱਖ ਨੂੰ ਚੰਗਾ ਕਾਰਜ ਕਰਨ ਦੀ ਪ੍ਰੇਰਣਾ ਦਿੰਦੀ ਹੈ। ਫ਼ਰੀਦ ਬਾਣੀ ਸਦਾਚਾਰਕ ਗੁਣਾਂ ਦੀ ਮਹੱਤਤਾ ਦਾ ਆਭਾਸ ਕਰਵਾਉਂਦੀ ਹੈ। ਸ਼ਰੀਅਤ ਵਿਚ ਨੈਤਿਕਤਾ ਜਾਂ ਸਦਾਚਾਰਕ ਮੁੱਖ ਕਾਰਜ ਹੈ। “ਸ਼ੇਖ ਫ਼ਰੀਦ ਨੇ ਧਰਮ ਦੀ ਨਵੀਂ ਅਤੇ ਮਾਨਵਤਾਵਾਦੀ ਪਰਿਭਾਸ਼ਾ ਤਿਆਰ ਕੀਤੀ। ਧਰਮ ਦੇ ਨਾਲ ਫ਼ਰੀਦ ਜੀ ਨੇ ਜੋ ਸਦਾਚਾਰ-ਪ੍ਰਬੰਧ ਜੋੜਿਆ ਹੈ, ਉਹ ਮਨੁੱਖ ਦੀ ਏਕਤਾ ਅਤੇ ਸਮਾਨਤਾ ਦੇ ਸਿਧਾਂਤ ਉੱਪਰ ਖੜਾ ਹੈ। ਉਨ੍ਹਾਂ ਅਨੁਸਾਰ ਸੱਚ, ਨਿਮਰਤਾ, ਖਿਮਾ, ਪ੍ਰਾਹੁਣਚਾਰੀ, ਮਿੱਠਾ ਬੋਲਣ, ਦੁੱਖ-ਸੁੱਖ ਦੀ ਸਮਭਾਵਨਾ ਅਤੇ ਸ਼ਾਂਤੀਵਾਦ ਦੇ ਗ੍ਰਹਿਣ ਅਤੇ ਗੁੱਸੇ, ਸਵੈ-ਅਭਿਮਾਨ, ਲਾਲਚ ਅਤੇ ਕੁਕਰਮਾਂ ਦੇ ਤਿਆਗ ਨਾਲ ਇਕ ਅਜਿਹਾ ਆਦਰਸ਼ਕ ਸਮਾਜ ਪੈਦਾ ਹੋਵੇਗਾ, ਜਿਸ ਵਿੱਚ ਵਿਚਰਣ ਦੇ ਬਾਵਜੂਦ ਵਿਅਕਤੀ ਉਸ ਵਿੱਚ ਖਚਿਤ ਨਹੀਂ ਹੋਵੇਗਾ।”10 ਇਸਲਾਮੀ ਦ੍ਰਿਸ਼ਟੀ ਨੂੰ ਉਨ੍ਹਾਂ ਨੇ ਇਕ ਕੱਟੜ ਇਸਲਾਮੀ ਦ੍ਰਿਸ਼ਟੀਕੋਣ ਤੋਂ ਨਹੀਂ ਸਗੋਂ ਇਸਦੇ ਉਲਟ ਸਹਿਨਸ਼ੀਲਤਾ, ਨਿਮਰਤਾ ਅਤੇ ਸਹਿਹੋਂਦ ਵਾਲੀ ਭਾਵਨਾ ਅਧੀਨ ਪੇਸ਼ ਕੀਤਾ ਹੈ। ਐਸੀ ਭਾਵਨਾ ਅਧੀਨ ਹੀ ਫ਼ਰੀਦ ਬਾਣੀ ਵਿਚ ਸਿੱਖਿਆ ਦੇ ਅੰਸ਼ਾਂ ਦਾ ਆ ਜਾਣਾ ਸੁਭਾਵਿਕ ਸੀ। ਫ਼ਰੀਦ ਬਾਣੀ ਦਾ ਮੂਲ ਧੁਰਾ ਸ਼ਰੀਅਤ ਹੈ, ਇਸ ਲਈ ਇਹ ਬਾਣੀ ਇਕ ਚੰਗੇ ਮੁਸਲਮਾਨ ਦੀ ਸਿਰਜਣਾ ਦੇ ਨਾਲ-ਨਾਲ ਇਸਲਾਮੀ ਧਰਮ ਦੀਆਂ ਮੁੱਢਲੀਆਂ ਰਹੁ-ਰੀਤਾਂ ਨੂੰ ਵੀ ਬਿਆਨ ਕਰਦੀ ਹੈ:- “ਉਠੁ ਫ਼ਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ॥ ਅਜਿਹਾ ਉਪਦੇਸ਼ ਦੇਣ ਲੱਗਿਆਂ ਉਨ੍ਹਾਂ ਨੇ ਇਬਨਲ ਅਰਬੀ ਵਾਂਗ ਗੂੜ ਰਹੱਸਵਾਦੀ ਸਿਧਾਂਤਾਂ ਦੀ ਵਿਆਖਿਆ ਨਹੀਂ ਕੀਤੀ ਅਤੇ ਨਾ ਹੀ ਮੋਲਾਨਾ ਰੂਮੀ ਵਾਂਗ ਸੂਫ਼ੀ ਮਾਰਗ ਦੀਆਂ ਸੂਝਾਂ ਨਾਲ ਪੱਲਾ ਮੇਚਣ ਦਾ ਯਤਨ ਕੀਤਾ। ਉਹ ਤਾਂ ਕੇਵਲ ਧਾਰਮਿਕ ਅਤੇ ਅਮਲੀ ਜੀਵਨ ਬਿਤਾਉਣ ਵਾਲੇ ਸੂਫ਼ੀ ਦਰਵੇਸ਼ ਸਨ। ਦਰਦ, ਫ਼ੱਕਰ ਤੇ ਤਵੱਕਲ ਉਨ੍ਹਾਂ ਦਾ ਜੀਵਨ ਆਦਰਸ਼ ਸੀ। ਜਿਸ ਦਾ ਉਨ੍ਹਾਂ ਕੇਵਲ ਪ੍ਰਚਾਰ ਹੀ ਨਹੀਂ ਕੀਤਾ ਬਲਕਿ ਆਪਣੇ ਜੀਵਨ ਵਿਚ ਉਤਾਰਿਆ ਵੀ ਸੀ। ਇਸ ਸਾਰੀ ਕਮਾਈ ਦੇ ਬਦਲੇ ਫ਼ਰੀਦ ਨੇ ਰੱਬ ਤੋਂ ਕੋਈ ਸੰਸਾਰਿਕ ਵਸਤੂ ਦੀ ਮੰਗ ਨਹੀਂ ਕੀਤੀ ਸਗੋਂ ਉਨ੍ਹਾਂ ਕੇਵਲ ਪਰਮਾਤਮਾ ਦੀ ਪ੍ਰੇਮਾ-ਭਗਤੀ ਦੀ ਦਾਤ ਮੰਗੀ ਸੀ:- “ਤੇਰੀ ਪਨਹ ਖੁਦਾਇ ਤੂ ਬਖਸੰਦਗੀ॥ ਅਜਿਹਾ ਪ੍ਰਭੂ-ਪਿਆਰ ਅਤੇ ਬੰਦਗੀ ਹੀ ਫ਼ਰੀਦ ਜੀ ਦੇ ਨਿਸ਼ਚੇ ਦਾ ਮੂਲ ਆਧਾਰ ਸੀ। ਉਨ੍ਹਾਂ ਦੇ ਵਿਚਾਰ ਮੁਤਾਬਿਕ ਮਨੁੱਖ ਨੂੰ ਬਾਹਰੀ ਵਿਅਕਤਿਤਵ ਦੀ ਬਜਾਇ ਅੰਦਰੂਨੀ ਆਪੇ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਸੱਚੇ ਸਿਖਿਆਰਥੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਸ਼ਰੀਰ ਦੀਆਂ ਲੋੜਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਮਨ ਦੀਆਂ ਲੋੜਾਂ ਵੱਲ ਧਿਆਨ ਦੇਵੇ। ਫ਼ਰੀਦ ਜੀ ਦੇ ਅਨੁਸਾਰ ਇੱਥੇ ਵੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਕਿਉਂਕਿ ਬਹੁਤੀ ਵਾਰ ਮਨ ਤਨ ਦੀਆਂ ਜ਼ਰੂਰਤਾਂ ਦੇ ਮਗਰ ਲੱਗ ਤੁਰਦਾ ਹੈ। ਇਹ ਕਾਰਜ ਵਿਧੀ ਅਸਲ ਵਿਚ ਉਲਟੀ ਹੈ। ਇਸ ਨੂੰ ਸਿੱਧਾ ਕਰਨਾ ਹੋਵੇਗਾ ਤਾਂ ਜੋ ਤਨ ਮਨ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਸਹਾਇਤਾ ਕਰੇ। ਇਸ ਉਦੇਸ਼ ਦੀ ਪੂਰਤੀ ਲਈ ਬਾਬਾ ਫ਼ਰੀਦ ਜੀ ਆਪਣੇ ਕਲਾਮ ਵਿਚ ਨਿਮਰਤਾ, ਸਬਰ, ਖਿਮਾ ਅਤੇ ਮਿੱਠਤ ਆਦਿਕ ਗੁਣਾਂ ਨੂੰ ਧਾਰਣ ਕਰਣ ਉੱਤੇ ਜ਼ੋਰ ਦਿੰਦੇ ਹਨ। “ਮਤਿ ਹੋਦੀ ਹੋਇ ਇਆਣਾ॥ ਗਿਆਨ ਪ੍ਰਾਪਤੀ ਦੀ ਪ੍ਰਕ੍ਰਿਆ ਹੋਰ ਪਦਾਰਥਕ ਪ੍ਰਾਪਤੀਆਂ ਵਾਂਗ ਨਹੀਂ ਹੈ। ਪਦਾਰਥਕ ਵਸਤਾਂ ਇੱਕ ਵਾਰ ਪ੍ਰਾਪਤ ਹੋ ਜਾਣ ਤਾਂ ਵਿਅਕਤੀ ਦੀ ਉਨ੍ਹਾਂ ਉੱਪਰ ਮਲਕੀਅਤ ਉਸ ਸਮੇਂ ਤੱਕ ਬਣੀ ਰਹਿੰਦੀ ਹੈ ਜਦ ਤੱਕ ਉਨ੍ਹਾਂ ਦਾ ਉਪਯੋਗ ਨਹੀਂ ਹੋ ਜਾਂਦਾ। ਇਸ ਦੇ ਉਲਟ ਗਿਆਨ ਨੂੰ ਆਪਣੇ ਪਾਸ ਬਣਾਈ/ਬਚਾਈ ਰੱਖਣ ਲਈ ਲਗਾਤਾਰ ਸਾਧਨਾ ਕਰਨੀ ਪੈਂਦੀ ਹੈ। ਸਾਧਨਾ ਦੀ ਅਣਹੋਂਦ ਜਗਿਆਸੂ ਲਈ ਹਰ ਘੜੀ ਦੁੱਖ ਦਾ ਅਹਿਸਾਸ ਕਰਵਾਉਂਦੀ ਹੈ:- “ਫ਼ਰੀਦ ਬਾਣੀ ਵਿਚ ਮਾਨਵੀ ਸੰਤਾਪ ਦਾ ਪਹਿਲਾ ਕਾਰਨ ਹੀ ਇਹ ਹੈ ਕਿ ਸੰਤਾਪ ਮਨੁੱਖੀ ਹੋਂਦ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਮਾਨਵੀ ਸੰਤਾਪ ਦਾ ਦੂਜਾ ਵਿਚਾਰਯੋਗ ਨੁਕਤਾ ਫ਼ਰੀਦ ਬਾਣੀ ਵਿਚ ਪ੍ਰਗਟ ਹੋਈ ਕਾਲਗਤ ਚੇਤਨਾ ਹੈ। ਕਾਲ ਦੇ ਵਰਤਾਰੇ ਤੋਂ ਮੁਕਤ ਹੋਣਾ ਮੁਸ਼ਕਿਲ ਹੈ ਕਿਉਂਕਿ ਇਹ ਤਾਂ ਇਕ ਵਿਆਪਕ ਸੱਚ ਹੈ।”14 ਇਸ ਲਈ ਸੂਫ਼ੀ ਪਰੰਪਰਾ ਦੇ ਅਨੁਸਾਰ ਮਨੁੱਖ ਨੂੰ ਪਰਮਾਤਮਾ ਦੀ ਸਾਧਨਾ ਵਿੱਚ ਲੀਨ ਰਹਿਣਾ ਚਾਹੀਦਾ ਹੈ। ਬਾਬਾ ਫ਼ਰੀਦ ਗਿਆਨੀ ਪੁਰਖ ਨੂੰ ਉੱਚੀਆਂ ਪਦਵੀਆਂ ਅਤੇ ਧਨ ਦੌਲਤ ਤੋਂ ਨਿਰਲੇਪ ਰਹਿਣ ਦੀ ਸਲਾਹ ਦਿੰਦੇ ਹਨ। ਆਪ ਜੀ ਦਾ ਵਿਚਾਰ ਸੀ ਕਿ ਪਦਵੀ ਪ੍ਰਾਪਤ ਕਰਨ ਲਈ ਵਿਅਕਤੀ ਨੂੰ ਕਿਸੇ ਅੱਗੇ ਨੀਵਾਂ ਹੋਣਾ ਪੈਂਦਾ ਹੈ, ਕਿਸੇ ਦੀ ਗ਼ੁਲਾਮੀ ਕਰਨੀ ਪੈਂਦੀ ਹੈ ਅਤੇ ਇੱਕ ਵਾਰ ਵਿਅਕਤੀ ਅਜਿਹੇ ਕਿਸੇ ਲਾਲਚ ਵਿੱਚ ਆ ਜਾਵੇ ਤਾਂ ਉਸਦਾ ਪਤਨ ਸ਼ੁਰੂ ਹੋ ਜਾਂਦਾ ਹੈ। ਉਹ ਵਿਅਕਤੀ ਗਿਆਨ ਦੀ ਸੰਭਾਲ ਦੇ ਯੋਗ ਨਹੀਂ ਰਹਿੰਦਾ। ਗਿਆਨੀ ਪੁਰਖ ਉਹੀ ਹੈ ਜਿਸ ਵਿੱਚ ਆਤਮ-ਸਨਮਾਨ ਹੈ ਕਿਉਂਕਿ ਉਸ ਨੇ ਆਪਣੇ ਆਤਮ ਵਿੱਚ ਵੱਸਦੇ ਪਰਮਾਤਮਾ ਨੂੰ ਪਹਿਚਾਣ ਲਿਆ ਹੁੰਦਾ ਹੈ। ਛੋਟੀਆਂ-ਛੋਟੀਆਂ ਪਦਵੀਆਂ ਜਾਂ ਪਦਾਰਥਕ ਪ੍ਰਾਪਤੀਆਂ ਪਿੱਛੇ ਭਟਕਣ ਵਾਲਾ ਵਿਅਕਤੀ ਆਤਮ ਦੇ ਗੌਰਵ ਅਤੇ ਸੰਭਾਵਨਾਵਾਂ ਤੋਂ ਅਗਿਆਨੀ ਹੁੰਦਾ ਹੈ। ਆਤਮ-ਸਨਮਾਨ ਦੀ ਅਨੁਭੂਤੀ ਨੂੰ ਰੂਪਮਾਨ ਕਰਦੇ ਹੋਏ ਬਾਬਾ ਫ਼ਰੀਦ ਜੀ ਆਪਣੇ ਕਲਾਮ ਵਿਚ ਕਹਿੰਦੇ ਹਨ:- “ਫ਼ਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥ ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਫ਼ਰੀਦ ਬਾਣੀ ਦਾ ਕੇਂਦਰ ਬਿੰਦੂ ਬਿਰਹਾ ਜਿੱਥੇ ਪਿਆਰ ਦਾ ਪ੍ਰਤੀਕ ਹੈ ਉੱਥੇ ਸਾਧਕ ਲਈ ਇਹ ਆਤਮ ਸਨਮਾਨ ਦੀ ਭਾਵਨਾ ਅਤੇ ਰੱਬੀ ਚੇਤਨਾ ਵੀ ਪੈਦਾ ਕਰਦਾ ਹੈ। ਅਸਲ ਵਿਚ ਸਾਧਕ ਦਾ ਮੁੱਖ ਲਖ਼ਸ਼ ਪਰਮਾਤਮਾ ਨਾਲ ਅਭੇਦ ਹੋਣਾ ਹੈ। ਇਸ ਲਈ ਇੱਕ ਸੱਚੇ ਸੂਫ਼ੀ ਸਾਧਕ ਲਈ ਸੰਸਾਰਿਕ ਅੰਡਬਰਾਂ ਦੀ ਕੋਈ ਅਹਿਮੀਅਤ ਨਹੀਂ ਹੈ। “ਭਾਵੇਂ ਸ਼ੇਖ ਹੁਜ਼ਵੀਰੀ ਨੇ ਆਪ ਪੰਜਾਬੀ ਵਿਚ ਕੁੱਝ ਨਹੀਂ ਲਿਖਿਆ ਪਰ ਇਹ ਮੰਨਣਾ ਪਵੇਗਾ ਕਿ ਬਾਬਾ ਫ਼ਰੀਦ ਤੋਂ ਕਿਤੇ ਪਹਿਲਾਂ ਉਸਨੇ ਪੰਜਾਬੀ ਜੀਵਨ ਉੱਤੇ ਸੂਫ਼ੀ ਵਿਚਾਰਾਂ ਦਾ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੱਤਾ ਸੀ।”16 ਇਉਂ ਲੋਕਾਂ ਦੀ ਬੋਲੀ ਵਰਤ ਕੇ ਅਤੇ ਉਨ੍ਹਾਂ ਦੇ ਹਿੱਤਾਂ ਤੇ ਹਾਵਾਂ-ਭਾਵਾਂ ਨਾਲ ਸਾਂਝ ਪਾ ਕੇ ਫ਼ਰੀਦ ਜੀ ਨੇ ਆਪਣੇ ਸਮੇਂ ਦੇ ਲੱਖਾਂ ਦਿਲਾਂ ਨੂੰ ਹਲੂਣਿਆਂ ਤੇ ਰਿਝਾ ਲਿਆ। ਦੂਜੇ ਪਾਸੇ ਮਗਰਲੇ ਸੰਤਾਂ, ਸੂਫ਼ੀਆਂ ਅਤੇ ਸਾਹਿਤਕਾਰਾਂ ਦਾ ਝਾਕਾ ਵੀ ਖੋਲ ਦਿੱਤਾ। ਫ਼ਰੀਦ ਜੀ ਤੋਂ ਪਹਿਲਾਂ ਰਚਿਆ ਹੋਇਆ ਭਗਤੀ ਸਾਹਿਤ ਲੋਕ ਬੋਲੀ ਤੋਂ ਦੂਰ ਹੀ ਰਿਹਾ। ਦੱਖਣੀ ਹਿੰਦ ਦੇ ਰਾਮਾਨੁਜ ਜੀ ਦੀ ਅਜਿਹੀ ਰਚਨਾ ਸੰਸਕ੍ਰਿਤ ਵਿਚ ਹੈ। ਉੱਤਰੀ ਹਿੰਦ ਦੇ ਜੈਨੀ ਅਤੇ ਜੋਗੀ ਆਪਣੇ ਬਚਨ ਅਪ੍ਰਭੰਸ਼ ਵਿਚ ਰਚਦੇ ਰਹੇ ਹਨ। ਮੁਲਤਾਨ ਦੇ ਅਬਦੁਰ ਰਹਿਮਾਨ ਦੀ ‘ਸੰਦੇਹ ਗਸਯ’ (1010 ਈਸਵੀ) ਪੱਛਮੀ ਅਪ੍ਰਭੰਸ਼ ਵਿਚ ਰਚੀ ਹੋਈ ਹੈ। ਇਸ ਤੋਂ ਇਲਾਵਾ 1193 ਈਸਵੀ ਵਿਚ ਰਚਿਆ ਗਿਆ ਚੰਦਰ ਬਰਦਾਈ ਦਾ ‘ਪ੍ਰਿਥਵੀ ਰਾਜ ਗਾਸੋ’ ਡਿੰਗਲ ਅਪ੍ਰਭੰਸ਼ ਤੇ ਬ੍ਰਿਜੀ ਵਿਚ ਹੈ। “ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ॥ ਸੂਫ਼ੀ ਪਰੰਪਰਾ ਦੇ ਸਾਧਕਾਂ ਦਾ ਵਿਸ਼ਵਾਸ ਸੀ ਕਿ ਇਸ ਦਿੱਸਦੀ ਪ੍ਰਕਿਰਤੀ ਦੇ ਪਿੱਛੇ ਕੋਈ ਅਣਦਿੱਸਦੀ ਮਹਾਨ ਸੱਤਾ ਹੈ। ਜੋ ਇਸ ਦਿੱਸਦੇ/ਅਣਦਿੱਸਦੇ, ਕਲਪਨਾ ਵਿੱਚ ਆ ਸਕਣ ਵਾਲੇ ਅਤੇ ਨਾ ਆ ਸਕਣ ਵਾਲੇ ਬ੍ਰਹਿਮੰਡ ਨੂੰ ਆਪਣੀ ਖਿੱਚ ਨਾਲ ਚਲਾ ਰਹੀ ਹੈ। ਸ਼ਾਹ ਹੁਸੈਨ, ਬੁਲ੍ਹੇ ਸ਼ਾਹ ਆਦਿ ਸੂਫ਼ੀ ਕਵੀਆਂ ਵਿਚ ਜੋ ਰੂਹ ਅਤੇ ਰੱਬ ਦੇ ਰਹੱਸਵਾਦੀ ਪਿਆਰ ਦਾ ਸੰਕਲਪ, ਵਸਲ ਦਾ ਸੁਆਦ, ਬਿਰਹਾ ਦੀਆਂ ਤ੍ਰਾਟਾਂ, ਪ੍ਰੇਮ ਮਾਰਗ ਦੀਆਂ ਕਠਿਨਾਈਆਂ ਦਾ ਵੰਨ-ਸੁਵੰਨਾ ਵਰਨਣ ਹੈ, ਉਸਦਾ ਅਸਲ ਬੀਜ ਸ਼ੇਖ਼ ਫ਼ਰੀਦ ਜੀ ਦੀ ਕਵਿਤਾ ਵਿਚ ਹੈ। ਫ਼ਰਕ ਸਿਰਫ਼ ਇਹ ਹੈ ਕਿ ਫ਼ਰੀਦ ਜੀ ਦਾ ਰਹੱਸਵਾਦੀ ਸੰਕਲਪ ਰੂਹ ਤੇ ਰੱਬ ਦੇ ਖਾਵੰਦ-ਬੀਵੀ ਵਾਲੇ ਸੰਬੰਧ ਸਥਾਪਿਤ ਕਰਦਾ ਹੈ ਅਤੇ ਵਾਰਸ ਤੇ ਹਾਸ਼ਮ ਦਾ ਪਿਆਰ ਅਨੁਭਵ ਮਜ਼ਾਜ਼ੀ ਇਸ਼ਕ ਨੂੰ ਹਕੀਕੀ ਇਸ਼ਕ ਦੀ ਪਹਿਲੀ ਪੌੜੀ ਮੰਨਦਾ ਹੈ।ਗੁਰਬਾਣੀ ਵਿੱਚ ਜਦੋਂ ਰਹੱਸਵਾਦੀ ਪਿਆਰ ਪ੍ਰਗਟਾਇਆ ਗਿਆ ਤਾਂ ਉੱਥੇ ਗੁਰੂ ਸਾਹਿਬਾਨ ਨੇ ਆਪਣੇ ਆਰਥਿਕ, ਸਮਾਜਿਕ ਵਿਰਸੇ ਦੀ ਸੋਚ ਅਨੁਸਾਰ ਰੂਹ ਪਾਸੋਂ ਇਹ ਆਸ ਕੀਤੀ ਕਿ ਉਹ ‘ਮੱਧ ਮਹਾਜਨੀ ਘਰਾਂ ਦੀ ਪਤੀ ਭਗਤਨੀ ਇਸਤਰੀ ਵਾਂਗ’ ਰੱਬ ਨਾਲ ਭਗਤੀ ਪੂਰਵਕ ਪਿਆਰ ਕਰੇ। ਫ਼ਰੀਦ ਜੀ ਦੀ ਚਲਾਈ ਹੋਈ ਰਹੱਸਵਾਦੀ ਪਰੰਪਰਾ ਵਿਚ ਪੈਦਾ ਹੋਏ ਕਵੀਆਂ ਸ਼ਾਹ ਹੁਸੈਨ ਤੇ ਬੁਲ੍ਹੇ ਸ਼ਾਹ ਨੇ ਫ਼ਰੀਦ ਜੀ ਤੋਂ ਵੱਖਰੇ ਆਪਣੇ ਨਿੱਜੀ ਅਨੁਭਵਾਂ ਅਨੁਸਾਰ ਰੂਹ ਨੂੰ ਗ਼ੁਲਾਮੀ ਕਰਨ ਦੀ ਥਾਂ ਤੇ ਅਜਿਹੀ ਕਿਰਤ ਵਿੱਚ ਨਿਪੁੰਨ ਬਨਣ ਲਈ ਪ੍ਰੇਰਿਤ ਕੀਤਾ ਹੈ, ਜਿਸ ਨਾਲ ਉਹ ਸਹੁਰੇ ਘਰ ਜਾ ਕੇ ਆਪਣੇ ਪਤੀ ਪਰਮਾਤਮਾ ਨੂੰ ਚੰਗੀ ਲੱਗ ਸਕੇ। ਛੰਦ ਅਤੇ ਅਲੰਕਾਰਕ ਖੇਤਰ ਵਿਚ ਸ਼ੇਖ਼ ਫ਼ਰੀਦ ਨੇ ਨਵੀਨਤਾ ਦਾ ਪ੍ਰਗਟਾਵਾ ਨਹੀਂ ਕੀਤਾ। ਕਿਉਂਕਿ ਫ਼ਰੀਦ ਜੀ ਦਾ ਦੋਹਿਰਾ ਛੰਦ ਅਤੇ ਸ਼ਬਦ ਹਿੰਦੀ ਵਿਚ ਬਹੁਤ ਦੇਰ ਪਹਿਲਾਂ ਤੋਂ ਦਾਰਸ਼ਨਿਕ, ਧਾਰਮਿਕ, ਸੁਧਾਰਕ ਤੇ ਬੀਰ ਰਸੀ ਵਿਚਾਰਾਂ ਦੇ ਪ੍ਰਗਟਾਉ ਲਈ ਵਰਤੋਂ ਵਿਚ ਰਿਹਾ ਸੀ। ਪੰਜਾਬ ਵਿਚ ਰਹਿ ਰਹੇ ਜੋਗੀ ਕਵੀ ਆਪਣੀ ਸੁਧਾਰਕ ਤੇ ਪ੍ਰਤੀਕ-ਮਈ ਕਵਿਤਾ ਦੀ ਰਚਨਾ ਇਨ੍ਹਾਂ ਛੰਦਾਂ ਵਿੱਚ ਹੀ ਕਰ ਰਹੇ ਸਨ। ਇਸ ਪੱਖ ਵਿੱਚ ਫ਼ਰੀਦ ਬਾਣੀ ਦੀ ਸੂਫ਼ੀ ਕਵਿਤਾ ਨੂੰ ਦੇਣ ਹੈ ਕਿ ਇਨ੍ਹਾਂ ਲੋਕ ਪ੍ਰਚਲਿਤ ਛੰਦਾਂ ਦੀ ਵਰਤੋਂ ਕਰਕੇ ਫ਼ਰੀਦ ਜੀ ਨੇ ਆਪਣੇ ਤੋਂ ਬਾਅਦ ਵਿਚ ਆਉਣ ਵਾਲੇ ਕਵੀਆਂ ਦੇ ਲਈ ਅਜਿਹਾ ਰਾਹ ਖੋਲ ਦਿੱਤਾ ਕਿ ਉਹ ਆਪਣੇ ਛੰਦਾਂ ਦੀ ਚੋਣ ਲੋਕ ਛੰਦਾਂ ਵਿੱਚੋਂ ਕਰਨ ਅਤੇ ਸਿੱਟੇ ਵੱਜੋਂ ਪਿਛਲੇਰੇ ਸੂਫ਼ੀਆਂ ਨੇ ਕਾਫ਼ੀ, ਬੈਂਤ, ਬਾਰਾਮਾਹ, ਸਤਵਾਰਾ ਤੇ ਗੰਢਾਂ ਆਦਿ ਅਨੇਕ ਲੋਕ ਛੰਦਾਂ ਦੀ ਵਰਤੋਂ ਕੀਤੀ। ਇਸ ਨਾਲ ਨਾ ਕੇਵਲ ਇਨ੍ਹਾਂ ਲੋਕ ਛੰਦਾਂ ਦੀਆਂ ਵੰਨਗੀਆਂ ਹੀ ਜੀਵਤ ਰਹੀਆਂ ਬਲਕਿ ਨਵੇਂ ਛੰਦਾਂ ਦੇ ਤਜ਼ਰਬਿਆਂ ਲਈ ਰਾਹ ਵੀ ਖੁੱਲ ਗਏ। ਬਾਬਾ ਫ਼ਰੀਦ ਜੀ ਨੇ ਪੰਜਾਬੀ ਭਾਸ਼ਾ ਦੇ ਕੇਵਲ ਭਾਸ਼ਾਈ ਦੁਆਰ ਹੀ ਨਹੀਂ ਖੋਲੇ ਬਲਕਿ ਉਨ੍ਹਾਂ ਆਪਣੇ ਕਲਾਮ ਰਾਹੀਂ ਇਕ ਨਵੇਂ ਯੁਗ ਦੀ ਸ਼ੁਰੂਆਤ ਕੀਤੀ। ਪਹਿਲੀ ਵਾਰ ਆਮ ਮਨੁੱਖ ਆਪਣੀ ਬੋਲੀ ਵਿਚ ਆਪਣੀ ਭਾਸ਼ਾ, ਜ਼ੁਬਾਨ ਵਿਚ ਰਚਨਾਤਮਕ ਸਾਹਿਤ ਨੂੰ ਵਾਚ ਸਕਣ ਦਾ ਮਾਣ ਪ੍ਰਾਪਤ ਕਰ ਸਕਿਆ। ਪੰਜਾਬੀ ਸੂਫ਼ੀ ਕਾਵਿ ਜਿੱਥੇ ਆਪਣੇ ਕਲਾਮ ਕਰਕੇ ਆਮ ਲੋਕਾਂ ਵਿਚ ਹਰਮਨ ਪਿਆਰਾ ਹੋਇਆ ਉੱਥੇ ਨਾਲ ਹੀ ਫ਼ਰੀਦ ਜੀ ਦੇ ਕਲਾਮ ਨੇ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉੱਪਰ ਕੀਤੀ ਗਈ ਵਿਚਾਰ ਚਰਚਾ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ‘ਪੰਜਾਬੀ ਸੂਫ਼ੀ ਕਾਵਿ ਵਿੱਚ ਫ਼ਰੀਦ ਬਾਣੀ ਦਾ ਸਥਾਨ ਸਰਵੋਤਮ ਹੈ।’ ਫ਼ਰੀਦ ਬਾਣੀ ਦਾ ਪ੍ਰਵਚਨ ਪੰਜਾਬ ਦੀ ਅਧਿਆਤਮਕ ਪਰੰਪਰਾ ਦਾ ਮੁੱਲਵਾਨ ਵਿਰਸਾ ਹੈ। ਇਸ ਬਾਣੀ ਦਾ ਕੇਂਦਰੀ ਬਿੰਦੂ ਪ੍ਰਭੂ ਪ੍ਰਾਪਤੀ ਦੇ ਨਾਲ-ਨਾਲ ਇਕ ਆਦਰਸ਼ਕ ਮਨੁੱਖ ਦੀ ਸਿਰਜਣਾ ਕਰਨਾ ਵੀ ਹੈ। ਫ਼ਰੀਦ ਜੀ ਨੇ ਆਪਣੇ ਕਲਾਮ ਰਾਹੀਂ ਜੋ ਪੈੜਾਂ ਉਲੀਕੀਆਂ ਹਨ, ਉਹ ਪੰਜਾਬ ਦੀ ਅਧਿਆਤਮਕ ਪਰੰਪਰਾ ਦੀ ਜੜ੍ਹ ਕਹੀਆਂ ਜਾ ਸਕਦੀਆਂ ਹਨ। ਟਿਪਣੀਆਂ ਅਤੇ ਹਵਾਲੇ ![]() |
| © sanjhamarg.com |