ਅੱਜ ਪੂਰਾ ਦੇਸ਼ ਅੱਤਵਾਦ ਦੇ ਡਰਾਉਂਣੇ ਦੈਂਤ ਦੇ ਜਬੜੇ ਵਿੱਚ ਜਕੜਿਆ ਨਜ਼ਰ ਆ ਰਿਹੈ। ਪਿਛਲੇ ਇੱਕ ਸਾਲ ਦੌਰਾਨ ਦੇਸ਼ ਦੇ ਵੱਖ ਵੱਖ ਰਾਜਾਂ ਵਿੱਚ ਬੰਬ ਧਮਾਕਿਆਂ ਵਿੱਚ ਹੁਣ ਤੱਕ ਸੈਂਕੜੇ ਜਾਂਨਾ ਜਾ ਚੁੱਕੀਆਂ ਨੇ, ਤੇ ਅਨੇਕਾਂ ਘਰਾਂ ਦੇ ਚਿਰਾਗ ਬੁੱਝ ਚੁੱਕੇ ਨੇ। ਦੇਸ਼ ਦਾ ਅਜਿਹਾ ਕੋਈ ਵੀ ਹਿੱਸਾ ਬਾਕੀ ਨਹੀਂ ਰਿਹਾ ਜਿਥੇ ਅੱਤਵਾਦ ਦੀ ਹਨੇਰੀ ਨਾ ਝੁੱਲੀ ਹੋਵੇ। ਹਰ ਪਾਸੇ ਹਿੰਸਾ ਦਾ ਦਾਨਵ, ਬੇਲੁਗਾਮ ਪਿਆ ਘੁੰਮ ਰਿਹੈ। ਕਿਤੇ ਨਕਸਲੀ ਹਿੰਸਾ ਦੀ ਤਬਾਈ ਏ ਤੇ ਕਿਤੇ ਵਿਦੇਸ਼ੀ ਤਾਕਤਾਂ ਦੀ ਸ਼ਾਜਿਸ਼। ਪੂਰਾ ਦੇਸ਼ ਇਸ ਵੇਲੇ ਇਹੀ ਜਿਹੀ ਜਗ੍ਹਾ ‘ਤੇ ਆਣ ਖਲੋਤੈ, ਜਿਥੇ ਚਾਰੇ ਪਾਸੇ ਸੰਗੀਨਾ ਦੇ ਸਾਏ ਪਏ ਨਜ਼ਰੀਂ ਆਉਂਦੇ ਨੇ। ਅੰਦਰੂਨੀ ਅੱਤਵਾਦ ਅਤੇ ਖਾੜਕੂਵਾਦ ਦਾ ਸੰਤਾਪ ਹੰਢਾਉਂਣ ਤੋਂ ਬਾਅਦ ਹੁਣ ਵਿਦੇਸ਼ੀ ਦੁਸ਼ਮਣ ਦੀ ਖਾਨਾਜੰਗੀ ਭਾਰਤ ਲਈ ਇੱਕ ਚਿਨੋਤੀ ਬਣੀ ਬੈਠੀ ਹੈ। ਦੇਸ਼ ਦੇ ਵੱਖ ਵੱਖ ਟਿਕਾਣਿਆਂ ‘ਤੇ ਮੁਲਕ ਦੇ ਇਹਨਾਂ ਦੁਸ਼ਮਣਾ ਨੇ ਆਪਣਾ ਕਬਜਾ ਜਮਾ ਰੱਖਿਐ ਅਤੇ ਨਿੱਤ ਦਿਨ ਅੱਤਵਾਦ ਦੀਆਂ ਇਹ ਕਾਰਵਾਈਆਂ ਦੇਸ਼ ਦੀ ਤਰੱਕੀ ਵਿੱਚ ਵੱਡਾ ਰੋੜਾ ਬਣੀਆਂ ਪਈਆ ਹਨ। ਦਿੱਲੀ, ਵਾਰਾਨਸੀ, ਮਾਲੇਗਾਓਂ, ਸਮਝੋਤਾ ਐਕਸਪ੍ਰੈਸ, ਹੈਦਰਾਬਾਦ, ਲਖਨਊ, ਜੈਪੁਰ, ਰਾਜਸਥਾਨ, ਅਹਿਮਦਾਬਾਦ, ਕਰਨਾਟਕ, ਮੁਬੰਈ ਟ੍ਰੇਨ ਤੇ ਹੁਣ ਫਿਰ ਇੱਕ ਵਾਰ ਫਿਰ ਅੱਤਵਾਦੀਆਂ ਵੱਲੋਂ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਮੁਬੰਈ ਤੇ ਤਾਜ ਹੋਟਲ ਅਤੇ ਓਬਰਾਏ ਹੋਟਲ, ਨਰੀਮਨ ਹਾਉਸ ‘ਤੇ ਕਰਕੇ ਇਹ ਵਿਖਾ ਦਿੱਤਾ ਹੈ ਕਿ ਕੋਈ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ। ਭਾਰਤ ਹਰ ਸਾਲ ਸੁਰੱਖਿਆ ਏਜੰਸੀਆਂ ਅਤੇ ਇਨਟੈਲੀਜੈਸੀ ਲਈ 51 ਹਜਾਰ ਕਰੋੜ ਰੁਪੈ ਖਰਚਦੈ ਪਰ ਇਸ ਦੇ ਬਾਵਜੂਦ ਵੀ ਦੇਸ਼ ਵਿੱਚ ਨਿੱਤ ਰੋਜ ਬੰਬ ਫੱਟਦੇ ਤੇ ਲੋਕ ਮਰਦੇ ਰਹਿੰਦੇ ਨੇ। ਅਮਰੀਕਾ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਮੰਨਿਆਂ ਜਾਂਦੈ, ਅਤੇ ਸੁਰੱਖਿਆ ਵਾਸਤੇ ਸਭ ਤੋਂ ਵੱਧ ਪੈਸੇ ਅਮਰੀਕਾ ਹੀ ਖਰਚਦੈ ਅਤੇ ਇਹ ਗੱਲ ਵੀ ਮੰਨਣ ਵਾਲੀ ਹੈ ਕਿ 9,11 ਦੇ ਹਮਲੇ ਤੋਂ ਬਾਅਦ ਅਮਰੀਕਾ ਵਿੱਚ ਦੁਬਾਰਾ ਕਦੀ ਅਜਿਹੀ ਘਟਨਾ ਨਹੀਂ ਵਾਪਰੀ। ਪਰ ਇਸਦੇ ਉਲਟ ਭਾਰਤ ਦੂਜੇ ਨੰਬਰ ਤੇ ਹੈ ਜੋ ਸੁਰੱਖਿਆ ਵਾਸਤੇ 51 ਹਜਾਰ ਕਰੋੜ ਰੁਪੈ ਖਰਚ ਰਿਹੈ ਪਰ ਇਸ ਦੇ ਬਾਵਜੂਦ ਸਾਲ 2005 ਤੋਂ ਲੈ ਕੇ ਹੁਣ ਤੱਕ ਦੁਸ਼ਮਣ ਅਣਗਿਣਤ ਹਮਲੇ ਭਾਰਤ ਦੇ ਵੱਖ ਵੱਖ ਸ਼ਹਿਰਾਂ ‘ਤੇ ਕਰ ਚੁੱਕੈ ਤੇ ਇਹ ਆਤੰਕੀ ਕਾਰਵਾਈਆਂ ਬਾਦਸਤੂਰ ਜਾਰੀ ਹਨ। ਸੁਰੱਖਿਆ ਦੀ ਗੱਲ ਇੱਕ ਪਾਸੇ ਰੱਖ ਕੇ ਜੇਕਰ ਸੁਰੱਖਿਆ ਦੇ ਸਾਜੋ ਸਮਾਨ ਅਤੇ ਹਥਿਆਰਾਂ ਦੀ ਗੱਲ ਕਰੀਏ ਤਾਂ ਭਾਰਤ ਕੋਲ ਹਾਲੇ ਤੱਕ ਅਜਿਹੇ ਹਥਿਆਰ ਹੀ ਨਹੀਂ ਹਨ ਜਿਨ੍ਹਾਂ ਨਾਲ ਦੇਸ਼ ਦੇ ਰਾਖੇ ਮੁੱਠੀ ਭਰ ਅੱਤਵਾਦੀਆਂ ਨਾਲ ਮੁਕਾਬਲਾ ਕਰ ਸਕਣ। ਮੁਬੰਈ ਵਿਖੇ ਹੋਏ ਹੁਣ ਤੱਕ ਦੇ ਸਭ ਤੋਂ ਵੱਡੇ ਅੱਤਵਾਦੀ ਹਮਲੇ ਨੇ ਦੇਸ਼ ਦੀਆਂ ਅੱਖਾਂ ਖੋਲ ਕੇ ਰੱਖ ਦਿੱਤੀਆਂ ਨੇ। ਇਹਨਾਂ ਪੂਰੀ ਤਰ੍ਹਾਂ ਟ੍ਰੇਂਡ ਅੱਤਵਾਦੀਆਂ ਨੇ ਯੋਜਨਾਬੱਧ ਢੰਗ ਨਾਲ ਹੋਟਲਾਂ ਨੂੰ ਕਬਜੇ ਵਿੱਚ ਲੈ ਕਿ ਅਤੇ ਅਤੀ ਅਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰਕੇ 190 ਤੋਂ ਵੱਧ ਬੇਦੋਸ਼ੇ ਲੋਕਾਂ ਦੀ ਜਾਨ ਲੈ ਲਈ ਅਤੇ ਸੈਂਕੜੇ ਲੋਕ ਜ਼ਖ਼ਮੀ ਕਰ ਦਿੱਤੇ। ਜਾਣਕਾਰੀ ਅਨੁਸਾਰ ਉਹਨਾਂ ਕੋਲ ਅਮਰੀਕਾ ਆਰਮੀ ਵਿੱਚ ਵਰਤੇ ਜਾਣ ਵਾਲੇ ਹਥਿਆਰ ਅਤੇ ਬੰਦੂਕਾਂ ਸਨ ਜਿਨ੍ਹਾਂ ਦੇ ਜਰੀਏ ਉਹ ਰਾਤ ਦੇ ਹਨੇਰੇ ਵਿੱਚ ਵੀ ਬੰਦੇ ਨੂੰ ਵੇਖ ਸਕਦੇ ਸਨ ਤੇ ਨਿਸਾਨਾ ਸੇਧ ਸਕਦੇ ਸਨ। ਇਸਦੇ ਮੁਕਾਬਲੇ ਸਾਡੇ ਸੁਰੱਖਿਆ ਬਲਾਂ ਕੋਲ ਹਾਲੇ ਵੀ ਸੰਨ 47 ਵਾਲੇ ਪਿਸਤੋਲ ਤੇ ਰਾਈਫਲਾਂ ਆਦਿ ਹਥਿਆਰ ਹਨ ਜਿਹੜੇ ਅੱਤਵਾਦੀਆਂ ਦੇ ਹਥਿਆਰਾਂ ਦੇ ਮੁਕਾਬਲੇ ਬਹੁਤ ਨੀਵੇਂ ਪੱਧਰ ਦੇ ਹਨ । ਇਹੋ ਵਜ੍ਹਾ ਏ ਕੇ ਮੁਬੰਈ ਹਮਲੇ ਦੋਰਾਨ ਦੇਸ਼ ਨੂੰ ਕਈਂ ਜਾਂਬਾਜ ਅਫਸਰਾਂ ਅਤੇ ਸਿਪਾਹੀਆਂ ਤੋਂ ਹੱਥ ਧੋਣੇ ਪਏ। ਇਸ ਦੇ ਨਾਲ ਹੀ ਇਲੈਕਟ੍ਰੋਨਿਕ ਮੀਡੀਆ ਨੇ ਵੀ ਉਕਤ ਅਫਸਰਾਂ ਦੇ ਸਿਪਾਹੀਆਂ ਨੂੰ ਮਰਵਾਉਂਣ ਲਈ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ। ਮੁਬੰਈ ਏ.ਟੀ.ਐਸ ਮੁਖੀ ਹੇਮਤ ਕਰਕਰੇ ਦੀ ਮੌਤ ਵਿੱਚ ਇਲੈਕਟ੍ਰੋਨਿਕ ਮੀਡੀਆ ਕਾਫੀ ਹੱਦ ਤੱਕ ਜਿਮੇਵਾਰ ਹੈ। ਜਾਣਕਾਰ ਦੱਸਦੇ ਹਨ ਕੇ ਹਮਲੇ ਦੀ ਸੂਚਨਾ ਮਿਲਦੇ ਹੀ ਏਟੀਐਸ ਮੁੱਖੀ ਹੇਮੰਤ ਕਰਕਰੇ ਆਪਣੇ ਦਲ ਨਾਲ ਜਦੋਂ ਤਾਜ ਹੋਟਲ ਪਹੁੰਚਿਆ ਤਾਂ ਮੀਡੀਆ ਦੇ ਕੈਮਰੇ ਉਸ ਉਪਰ ਘੁੰਮਣ ਲੱਗੇ ਕੈਮਰੇ ਦੇ ਸਾਹਮਣੇ ਹੀ ਉਸਨੇ ਬੁਲਿਟ ਪਰੂਫ ਜੈਕਟ ਪਾਈ ਅਤੇ ਸਿਰ ਤੇ ਹੈਲਮੈਟ ਵੀ ਕੈਮਰੇ ਦੇ ਸਾਹਮਣੇ ਹੀ ਪਾਈ। ਓਧਰ ਹੋਟਲ ਅੰਦਰ ਅੱਤਵਾਦੀ ਨਿਉਂਜ ਚੈਨਲਾਂ ਦਾ ਇਹ ਲਾਈਵ ਟੈਲੀਕਾਸਟ ਵੇਖ ਰਹੇ ਸੀ। ਜਦ ਹੇਮੰਤ ਕਰਕਰੇ ਹੋਟਲ ਦੇ ਅੰਦਰ ਦਾਖਲ ਹੋਇਆ ਤਾਂ ਵੀ ਚੈਨਲਾਂ ਦੇ ਕੈਮਰੇ ਉਸਦੇ ਪਿਛੇ ਹੀ ਰਹੇ ਜਿਸਦਾ ਸਿੱਟਾ ਇਹ ਨਿਕਲਿਆ ਕੇ ਅੱਤਵਾਦੀਆਂ ਨੇ ਸਿਧੀ ਉਸਦੀ ਗਰਦਨ ‘ਤੇ ਗੋਲੀ ਮਾਰੀ ਜੋ ਉਸਦੀ ਮੌਤ ਦਾ ਕਾਰਨ ਬਣ ਗਈ। ਮੀਡੀਆ ਦੀ ਇਸ ਨਲਾਇਕੀ ਅਤੇ ਟੀ.ਆਰ.ਪੀ. ਵਧਾਉਣ ਦੇ ਚੱਕਰ ਵਿੱਚ ਦੇਸ਼ ਨੇ ਇੱਕ ਜਾਂਬਾਜ ਅਫਸਰ ਗਵਾ ਲਿਆ। ਸੋ ਦੇਸ਼ ਦੀ ਸੁਰੱਖਿਆ ਦੇ ਮੱਧੇਨਜ਼ਰ ਮੀਡੀਆ ਨੂੰ ਜਿਮੇਵਾਰੀ ਸਮਝਣ ਦੀ ਸਖਤ ਲੋੜ ਹੈ। ਇਸ ਦੇ ਨਾਲ ਹੀ ਰਾਤ ਦੇ ਹਨੇਰੇ ਵਿੱਚ ਕਿਸਤੀ ਰਾਹੀਂ ਮੁਬੰਈ ਪਹੁੰਚੇ ਕਰੀਬ 25 ਅੱਤਵਾਦੀਆਂ ਨੇ ਤਾਜ ਹੋਟਲ, ਉਬਰਾਏ ਹੋਟਲ, ਛਤਰਪਤੀ ਸਿਵਾਜੀ ਟਰਮੀਨਲ, ਨਰੀਮਨ ਹੋਟਲ ਆਦਿ ਮਹੱਤਵਪੂਰਨ ਥਾਵਾਂ ਤੇ ਖੂਨ ਦੀ ਹੋਲੀ ਖੇਡ ਕੇ ਪਾਕਿਸਤਾਨ ਦੇ ਚਿਹਰੇ ਦੇ ਚੜਿਆ ਦੋਸਤੀ ਦਾ ਨਿਕਾਬ ਲਾਹ ਮਾਰਿਆ ਹੈ ਅਤੇ ਉਸਦੇ ਮਨਸੂਬੇ ਵੀ ਸਾਫ ਕਰ ਦਿੱਤੇ ਹਨ ਕੇ ਪਾਕਿਸਤਾਨ ਭਾਰਤ ਦਾ ਵੱਡਾ ਦੁਸ਼ਮਣ ਹੈ। ਮੁਬੰਈ ਹਮਲਿਆਂ ਵਿੱਚ ਵਰਤੇ ਗਏ ਬਹੁਤੇ ਹਥਿਾਆਰਾਂ, ਹੈਡ ਗਰਨੇਡਾਂ ਉਤੇ ਲੱਗੇ ਠੱਪੇ ਪਾਕਿਸਤਾਨ ਦੇ ਹੀ ਹਨ। ਅੱਤਵਾਦੀਆਂ ਵੱਲੋਂ ਜਿਨਾਂ ਅਖਬਾਰਾਂ ਦਾ ਇਸਤਮਿਾਲ ਅਸਲਾ ਅਤੇ ਹੋਰ ਸ਼ੈਵਾਂ ਪੈਕ ਕਰਨ ਲਈ ਕੀਤਾ ਗਿਆ ਸੀ ਉਹ ਕਰਾਚੀ ਤੋਂ ਛਪੀਆਂ ਸਨ। ਇਥੋਂ ਇਹ ਸਹਿਜੇ ਹੀ ਸਿੱਧ ਹੁੰਦਾ ਹੈ ਕਿ ਪਾਕਿਸਤਾਨ ਭਾਰਤ ਨਾਲ ਸਿਰਫ ਦੋਸਤੀ ਦਾ ਢੌਂਗ ਰਚਦਾ ਆ ਰਿਹਾ ਹੈ ਅਤੇ ਰਚਦਾ ਰਹੇਗਾ। ਪਾਕਿਸਤਾਨ ਨੇ ਹਮੇਸ਼ਾਂ ਭਾਰਤ ਦੇ ਜਜਬਾਤਾਂ ਨਾਲ ਖੇਡ ਕੇ ਦੇਸ਼ ਦੇ ਕਮਜੋਰ ਕਾਨੂੰਨ ਦੀਆਂ ਖਾਮੀਆਂ ਦਾ ਭਾਰਾ ਫਾਇਦਾ ਉਠਾਇਆ ਹੈ। ਭਾਵੇਂ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰ: ਮਨਮੋਹਨ ਸਿੰਘ ਨੇ ਦੇਸ਼ ਦੇ ਨਾਗਰਿਕਾਂ ਦੀ ਜਾਨ ਦੀ ਰਾਖੀ ਲਈ ਪੁਲਿਸ ਸੁਧਾਰ ਐਕਟ ਅਤੇ ਸੰਘੀ ਜਾਂਚ ਅਥਾਰਿਟੀ ਬਣਾਉਣ ਅਤੇ ਰਾਸਟਰੀ ਸੁਰੱਖਿਆ ਕਾਨੂੰਨ ਤੁਰੰਤ ਲਾਗੂ ਕਰਨ ਦੀ ਗੱਲ ਆਖੀ ਹੈ, ਪਰ ਇਸ ਕਾਨੂੰਨ ਦੇ ਲਾਗੂ ਹੋਣ ਨਾਲ ਕੀ ਫਰਕ ਪੈਣ ਵਾਲਾ ਹੈ ਇਹ ਤਾਂ ਰੱਬ ਈ ਜਾਣਦੈ। ਦੇਸ਼ ਦੀ ਮੌਜੂਦਾ ਸਥਿਤੀ ਦੇ ਮੱਧੇਨਜ਼ਰ ਅੱਜ ਹਰੇਕ ਨਾਗਰਿਕ, ਹਰ ਰਾਜਨੀਤਿਕ ਪਾਰਟੀ ਨੂੰ ਇੱਕ ਮੰਚ ‘ਤੇ ਇਕੱਠੇ ਹੋ ਕੇ ਸੋਚਣ ਦੀ ਡਾਢੀ ਲੋੜ ਹੈ । ਜੇਕਰ ਅਸੀਂ ਅਜਾਦ ਭਾਰਤ ਦੇ ਅਜਾਦ ਨਾਗਰਿਕ ਬਣ ਕੇ ਰਹਿਣਾ ਚਾਹੁੰਦੇ ਹਾਂ ਤਾਂ ਦੇਸ਼ ਦੀ ਸੁਰੱਖਿਆ ਦਾ ਹਿੱਸਾ ਬਣਨਾ ਪਵੇਗਾ ਤਾਂ ਹੀ ਸਾਡੇ ਸਿਰ ਤੋਂ ਸੰਗੀਨਾ ਦੇ ਸਾਏ ਹਟ ਸਕਣਗੇ। ਇਸਦੇ ਨਾਲ ਹੀ ਦੇਸ਼ ਦੀ ਵਾਗਡੋਰ ਸੰਭਾਲੀ ਬੈਠੇ ਨੇਤਾਵਾਂ ਨੂੰ ਵੀ ਇਹ ਸੋਚ ਵਿਚਾਰ ਕਰਨ ਦੀ ਖਾਸੀ ਜਰੂਰਤ ਹੈ ਕਿ ਦੇਸ਼ ਦੀ ਸੁਰੱਖਿਆ ‘ਤੇ ਖਰਚਿਆ ਜਾ ਰਿਹਾ 51 ਹਜਾਰ ਕਰੌੜ ਰੁਪਈਆ ਕਿਤੇ ਜਾਇਆ ਤਾਂ ਨਹੀਂ ਜਾ ਰਿਹਾ .........?
