ਸ਼ੇਰ ਸਿੰਘ ਬੜਾ ਦੁਖੀ ਸੀ। ਜਿਸ ਮੁਹੱਲੇ ਵਿਚ ਉਹ ਰਹਿੰਦਾ ਸੀ ਉਸਦੀ ਕਮੇਟੀ ਵਾਲੇ ਕੋਈ ਸੁਰਤ ਨਹੀਂ ਸੀ ਲੈਂਦੇ। ਗਲੀ ਵਿਚ ਹਰ ਥਾਂ ਖੱਡੇ ਜੋ ਗੰਦੇ ਪਾਣੀ ਨਾਲ ਭਰੇ ਰਹਿੰਦੇ। ਨਾਲੀਆਂ ਵਿਚ ਵੀ ਬਦਬੂਦਾਰ ਗੰਦਾ ਪਾਣੀ ਰੁਕਿਆ ਰਹਿੰਦਾ। ਸਵੇਰ ਸਾਰ ਜਦੋਂ ਲੋਕੀਂ ਆਮ ਤੌਰ ਤੇ ਰੱਬ ਦਾ ਨਾਂ ਲੈਂਦੇ ਹਨ, ਸ਼ੇਰ ਸਿੰਘ ਕਮੇਟੀ ਵਾਲਿਆਂ ਨੂੰ ਮੋਟੀਆਂ ਮੋਟੀਆਂ ਗਾਲਾਂ ਕੱਢ ਰਿਹਾ ਹੁੰਦਾ। ਆਂਢੀ ਗਵਾਂਢੀ ਸ਼ੇਰ ਸਿੰਘ ਦੀ ਇਸ ਆਦਤ ਤੋਂ ਬਹੁਤ ਦੁਖੀ ਸਨ। ਸ਼ੇਰ ਸਿੰਘ ਨੇ ਮੁਹੱਲੇ ਵਾਲਿਆਂ ਦਾ ਹੋਰ ਨੱਕ ਵਿਚ ਦਮ ਕਰ ਦਿੱਤਾ ਜਦੋਂ ਉਸਨੇ ਇਕ ਕੁੱਤੀ ਪਾਲ ਲਈ ਜੋ ਹਰ ਇਕ ਨੂੰ ਵੱਢ ਖਾਣ ਨੂੰ ਪੈਂਦੀ ਤੇ ਰਾਤ ਨੂੰ ਨਿਰੰਤਰ ਭੌਕਦੀ ਰਹਿੰਦੀ। ਜਦੋਂ ਮਹੁੱਲੇ ਦੇ ਕੁੱਝ ਪਤਵੰਤੇ ਸ਼ੇਰ ਸਿੰਘ ਕੋਲ ਸ਼ਕਾਇਤ ਕਰਨ ਗਏ ਤਾਂ ਉਹ ਆਪੇ ਤੋਂ ਬਾਹਰ ਹੋ ਗਿਆ: “ਮਾਂ ਦਿੳ… ਕੁਤੀ ਭੌਂਕੇ ਨਾਂ ਤਾਂ ਹੋਰ ਕੀ ਕਰੇ? ੳਏ ਤੁਹਾਨੂੰ ਮੁਹੱਲੇ ਵਿਚਲਾ ਗੰਦ ਨਹੀਂ ਦਿਸਦਾ? ਕਮੇਟੀ ਵਾਲਿਆਂ ਨੂੰ ਜੁੱਤੀਆਂ ਮਾਰਨ ਦੀ ਥਾਂ ਤੁਸੀਂ ਉਨ੍ਹਾਂ ਦੇ ਫ਼ੁੱਲਾਂ ਦੇ ਹਾਰ ਪਾਉਂਦੇ ਹੋ…! ੳਏ ਤੁਸੀਂ ਵੀ ਉਨ੍ਹਾਂ ਨੂੰ ਭੌਂਕਦੇ ਕਿੳ ਨਹੀਂ?!!!!”