ਘਰ ‘‘ਸੂਫ਼ੀਮੱਤ ਅਤੇ ਬਾਬਾ ਫ਼ਰੀਦ’’ ਸੰਪਰਕ

ਨਿਸ਼ਾਨ ਸਿੰਘ


 ‘ਸੂਫ਼ੀਮੱਤ ਅਤੇ ਬਾਬਾ ਫ਼ਰੀਦ
ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਖੇਤਰ ਵਿੱਚ ਸੂਫ਼ੀ ਕਵਿਤਾ ਦਾ ਮਹੱਤਵਪੂਰਨ ਸਥਾਨ ਹੈ। ਇਸ ਦੇ ਬਾਵਜੂਦ ਅਸੀਂ ਬਹੁਤ ਸਮਾਂ ਇਸ ਵਡਮੁੱਲੇ ਵਿਰਸੇ ਦੀ ਸੰਭਾਲ ਪ੍ਰਤੀ ਗੰਭੀਰਤਾ ਨਾਲ ਉਪਰਾਲੇ ਨਹੀਂ ਕੀਤੇ। ਜਦੋਂ ਅਸੀਂ ਇਸ ਦੀ ਸੰਭਾਲ ਬਾਰੇ ਯਤਨ ਕਰਨੇ ਸ਼ੁਰੂ ਕੀਤੇ ਤਾਂ ਪੰਜਾਬ ਦੀ ਧਰਤੀ ਦੋ ਦੇਸ਼ਾਂ ਦੇ ਵਿਚਕਾਰ ਵੰਡੀ ਜਾ ਚੁਕੀ ਸੀ ਅਤੇ ਜਿਸ ਥਾਂ ਤੇ ਬਹੁਤੇ ਸੂਫ਼ੀ ਸਾਧਕ ਕਵਿਤਾ ਰਚਦੇ ਰਹੇ, ਉਹ ਪਾਕਿਸਤਾਨ ਵਿਚ ਮਿਲ ਚੁਕੀ ਸੀ। ਇਸ ਤੋਂ ਬਾਅਦ ਜਦੋਂ ਅਸੀਂ ਉਪਲਬਧ ਸੂਫ਼ੀ ਕਵਿਤਾ ਨੂੰ ਫ਼ਾਰਸੀ ਅੱਖਰਾਂ ਤੋਂ ਗੁਰਮੁਖੀ ਅੱਖਰਾਂ ਵਿੱਚ ਢਾਲਿਆ ਤਾਂ ਇਸ ਵਿੱਚ ਕਈ ਕਮੀਆਂ ਰਹਿ ਗਈਆਂ। ਗੁਰਮੁਖੀ ਵਿੱਚ ਪ੍ਰਾਪਤ ਸੂਫ਼ੀ ਕਵਿਤਾ ਨੂੰ ਪੜ੍ਹਦਿਆਂ ਅਸੀਂ ਮਹਿਸੂਸ ਕਰਦੇ ਹਾਂ ਕਿ ਸੂਫ਼ੀਆਂ ਦੀ ਸਾਧਨਾ ਵਿਧੀ ਨੂੰ ਸਿਧਾਂਤ ਰੂਪ ਵਿੱਚ ਗ੍ਰਹਿਣ ਕਰਨ ਨਾਲ ਉਹ ਅਨੁਭਵ ਹੱਥੋਂ ਨਿਕਲ ਜਾਂਦਾ ਹੈ, ਜਿਸ ਤੋਂ ਬਿਨਾਂ ਸੂਫ਼ੀ ਸਾਧਨਾ ਦੀ ਆਤਮਾ ਤੱਕ ਪੁੱਜਣਾਂ ਸੰਭਵ ਨਹੀਂ ਹੈ।
ਅਸੀਂ ਆਪਣੇ ਇਸ ਅਧਿਆਇ ਵਿੱਚ “ਸੂਫ਼ੀਮੱਤ ਅਤੇ ਬਾਬਾ ਫ਼ਰੀਦ” ਬਾਰੇ ਵਿਚਾਰ ਚਰਚਾ ਕਰਨੀ ਹੈ। ਇਸ ਲਈ ਪਹਿਲਾਂ ਅਸੀਂ ਸੂਫ਼ੀਮੱਤ ਬਾਰੇ ਚਰਚਾ ਕਰਨਾ ਯੋਗ ਸਮਝਦੇ ਹਾਂ। ਇਸ ਅਧਿਆਇ ਵਿੱਚ ਸੂਫ਼ੀਮੱਤ ਦੇ ਜਨਮ, ਪਿਛੋਕੜ, ਸਾਧਨਾ ਵਿਧੀ, ਆਯਤਾਂ ਅਤੇ ਵਿਕਾਸ ਬਾਰੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ।
ਸੂਫ਼ੀਮੱਤ:-
ਸੂਫ਼ੀਵਾਦ ਉਸ ਇਸਲਾਮੀ ਜੀਵਨ ਜਾਚ ਦਾ ਨਾਂ ਹੈ ਜਿਸ ਵਿੱਚ ਬਾਹਰਲੀਆਂ ਸ਼ਰ੍ਹਾ ਦੀਆਂ ਬੰਦਸ਼ਾਂ ਉੱਤੇ ਜ਼ੋਰ ਦੇਣ ਦੀ ਥਾਂ ਅੰਦਰਲੇ ਅਨੁਭਵ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਇਹ ਇਸਲਾਮੀ ਰਹੱਸਵਾਦ ਹੈ। ਮੁਸਲਮਾਨਾਂ ਦੇ ਆਉਣ ਦੇ ਨਾਲ ਹੀ ਸੂਫ਼ੀਮੱਤ ਪੰਜਾਬ ਵਿੱਚ ਆਇਆ ਅਤੇ 12ਵੀਂ ਸਦੀ ਤੱਕ ਇੱਥੇ ਸੂਫ਼ੀਆਂ ਦੇ ਕਈ ਅੱਡੇ ਸਥਾਪਤ ਹੋ ਚੁੱਕੇ ਸਨ। ਪਾਕਪਟਨ, ਕਸੂਰ, ਲਾਹੌਰ, ਮੁਲਤਾਨ, ਪਾਣੀਪਤ ਅਤੇ ਉੱਚ-ਸ਼ਰੀਫ਼ ਇਨ੍ਹਾਂ ਦੇ ਪ੍ਰਮੁੱਖ ਗੜ੍ਹ ਸਨ:-
“ਸੂਫ਼ੀਮੱਤ ਹਿੰਦੂ ਭਗਤੀ ਮੱਤ ਤੇ ਵੇਦਾਂਤ ਦੀ ਮੁਸਲਮਾਨੀ ਸੂਰਤ ਹੈ।”1
ਇਸੇ ਕਾਲ ਵਿੱਚ ਹੀ ਮੁਖਦੂਮ ਅਲੀ ਹੁਜਰਿਵੀ, ਫ਼ਰੀਦ ਅਤੇ ਸ਼ਰਫ਼-ਦੀਨ-ਬੂ-ਅਲੀ-ਕਲੰਦਰ ਜਿਹੇ ਉੱਘੇ ਸੂਫ਼ੀ ਕਵੀ ਹੋਏ ਹਨ।
ਸੂਫ਼ੀਮੱਤ ਦੇ ਨਿਕਾਸ ਅਤੇ ਵਿਕਾਸ ਬਾਰੇ ਭਾਵੇਂ ਵਿਦਵਾਨਾਂ ਵਿੱਚ ਮਤਭੇਦ ਹਨ, ਪਰ ਇਸ ਗੱਲ ਨਾਲ ਸਾਰੇ ਆਪਣੀ ਸਹਿਮਤੀ ਪ੍ਰਗਟ ਕਰਦੇ ਹਨ ਕਿ “ਸੂਫ਼ੀ” ਸ਼ਬਦ ਦਾ ਪ੍ਰਯੋਗ ਉਨ੍ਹਾਂ ਲੋਕਾਂ ਲਈ ਕੀਤਾ ਗਿਆ, ਜੋ ਆਪਣੀ ਇੱਛਾ ਨਾਲ ਸੰਸਾਰਕ ਸੁੱਖਾਂ ਨੂੰ ਤਿਆਗ ਕੇ ਅਧਿਆਤਮ ਮਾਰਗ ਤੇ ਤੁਰੇ ਸਨ। ਸਾਹਿਤ ਵਿੱਚ ਵੀ ਸਭ ਤੋਂ ਪਹਿਲਾਂ ਸੂਫ਼ੀ ਸ਼ਬਦ ਦੀ ਵਰਤੋਂ ਸੰਨਿਆਸੀਆਂ ਦੀ ਇੱਕ ਵਿਸ਼ੇਸ਼ ਜਮਾਤ ਲਈ ਕੀਤੀ ਗਈ ਸੀ।
ਸੂਫ਼ੀ ਸ਼ਬਦ ਦਾ ਨਿਕਾਸ:-
ਸਭ ਤੋਂ ਪਹਿਲਾਂ ਅਸੀਂ ਸੂਫ਼ੀ ਸ਼ਬਦ ਦੇ ਨਿਕਾਸ ਅਤੇ ਵੱਖ-ਵੱਖ ਵਿਦਵਾਨਾਂ ਦੇ ਇਸ ਬਾਰੇ ਵਿਚਾਰ ਪੇਸ਼ ਕਰਾਂਗੇ। ਸੂਫ਼ੀ ਸ਼ਬਦ ਦੇ ਮੂਲ ਵਿੱਚ ਸਫ਼ਾ, ਸਫ਼, ਸੁੱਫ਼ਾ ਅਤੇ ਸੂਫ਼ ਵਰਗੇ ਸ਼ਬਦਾਂ ਨੂੰ ਲੈ ਕੇ ਵਿਦਵਾਨਾਂ ਨੇ ਵੱਖਰੇ-ਵੱਖਰੇ ਵਿਚਾਰ ਪ੍ਰਗਟ ਕੀਤੇ ਹਨ। ਕੁੱਝ ਵਿਦਵਾਨ ਇਸ ਨੂੰ ‘ਸਫ਼ਾ’ ਅਰਥਾਤ ਪਵਿੱਤਰਤਾ ਤੋਂ ਬਣਿਆ ਮੰਨਦੇ ਹਨ। ਇਹਨਾਂ ਵਿਦਵਾਨਾਂ ਦੇ ਅਨੁਸਾਰ ਸੂਫ਼ੀ ਉਹ ਹੈ, ਜਿਸ ਦਾ ਮਨ ਸੰਸਾਰਕ ਵਾਸ਼ਨਾਵਾਂ ਤੋਂ ਪਵਿੱਤਰ ਹੁੰਦਾ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਕੁੱਝ ਵਿਚਾਰਕਾਂ ਦਾ ਮੱਤ ਹੈ ਕਿ ਸੂਫ਼ੀ ਸ਼ਬਦ ‘ਸਫ਼’ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਪੰਗਤੀ। ਇਨ੍ਹਾਂ ਵਿਚਾਰਕਾਂ ਦੇ ਅਨੁਸਾਰ ਸੂਫ਼ੀ ਉਹ ਹੈ ਜਿਸ ਨੂੰ ਕਿਆਮਤ ਦੇ ਦਿਨ ਖ਼ੁਦਾ ਦੇ ਸਾਹਮਣੇ ਪਹਿਲੀ ਪੰਗਤੀ ਵਿੱਚ ਖੜਾ ਕੀਤਾ ਜਾਵੇਗਾ, ਕਿਉਂਕਿ ਇਨ੍ਹਾਂ ਸੂਫ਼ੀ ਸਾਧਕਾਂ ਨੇ ਆਪਣੀ ਸਾਰੀ ਜ਼ਿੰਦਗੀ ਪਰਮਾਤਮਾ ਦੀ ਭਗਤੀ ਵਿੱਚ ਬਤੀਤ ਕੀਤੀ ਹੁੰਦੀ ਹੈ। ਇਸੇ ਤਰ੍ਹਾਂ ਕੁੱਝ ਹੋਰ ਵਿਦਵਾਨ ਇਸ ਬਾਰੇ ਆਪਣਾ ਮੱਤ ਪ੍ਰਗਟ ਕਰਦਿਆਂ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਉਨ੍ਹਾਂ ਲੋਕਾਂ ਨੂੰ ਸੂਫ਼ੀ ਆਖਿਆ ਗਿਆ, ਜਿਨ੍ਹਾਂ ਨੇ ਹਜ਼ਰਤ ਮੁਹਮੰਦ ਸਾਹਿਬ ਦੇ ਪਿਆਰ ਵਿੱਚ ਆਪਣੇ ਘਰ-ਬਾਰ ਛੱਡ ਕੇ, ਉਨ੍ਹਾਂ ਦਾ ਸਾਥ ਦਿੱਤਾ ਸੀ। ਇਹ ਲੋਕ ਹਜ਼ਰਤ ਸਾਹਿਬ ਦੀ ਬਣਵਾਈ ਮਸਜਿਦ ਦੇ ਬਾਹਰ ਬਣੇ ਚਬੂਤਰੇ ਤੇ ਬੈਠੇ ਰਹਿੰਦੇ ਸਨ, ਇਸ ਲਈ ਇਨ੍ਹਾਂ ਲੋਕਾਂ ਨੂੰ ‘ਅਹਿਲੇ-ਸੁੱਫ਼’ ਅਰਥਾਤ ‘ਚੌਂਤਰੇ ਤੇ ਬੈਠੇ ਲੋਕ’ ਕਿਹਾ ਜਾਣ ਲੱਗਾ।
ਇਸ ਤੋਂ ਇਲਾਵਾ ਵਿਦਵਾਨਾਂ ਦੀ ਵੱਡੀ ਗਿਣਤੀ ਦਾ ਵਿਚਾਰ ਹੈ ਕਿ ਸੂਫ਼ੀ ਸ਼ਬਦ ‘ਸੂਫ਼’ ਤੋਂ ਅਰਥਾਤ ਉਂਨ ਤੋਂ ਬਣਿਆ ਹੈ। ਇਹਨਾਂ ਵਿਦਵਾਨਾਂ ਅਨੁਸਾਰ ਜਿਹੜੇ ਲੋਕ ਸੂਫ਼ (ਉਂਨ) ਦੇ ਕੱਪੜੇ ਪਾਉਂਦੇ ਸਨ, ਉਨ੍ਹਾਂ ਨੂੰ ਬਾਅਦ ਵਿੱਚ ਸੂਫ਼ੀ ਕਿਹਾ ਜਾਣ ਲੱਗਾ। ਇਸ ਮਤ ਦੇ ਵਿਦਵਾਨਾਂ ਨੇ ਹੋਰ ਸਾਰੇ ਮਤਾਂ ਤੇ ਕਿੰਤੂ ਕੀਤਾ ਹੈ ਕਿ ਜੇਕਰ ਸੂਫ਼ੀ ਸ਼ਬਦ ‘ਸਫ਼ਾ’ ਤੋਂ ਬਣਿਆ ਹੁੰਦਾ ਤਾਂ ਇਸ ਦਾ ਰੂਪ ‘ਸੂਫ਼ੀ’ ਨਾ ਹੋ ਕੇ ‘ਸਫ਼ਵੀ’ ਹੋਣਾ ਸੀ, ਜੇਕਰ ‘ਸਫ਼’ ਤੋਂ ਬਣਿਆ ਹੁੰਦਾ ਤਾਂ ਇਸ ਦਾ ਰੂਪ ‘ਸਫ਼ੀ’ ਹੋਣਾ ਸੀ ਅਤੇ ਜੇਕਰ ਇਹ ਸ਼ਬਦ ‘ਸੁੱਫ਼ਾ’ ਤੋਂ ਬਣਿਆ ਹੁੰਦਾ ਤਾਂ ਇਸ ਦਾ ਰੂਪ ‘ਸੁੱਫ਼ੀ’ ਹੋਣਾ ਸੀ:-
“ਬਹੁਤ ਸਾਰੇ ਸੂਫ਼ੀਆਂ ਨੇ ਵੀ ਸੂਫ਼ੀ ਸ਼ਬਦ ਦੀ ਉਤਪਤੀ “ਸੂਫ਼’ ਤੋਂ ਹੀ ਹੋਈ ਸਵੀਕਾਰ ਕੀਤੀ ਹੈ। ਖਲਦੂਨ ਅਤੇ ਹੁਜ਼ਵੇਰੀ ਜਿਹੇ ਸੂਫ਼ੀ ਵਿਦਵਾਨਾਂ ਦਾ ਵਿਚਾਰ ਇਹ ਹੈ ਕਿ ਸੂਫ਼ੀ ਸ਼ਬਦ ਸੂਫ਼ ਤੋਂ ਬਣਿਆ ਹੈ।”2
 ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਆਪਣੀ ਰਚਨਾ ਵਿੱਚ ਬਾਬਾ ਫ਼ਰੀਦ ਜੀ ਖ਼ੁਦ ਕਹਿੰਦੇ ਹਨ:-
“ਫਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲਿ ਕਾਤੀ ਗੁੜੁ ਵਾਤਿ॥
ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ॥” 3
ਇਸ ਸਲੋਕ ਵਿੱਚ ਬਾਬਾ ਫ਼ਰੀਦ ਜੀ ਆਪਣੇ ਤਨ ਤੇ ਪਾਏ ਸੂਫ਼ ਅਰਥਾਤ ਉਂਨ ਦੇ ਕਾਲੇ ਕੱਪੜਿਆਂ ਬਾਰੇ ਬਿਆਨ ਕਰ ਰਹੇ ਹਨ, ਭਾਵ ਜਿਨ੍ਹਾਂ ਨੇ ਉਂਨ ਦੇ ਕਾਲੇ ਕੱਪੜੇ ਪਾਏ ਹਨ, ਉਹ ਸੂਫ਼ੀ ਹਨ।
ਅੰਤ ਵਿੱਚ ਉੱਪਰ ਕੀਤੀ ਗਈ ਵਿਚਾਰ ਚਰਚਾ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ‘ਸੂਫ਼ੀ’ ਸ਼ਬਦ ਦੀ ਉਤਪਤੀ ਸੂਫ਼ ਤੋਂ ਹੀ ਹੋਈ ਮੰਨੀ ਜਾ ਸਕਦੀ ਹੈ। ਇਸਲਾਮ ਤੋਂ ਪਹਿਲਾਂ ਵੀ ਸਾਧੂ-ਸੰਤ ਸੂਫ਼ ਦੇ ਕੱਪੜੇ ਪਾਉਂਦੇ ਸਨ। ਇਸੇ ਤਰ੍ਹਾਂ ਇਸਲਾਮ ਦੇ ਸ਼ੁਰੂਆਤੀ ਵਰ੍ਹਿਆਂ ਵਿੱਚ ਵੀ ਮੁਸਲਮਾਨ ਸਾਧਕ ਸੂਫ਼ ਦੇ ਕੱਪੜੇ ਪਾਉਂਦੇ ਸਨ।
ਸੂਫ਼ੀਮੱਤ ਦਾ ਪਿਛੋਕੜ:-
ਆਰੰਭ ਵਿੱਚ ਸੂਫ਼ੀਆਂ ਦੀ ਕੋਈ ਸੰਪ੍ਰਦਾਇ ਨਹੀਂ ਸੀ। ਜਿਸ ਤੋਂ ਅਰਥ ਲਿਆ ਜਾ ਸਕਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਆਪਣੀ ਇੱਛਾ ਅਨੁਸਾਰ ਸੰਸਾਰਕ ਸੁੱਖਾਂ ਦਾ ਤਿਆਗ ਕਰਕੇ ਆਪਣੇ ਸਿੱਧੇ-ਸਾਦੇ ਪਹਿਰਾਵੇ ਰਾਹੀਂ ਪਹਿਚਾਣ ਕਾਇਮ ਕੀਤੀ, ਉਹ ਲੋਕ ਬਾਅਦ ਵਿੱਚ ਸੂਫ਼ੀ ਅਖਵਾਏ:-
“ਅਰਬ ਦੇ ਇਤਿਹਾਸ ਵਿੱਚ ਇਸਲਾਮ ਦੇ ਜਨਮ ਤੋਂ ਪਹਿਲੇ ਸਮੇਂ ਨੂੰ ਅਗਿਆਨਤਾ ਦਾ ਸਮਾਂ ਕਿਹਾ ਜਾਂਦਾ ਸੀ।”4
ਇਸਲਾਮ ਦੇ ਜਨਮ ਤੋਂ ਪਹਿਲਾਂ ਅਰਬ ਵਪਾਰਕ ਮਾਧਿਅਮ ਰਾਹੀਂ ਦੂਜੇ ਦੇਸ਼ਾ ਨਾਲ ਸੰਬੰਧ ਸਥਾਪਤ ਕਰ ਚੁੱਕਿਆ ਸੀ। ਇਸ ਦੇ ਵਸਨੀਕ ਹੋਰਨਾਂ ਦੇਸ਼ਾਂ ਦੀਆਂ ਭਾਸ਼ਾਵਾਂ ਬਾਰੇ ਜਾਣਕਾਰੀ ਰੱਖਦੇ ਸਨ। ਪਰ ਜਿੱਥੇ ਅਰਬ ਦਾ ਦੱਖਣੀ ਹਿੱਸਾ ਖ਼ੁਸ਼ਹਾਲ ਸੀ ਉੱਥੇ ਉੱਤਰੀ ਹਿੱਸੇ ਦੇ ਲੋਕ ਕਬਾਇਲੀ ਜੀਵਨ ਬਤੀਤ ਕਰ ਰਹੇ ਸਨ।
ਯਹੂਦੀ ਅਤੇ ਈਸਾਈ ਧਰਮਾਂ ਦੇ ਸੰਪਰਕ ਅਤੇ ਬੁੱਧ ਭਿਕਸ਼ੂਆਂ ਦੇ ਲੰਮੇ ਚੌਲੇ ਉੱਤਰੀ ਅਰਬ ਦੇ ਲੋਕਾਂ ਦੇ ਮਨਾਂ ਵਿੱਚ ਥਾਂ ਬਣਾ ਚੁਕੇ ਸਨ। ਪਰ ਬਾਵਜੂਦ ਇਸ ਦੇ ਲੋਕਾਂ ਦਾ ਜੀਵਨ ਆਪਸੀ ਈਰਖਾ ਅਤੇ ਝਗੜਿਆਂ ਨਾਲ ਭਰਿਆ ਪਿਆ ਸੀ। ਇਸ ਲੁੱਟ-ਮਾਰ ਅਤੇ ਈਰਖਾ ਦੇ ਮਾਹੌਲ ਵਿੱਚ ਰਹਿੰਦਿਆਂ ਜਿਨ੍ਹਾਂ ਵਿਅਕਤੀਆਂ ਦੀ ਆਤਮਾ ਜਾਗ੍ਰਿਤ ਸੀ, ਉਹ ਸੰਸਾਰਕ ਕਾਰ-ਵਿਹਾਰ ਨੂੰ ਛੱਡ ਕੇ ਏਕਾਂਤ ਵੱਲ ਨੂੰ ਚੱਲ ਪਏ। ਇਸ ਲਈ ਉਸ ਸਮੇਂ ਦਾ ਵਾਤਾਵਰਣ ਇਨ੍ਹਾਂ ਲੋਕਾਂ ਲਈ ਵਿਅਰਥ ਹੋ ਗਿਆ, ਕਿਉਂਕਿ ਲੜਾਈ-ਝਗੜੇ ਦੀ ਬੁਨਿਆਦ ਤਾਂ ਸੰਸਾਰਕ ਵਸਤੂਆਂ ਹੁੰਦੀਆਂ ਹਨ। ਜਦੋਂ ਇਨ੍ਹਾਂ ਵਿਅਕਤੀਆਂ ਨੇ ਸੰਸਾਰਕ ਵਸਤੂਆਂ ਤੋਂ ਹੀ ਮਨ ਮੋੜ ਲਿਆ ਤਾਂ ਲੜਾਈ-ਝਗੜੇ ਨਾਲ ਇਨ੍ਹਾਂ ਦਾ ਕੋਈ ਸਰੋਕਾਰ ਹੀ ਨਾ ਰਿਹਾ।
ਇਨ੍ਹਾਂ ਲੋਕਾਂ ਦੀ ਗਿਣਤੀ ਕੋਈ ਬਹੁਤੀ ਜਿਆਦਾ ਨਹੀਂ ਸੀ। ਦੂਜੇ ਪਾਸੇ ਜ਼ਾਲਮ ਸੁਭਾਅ ਅਤੇ ਕਬੀਲਿਆਂ ਵਿੱਚ ਵੱਸਦੇ ਅਰਬੀ ਲੋਕਾਂ ਨੇ ਇਨ੍ਹਾਂ ਸੰਸਾਰਕ ਸੁੱਖ ਤਿਆਗ ਕਰਨ ਵਾਲਿਆਂ ਨੂੰ ਹੀਣ ਦ੍ਰਿਸ਼ਟੀ ਅਤੇ ਈਰਖਾ ਵੱਸ ਸੂਫ਼ੀ ਆਖਿਆ ਹੋਵੇਗਾ, ਜਿਸ ਦੇ ਸਿੱਟੇ ਵੱਜੋਂ ਇਹ ਸੂਫ਼ੀ ਨਾਂ ਨਾਲ ਪ੍ਰਸਿੱਧ ਹੋ ਗਏ।
ਸੂਫ਼ੀਮੱਤ ਦਾ ਜਨਮ:-
ਸੂਫ਼ੀਮੱਤ ਦਾ ਜਨਮ ਹਜ਼ਰਤ ਮੁਹੰਮਦ ਸਾਹਿਬ ਤੋਂ ਹੀ ਸਮਝਣਾ ਚਾਹੀਦਾ ਹੈ, ਭਾਵੇਂ ਆਮ ਵਿਚਾਰ ਹੈ ਕਿ ਹਜ਼ਰਤ ਅਲੀ ਇਸ ਮੱਤ ਦੇ ਮੋਢੀ ਹਨ। ਦੂਜੇ ਪਾਸੇ ਜਿਸ ਤਰ੍ਹਾਂ ਇਸਲਾਮ ਦਾ ਜਨਮ ਸਥਾਨ ਅਰਬ ਹੈ, ਉਸੇ ਤਰ੍ਹਾਂ ਹੀ ਸੂਫ਼ੀਮੱਤ ਦਾ ਜਨਮ ਸਥਾਨ ਵੀ ਅਰਬ ਹੀ ਹੈ।
ਸੂਫ਼ੀਮੱਤ ਦੇ ਜਨਮ ਦਾ ਮੁੱਖ ਕਾਰਨ ਇਸਲਾਮ ਦੀ ਅਸ਼ਾਂਤ ਵਿਕਰਾਂਤ ਸਥਿਤੀ ਸੀ। ਇਸ ਦੇ ਸਿੱਟੇ ਵੱਜੋਂ ਸੁਹਿਰਦ ਲੋਕ ਅੰਤਰਮੁਖੀ ਬਣ ਗਏ ਸਨ ਅਤੇ ਇਹ ਲੋਕ ਸੰਸਾਰ ਤੋਂ ਅੱਡ ਰਹਿਣ ਲੱਗ ਪਏ ਸਨ, ਪਰ ਨਾਲ ਹੀ ਕੁੱਝ ਅਜਿਹੇ ਲੋਕਾਂ ਨੇ ਵੀ ਸੂਫ਼ ਧਾਰਨ ਕਰ ਲਿਆ, ਜਿਹੜੇ ਚਾਹੁੰਦੇ ਸਨ ਕਿ ਲੋਕ ਉਨ੍ਹਾਂ ਦਾ ਸਤਿਕਾਰ ਕਰਨ। ਅਸਲ ਵਿੱਚ ਇਹ ਲੋਕ ਸੂਫ਼ੀ ਨਹੀਂ ਸਨ।
ਅਜਿਹੇ ਸਮੇਂ ਵਿੱਚ ਕੁੱਝ ਵਿਚਾਰਕਾਂ ਨੇ ਅੰਤਰ ਜਗਤ ਅਤੇ ਬਾਹਰੀ ਜਗਤ ਵਿੱਚ ਸੰਤੁਲਨ ਕਾਇਮ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਸੂਫ਼ ਧਾਰਨ ਕਰਨ ਵਾਲਿਆਂ ਨੂੰ ਆਪਣੀ ਆਤਮਕ ਸ਼ਕਤੀ ਜਾਗ੍ਰਿਤ ਕਰਦਿਆਂ ਸਦਾਚਾਰਕ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ। ਇਨ੍ਹਾਂ ਵਿਚਾਰਕਾਂ ਅਨੁਸਾਰ ਇਹ ਸੰਸਾਰ ਇਕ ਪੁਲ ਹੈ, ਜਿਸ ਤੋਂ ਲੰਘ ਕੇ ਆਤਮਾ ਨੇ ਪਰਮ ਤੱਤ ਵੱਲ ਜਾਣਾ ਹੈ ਅਤੇ ਸਿਆਣੇ ਲੋਕ ਪੁਲ ਤੇ ਘਰ ਨਹੀਂ ਪਾਉਂਦੇ। 
 ਸੂਫ਼ਧਾਰੀਆਂ ਦੇ ਪ੍ਰਮੁੱਖ ਕੇਂਦਰ ਬਸਰਾ ਅਤੇ ਕੂਫ਼ਾ ਬਣੇ। ਇਸੇ ਕਾਲ ਵਿੱਚ ਹਸਨ ਬਸਰੀ, ਅਤੇ ਰਾਬੀਆ ਜਿਹੇ ਸਾਧਕ ਹੋਏ। ਹਸਨ ਨੇ ਬਸਰਾ ਨੂੰ ਸੂਫ਼ੀਆਂ ਦਾ ਕੇਂਦਰ ਬਣਾਇਆ। ਰਾਬੀਆ ਅਜਿਹੀ ਸਾਧਕ ਸੀ, ਜਿਸ ਨੇ ਸਬਰ-ਸੰਤੋਖ, ਸਹਿਨਸ਼ੀਲਤਾ ਅਤੇ ਗਰੀਬੀ ਵਿੱਚ ਰਹਿੰਦਿਆਂ ਸੂਫ਼ਧਾਰੀਆਂ ਲਈ ਜੀਵਨ ਵਿਵਹਾਰ ਦੀ ਨਵੀਂ ਅਤੇ ਉੱਤਮ ਉਦਾਹਰਣ ਪੇਸ਼ ਕੀਤੀ:-
“ਉਹਨੀਂ ਦਿਨੀਂ ਹੀ ਕੂਫ਼ਾ ਵਿੱਚ ਅਬੂ ਹਾਸ਼ਿਮ ਇਹ ਪ੍ਰਤੀਪਾਦਿਤ ਕਰ ਰਿਹਾ ਸੀ ਕਿ ਸਾਧਨਾ ਦਾ ਇੱਕੋ ਇੱਕ ਲਖ਼ਸ਼ ਆਤਮਾ ਵਿੱਚ ਪਰਮਾਤਮਾ ਦੇ ਦਰਸ਼ਨ ਕਰਨਾ ਹੁੰਦਾ ਹੈ।”5
ਮੁਢੱਲੇ ਸੂਫ਼ੀਆਂ ਦਾ ਤੀਜਾ ਮਹੱਤਵਪੂਰਨ ਕੇਂਦਰ ਬਲਖ ਬਣਿਆ। ਇਸ ਕੇਂਦਰ ਦੀ ਨੀਂਹ ਇਬਰਾਹੀਮ-ਬਿਨ-ਅਧਮ ਨੇ ਰੱਖੀ ਸੀ। ਇਬਰਾਹੀਮ ਭਾਵੇਂ ਆਪ ਵਿਆਹਿਤ ਸੀ ਅਤੇ ਉਸਦਾ ਇੱਕ ਪੁੱਤਰ ਵੀ ਸੀ, ਪਰ ਉਹ ਮੰਨਦਾ ਸੀ ਕਿ ਸਾਧਨਾ ਲਈ ਬ੍ਰਹਮਚਾਰੀ ਰਹਿਣਾ ਹੀ ਉੱਤਮ ਹੁੰਦਾ ਹੈ:-
“ਸਾਧਕ ਦੇ ਲਈ ਵਿਆਹ ਸਮੁੰਦਰੀ ਯਾਤਰਾ ਵਾਂਗ ਹੁੰਦਾ ਹੈ ਅਤੇ ਸੰਤਾਨ ਸਮੁੰਦਰ ਵਿੱਚ ਡੁੱਬ ਜਾਣ ਦੇ ਸਮਾਨ ਹੁੰਦੀ ਹੈ।”6
ਇਬਰਾਹੀਮ ਨੇ ਪਹਿਲੀ ਵਾਰ ਸੂਫ਼ੀ ਸਾਧਕਾਂ ਅਤੇ ਆਮ ਵਿਅਕਤੀਆਂ ਵਿਚਲੇ ਅੰਤਰ ਨੂੰ ਸਪਸ਼ਟ ਕਰਕੇ ਪਰਮਾਤਮਾ ਦੇ ਪਿਆਰਿਆਂ ਦਾ ਲੱਛਣ ਨਿਰਧਾਰਤ ਕੀਤਾ ਸੀ। ਉਸ ਦੇ ਅਨੁਸਾਰ ਸੰਸਾਰਕ ਵਸਤੂਆਂ ਦਾ ਪ੍ਰਯੋਗ ਸੰਸਾਰਕ ਵਿਅਕਤੀਆਂ ਲਈ ਹੈ, ਪਰ ਉਹ ਵਿਅਕਤੀ ਜਿਹੜੇ ਸੂਫ਼ ਧਾਰਨ ਕਰਦੇ ਹਨ, ਉਨ੍ਹਾਂ ਲਈ ਇਹ ਵਸਤੂਆਂ ਨਹੀਂ ਹਨ।
ਸੂਫ਼ੀਮੱਤ ਉੱਤੇ ਇਸਲਾਮ ਅਤੇ ਦੂਜੇ ਧਰਮਾਂ ਦਾ ਪ੍ਰਭਾਵ:-
ਜਦੋਂ ਇਸਲਾਮ ਹੋਰਨਾਂ ਦੇਸ਼ਾਂ ਵਿੱਚ ਫੈਲਿਆ ਤਾਂ ਹੋਰ ਵਿਚਾਰਧਾਰਾਵਾਂ ਦਾ ਅਸਰ ਵੀ ਇਸ ਮੱਤ ਉੱਤੇ ਪੈਣਾ ਬੜਾ ਕੁਦਰਤੀ ਸੀ। ਸੂਫ਼ੀਮੱਤ ਦਾ ਮੁਹਾਂਦਰਾ ਬਦਲਣ ਵਿੱਚ ਈਰਾਨੀ ਅਤੇ ਆਰੀਆਈ ਪ੍ਰਭਾਵ ਵਧੇਰੇ ਜ਼ਿੰਮੇਵਾਰ ਮੰਨੇ ਜਾ ਸਕਦੇ ਹਨ। ਯੂਨਾਨੀ ਫ਼ਿਲਾਸਫ਼ਰਾਂ ਦੇ ਸਿਧਾਂਤਾਂ, ਨਵ-ਅਫ਼ਲਾਤੂਨੀ ਵਿਚਾਰਾਂ, ਬੁੱਧ ਮੱਤ, ਈਸਾਈ ਵਿਚਾਰਧਾਰਾ, ਵੇਦਾਂਤ ਅਤੇ ਹੋਰ ਭਾਰਤੀ ਮੱਤਾਂ ਨੇ ਸੂਫ਼ੀਮੱਤ ਨੂੰ ਕਾਫ਼ੀ ਬਦਲ ਦਿੱਤਾ। ਇਹਨਾਂ ਮੱਤਾਂ ਦੇ ਪ੍ਰਭਾਵ ਹੇਠ ਪਹਿਲੇ ਸੂਫ਼ੀ ਵੀ ਇਸਲਾਮੀ ਸਿਧਾਂਤਾਂ ਨੂੰ ਸ਼ੰਕਾਵਾਦੀ ਦ੍ਰਿਸ਼ਟੀ ਨਾਲ ਦੇਖਣ ਲੱਗ ਪਏ। ਇੱਕ ਪਾਸੇ ਜਿੱਥੇ ਅਰਬ ਦਾ ਸੂਫ਼ੀਮੱਤ ਤਿਆਗਵਾਦੀ ਤੇ ਜ਼ੁਹਦ ਦਾ ਉਪਾਸ਼ਕ ਹੈ, ਦੂਜੇ ਪਾਸੇ ਈਰਾਨ ਦਾ ਸੂਫ਼ੀਮੱਤ ਰਹੱਸਵਾਦੀ ਅਤੇ ਪ੍ਰੇਮਾ-ਭਗਤੀ ਮਾਰਗ ਵਾਲਾ ਸਰੂਪ ਰੱਖਦਾ ਹੈ:-
“ਭਾਰਤ ਵਿੱਚ ਵੀ ਸੂਫ਼ੀਆਂ ਦੀ ਕੋਈ ਸ਼ਾਖਾ ਇੱਥੋਂ ਦੇ ਧਾਰਮਕ ਪ੍ਰਭਾਵ ਤੋਂ ਬਚ ਨਹੀਂ ਸਕੀ। ਯੋਗੀਆਂ, ਸੰਨਿਆਸੀਆਂ ਦਾ ਪ੍ਰਭਾਵ ਤੇ ਇੱਥੋਂ ਦੇ ਸਥਾਨਕ ਰਿਵਾਜ 13ਵੀਂ ਸਦੀ ਦੇ ਸੂਫ਼ੀਆਂ ਵਿੱਚ ਆਮ ਵੇਖੇ ਜਾਂਦੇ ਸਨ। ਚਿਸ਼ਤੀ ਸ਼ਾਖਾ ਵਿੱਚ ਵੀ 13ਵੀਂ ਸਦੀ ਵਿੱਚ ਮੁਰਸ਼ਦ ਅੱਗੇ ਡੰਡੋਤ ਕਰਨ ਦਾ ਰਿਵਾਜ ਸੀ, ਜੋ ਇੱਥੋਂ ਦਾ ਸਥਾਨਕ ਪ੍ਰਭਾਵ ਹੀ ਕਿਹਾ ਜਾ ਸਕਦਾ ਹੈ।”7
ਇਸ ਦੇ ਨਾਲ ਹੀ ਅਨੇਕ ਵਿਚਾਰਕਾਂ ਦਾ ਮੱਤ ਹੈ ਕਿ ਸੂਫ਼ੀਮੱਤ ਦਾ ਜਨਮ ਕੇਵਲ ਇਸਲਾਮ ਜਾਂ ਕੁਰਾਨ ਦੇ ਪ੍ਰਭਾਵ ਕਾਰਨ ਨਹੀਂ ਹੋਇਆ ਬਲਕਿ ਇਸ ਮੱਤ ਦੇ ਜਨਮ ਲਈ ਈਸਾਈ ਮੱਤ, ਨਵ-ਅਫ਼ਲਾਤੂਨੀ ਮੱਤ, ਨਾਸਟਿਕ ਮੱਤ ਅਤੇ ਬੁੱਧ ਮੱਤ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਇਸਲਾਮ ਨੇ ਜਿੰਨਾ ਮੁੱਢਲੇ ਸੂਫ਼ੀਆਂ ਦੇ ਰਹੱਸਵਾਦੀ ਵਿਚਾਰਾਂ ਨੂੰ ਪ੍ਰਭਾਵਿਤ ਕੀਤਾ, ਓਨਾ ਹੀ ਈਸਾਈ, ਨਾਸਟਿਕ, ਬੁੱਧ ਅਤੇ ਯੂਨਾਨੀ ਮੱਤ ਦੇ ਵਿਚਾਰਾਂ ਨੇ ਆਪਣਾ ਅਸਰ ਪਾਇਆ।
ਇੱਕ ਪਾਸੇ ਜਿੱਥੇ ਇਸਲਾਮ ਨੇ ਸੂਫ਼ੀ ਵਿਚਾਰਧਾਰਾ ਨੂੰ ਪ੍ਰਭਾਵਿਤ ਕੀਤਾ, ਉੱਥੇ ਨਾਲ ਹੀ ਭਾਰਤੀ ਅਧਿਆਤਮਵਾਦ ਦਾ ਪ੍ਰਭਾਵ ਵੀ ਸੂਫ਼ੀਮੱਤ ਤੇ ਵੇਖਿਆ ਜਾ ਸਕਦਾ ਹੈ। ਕੁੱਝ ਵਿਚਾਰਕਾਂ ਨੇ ਇਹ ਸਵੀਕਾਰ ਕੀਤਾ ਹੈ ਕਿ ਇਸਲਾਮ ਤੋਂ ਬਿਨਾਂ ਜਿਹੜੇ ਧਾਰਮਿਕ ਪ੍ਰਭਾਵ ਗ੍ਰਹਿਣ ਕਰਕੇ ਸੂਫ਼ੀਆਂ ਨੇ ਸਾਧਨਾ ਵਿਧੀ ਪ੍ਰਚਲਿਤ ਕੀਤੀ, ਉਨ੍ਹਾਂ ਵਿੱਚ ਭਾਰਤੀ ਅਧਿਆਤਮਵਾਦ, ਚਿੰਤਨ ਅਤੇ ਭਾਰਤੀ ਦਰਸ਼ਨ ਸ਼ਾਮਿਲ ਸਨ। ਸੂਫ਼ੀਮੱਤ ਨੂੰ ਸ਼ੁਰੂਆਤ ਵਿੱਚ ਤਾਂ ਪੂਰਬੀ ਈਸਾਈ ਗਿਰਜਿਆਂ ਦੇ ਸੰਨਿਆਸੀਆਂ ਨੇ ਹੀ ਪ੍ਰਭਾਵਿਤ ਕੀਤਾ, ਪਰ ਅੱਗੇ ਚੱਲ ਕੇ ਉਨ੍ਹਾਂ ਸੂਫ਼ੀਮੱਤ ਦੇ ਵਿਕਾਸ ਨੂੰ ਇਸਲਾਮ ਦੇ ਕੱਟੜ ਢਾਂਚੇ ਤੱਕ ਹੀ ਸੀਮਿਤ ਕਰ ਲਿਆ। ਦੂਜੇ ਧਰਮਾਂ ਦੇ ਪ੍ਰਭਾਵ ਦੇ ਨਾਲ-ਨਾਲ ਭਾਰਤੀ ਦਰਸ਼ਨ ਦੇ ਪ੍ਰਭਾਵ ਕਰਕੇ ਹੀ ਮੁੱਢਲੇ ਸੂਫ਼ੀ ਅੰਤਰਮੁਖੀ ਹੋਏ ਸਨ। ਇਹ ਸੂਫ਼ੀ ਰੱਬ ਨਾਲ ਸਿੱਧਾ ਸੰਬੰਧ ਰੱਖਣ ਅਤੇ ਬਾਹਰੀ ਦਿਖਾਵੇ ਦੇ ਖਿਲਾਫ ਸਨ:-
“ਸੂਫ਼ੀ ਫ਼ਕੀਰ ਰੱਬ ਨਾਲ ਸਿੱਧਾ ਇਸ਼ਕ ਸੰਬੰਧ ਸਥਾਪਿਤ ਕਰਨ ਵਿੱਚ ਵਿਸ਼ਵਾਸ ਰੱਖਦੇ ਸਨ। ਇਹ ਲੋਕ ਪਵਿੱਤਰਤਾ ਅਤੇ ਗਰੀਬੀ ਦਾ ਜੀਵਨ ਬਿਤਾਉਂਦੇ ਸਨ ਅਤੇ ਆਪਣੇ ਉੱਚੇ ਆਚਰਣਕ ਜੀਵਨ ਰਾਹੀਂ ਇਸਲਾਮ ਦੀ ਸੇਵਾ ਕਰਦੇ ਸਨ”8
ਮੁਢੱਲੇ ਈਰਾਨੀ ਸੂਫ਼ੀ ਫ਼ਕੀਰ ਰੱਬ ਦੀ ਪ੍ਰਾਪਤੀ ਲਈ ਕਿਸੇ ਨੂੰ ਵੀ ਮੁਰਸ਼ਦ ਧਾਰ ਲੈਣਾ ਠੀਕ ਸਮਝਦੇ ਸਨ ਅਤੇ ਸ਼ਰ੍ਹਾ ਦੇ ਵੀ ਬਹੁਤੇ ਪਾਬੰਦ ਨਹੀਂ ਸਨ। ਸਗੋਂ ਦੂਜੇ ਸੂਫ਼ੀਆਂ ਦੇ ਬਿਲਕੁਲ ਉਲਟ ਇਹ ਸੂਫ਼ੀ ਸਾਧਕ ਵਜ਼ਦ ਵਿੱਚ ਆ ਕੇ ਨੱਚਦੇ ਅਤੇ ਗਾਉਂਦੇ ਸਨ।
ਸੂਫ਼ੀਮੱਤ ਦੇ ਵਿਕਾਸ ਪੜਾਅ:-
ਸੂਫ਼ੀਮੱਤ ਦੇ ਵਿਕਾਸ ਦੀ ਸ਼ੁਰੂਆਤ ਦਾ ਸਮਾਂ 9ਵੀਂ ਸਦੀ ਈਸਵੀ ਹੈ।  ਇਸ ਸਮੇਂ ਵਿੱਚ ਸੂਫ਼ੀ ਸਾਧਕ ਇਹ ਪ੍ਰਗਟਾਉਣ ਦਾ ਯਤਨ ਕਰ ਰਹੇ ਸਨ ਕਿ ਸੂਫ਼ੀਮੱਤ ਦਾ ਜਨਮ ਇਸਲਾਮੀ ਵਿਧੀ-ਵਿਧਾਨ ਦਾ ਵਿਰੋਧ ਨਹੀਂ ਕਰਦਾ। ਇਹ ਸਮਾਂ ਇਸਲਾਮੀ ਕੱਟੜਤਾ ਦਾ ਸੀ ਅਤੇ ਇਸ ਦੀ ਜ਼ਰਾ ਜਿੰਨੀ ਖਿਲਾਫ਼ਤ ਕੱਟੜ ਧਰਮੀ ਰਾਜਿਆਂ ਤੋਂ ਸਹਿਨ ਨਹੀਂ ਸੀ ਹੁੰਦੀ।
ਇਨ੍ਹਾਂ ਦਾ ਸਿੱਟਾ ਇਹ ਨਿਕਲਿਆ ਕਿ ਸੂਫ਼ੀ ਸਾਧਕਾਂ ਨੇ ਆਪਣੀ ਸਾਧਨਾ ਸ਼ੈਲੀ ਨੂੰ ਇੱਕ ਸਿਧਾਂਤ ਦੇ ਰੂਪ ਵਿੱਚ ਪੇਸ਼ ਕਰ ਦਿੱਤਾ। ਇਹ ਵਿਧੀ-ਵਿਧਾਨ ਇਸ ਤਰ੍ਹਾਂ ਬਣਾਇਆ ਗਿਆ ਸੀ ਕਿ ਇੱਕ ਪਾਸੇ ਆਪਣੀ ਅੰਤਰ ਆਤਮਾ ਨੂੰ ਵੀ ਜਾਗ੍ਰਿਤ ਕੀਤਾ ਜਾ ਸਕੇ, ਪਰ ਨਾਲ ਹੀ ਇਸਲਾਮੀ ਕੱਟੜ ਵਿਧੀ-ਵਿਧਾਨ ਦੀ ਪਾਲਣਾ ਵੀ ਹੁੰਦੀ ਰਹੇ:-
“ਸੂਫ਼ੀਮੱਤ ਇਸਲਾਮ ਦੀ ਧਾਰਮਿਕ ਵਲਗਣ ਦੇ ਅੰਦਰ ਹੀ ਇੱਕ ਮਗਨ ਰਹੱਸਵਾਦੀ ਸੰਸਥਾ ਹੈ, ਜੋ ਇਸਲਾਮੀ ਸ਼ਰੀਅਤ ਨੂੰ ਆਪਣਾ ਆਧਾਰ ਬਣਾ ਕੇ ਅਸਲੀ ਅਧਿਆਤਮਵਾਦ ਵੱਲ ਵਿਕਾਸ ਕਰਦੀ ਹੈ।”9
ਇਨ੍ਹਾਂ ਸੂਫ਼ੀ ਸਾਧਕਾਂ ਨੇ ਇਸਲਾਮੀ ਕੱਟੜਤਾ ਦੀ ਪਾਲਣਾ ਕਰਦਿਆਂ ਦਿਖਾਵੇ ਦੀ ਰਹੁ-ਰੀਤੀ ਅਤੇ ਐਸ਼-ਪ੍ਰਸਤੀ ਵਿਰੁੱਧ ਬਗ਼ਾਵਤ ਦਾ ਸੁਰ ਪ੍ਰਗਟ ਕੀਤਾ। ਸੂਫ਼ੀਆਂ ਨੇ ਪਹਿਲਾਂ-ਪਹਿਲ ਸ਼ਰੀਅਤ ਦੀ ਪਾਲਣਾ ਦੇ ਨਾਲ-ਨਾਲ ਭਗਤੀ (ਤਰੀਕਤ) ਉੱਪਰ ਜ਼ੋਰ ਦਿੱਤਾ। ਬੁਲ੍ਹੇ ਸ਼ਾਹ ਦੀਆਂ ਹੇਠ ਲਿਖੀਆਂ ਪੰਗਤੀਆਂ ਇਸ ਇਤਿਹਾਸਕ ਪ੍ਰਸੰਗ ਨੂੰ ਯਾਦ ਕਰਵਾਉਂਦੀਆਂ ਹਨ:-
“ਸ਼ਰੀਅਤ ਸਾਡੀ ਮਾਈ ਹੈ,
ਤਰੀਕਤ ਸਾਡੀ ਦਾਈ ਹੈ,
ਅੱਗੋਂ ਹਕ ਹਕੀਕਤ ਆਈ ਹੈ,
ਤੇ ਮਾਰਫਤੋਂ ਕੁਝ ਪਾਇਆ ਹੈ।”10  
ਇਸ ਇਸ਼ਕ ਦੇ ਸਿਧਾਂਤ ਨੂੰ ਅਦਵੈਤ ਦੀ ਆਧਾਰ ਭੂਮੀ ਪ੍ਰਦਾਨ ਕਰਕੇ ਅਤੇ ਆਤਮਾ ਨੂੰ ਦਿੱਵਤਾ ਨਾਲ ਸ਼ਿੰਗਾਰ ਕੇ ਸੂਫ਼ੀ ਸਾਧਕਾਂ ਨੇ ਹੋਰ ਵੀ ਦ੍ਰਿੜ ਬਣਾ ਦਿੱਤਾ। ਇਨ੍ਹਾਂ ਸੂਫ਼ੀ ਸਾਧਕਾਂ ਨੇ ਮਨ ਦੀਆਂ ਸਮੂਹ ਇੱਛਾਵਾਂ ਨੂੰ ਪਰਮਾਤਮਾ ਦੇ ਪ੍ਰੇਮ ਨਾਲ ਬਦਲਣ ਦਾ ਸਿਧਾਂਤ ਪ੍ਰਸਤੁਤ ਕੀਤਾ।  
ਕੱਟੜਪੰਥੀਆਂ ਅਤੇ ਮੁਸਲਿਮ ਸ਼ਾਸਕਾਂ ਦਾ ਦਮਨ ਵੀ ਸੂਫ਼ੀਮੱਤ ਦੇ ਵਿਕਾਸ ਅਤੇ ਪ੍ਰਚਾਰ ਨੂੰ ਰੋਕ ਨਾ ਸਕਿਆ। 13ਵੀਂ ਸਦੀ ਤੱਕ ਸੂਫ਼ੀ ਸੰਤਾਂ ਦੀਆਂ ਅਨੇਕ ਸ਼ਾਖਾਵਾਂ ਸਥਾਪਿਤ ਹੋ ਚੁੱਕੀਆਂ ਸਨ। ਸੂਫ਼ੀਮੱਤ ਵਿਚਾਰਾਂ ਅਤੇ ਸਾਧਨਾ ਸ਼ੈਲੀਆਂ ਦੀ ਵੱਖਰਤਾ ਦੇ ਕਾਰਨ ਅਨੇਕ ਸੰਪ੍ਰਦਾਇਆਂ ਵਿੱਚ ਵੰਡਿਆ ਜਾ ਚੁੱਕਿਆ ਸੀ। ਸੂਫ਼ੀਆਂ ਦੇ ਵਿਭਿੰਨ ਸੰਪ੍ਰਦਾਇਆਂ ਦੇ ਹੋਂਦ ਵਿੱਚ ਆਉਣ ਦਾ ਮੁੱਖ ਕਾਰਣ ਇਹ ਸੀ ਕਿ ਸੂਫ਼ੀ ਸਾਧਨਾਂ ਨੂੰ ਕਿਸੇ ਗਿਣੇ-ਮਿੱਥੇ ਸਿਧਾਂਤ ਵਿੱਚ ਕੈਦ ਕਰਨਾ ਸੰਭਵ ਨਹੀਂ ਸੀ। ਸੂਫ਼ੀ ਸਾਧਕ ਆਤਮਾ ਦੀ ਜਿਸ ਪਿਆਸ ਤੋਂ ਪ੍ਰੇਰਿਤ ਹੋ ਕੇ ਪਰਮ ਪਿਆਰੇ ਦੇ ਮਿਲਾਪ ਦੀ ਮੰਜ਼ਿਲ ਵੱਲ ਤੁਰਦਾ ਹੈ, ਇਹ ਯਾਤਰਾ ਹਰ ਸਾਧਕ ਦੀ ਨਿਰੋਲ ਵਿਅਕਤੀਗਤ ਯਾਤਰਾ ਹੁੰਦੀ ਹੈ ਅਤੇ ਇਸ ਯਾਤਰਾ ਤੋਂ ਉਤਪੰਨ ਸਾਰੇ ਅਨੁਭਵ ਵੀ ਉਸਦੇ ਨਿਰੋਲ ਨਿੱਜੀ ਅਨੁਭਵ ਹੁੰਦੇ ਹਨ:-
“ਸੂਫ਼ੀ ਜਿਹੜੇ ਅਨੁਭਵ ਪ੍ਰਾਪਤ ਕਰਨਾ ਚਾਹੁੰਦਾ ਹੈ ਉਨ੍ਹਾਂ ਦੇ ਸੱਤ ਪੜਾਅ ਮੰਨੇ ਜਾਂਦੇ ਹਨ। ਇਨ੍ਹਾਂ ਪੜਾਅ ਵਿਧੀਆਂ ਰਾਹੀਂ ਸੂਫ਼ੀ ਪਰਮਾਤਮਾ ਵਿੱਚ ਅਭੇਦਤਾ ਪਾਉਣਾ ਚਾਹੁੰਦਾ ਹੈ। ਇਹ ਪੜਾਅ ਇਸ ਪ੍ਰਕਾਰ ਹਨ:-
1. ਇਬਾਦਤ
2. ਇਸ਼ਕ
3. ਤਰਕ
4. ਮਾਰਫ਼ਤ
5. ਵਜਦ
6. ਵਸਲ
7. ਵਿਨਾਹ ਵਿਲਾਹ।”11
ਇਨ੍ਹਾਂ ਤੋਂ ਬਗੈਰ ਪਵਿੱਤਰ ਤੇ ਸਵੱਛ ਜੀਵਨ ਜੀਉਣਾ, ਰੱਬ ਦੇ ਨਾਂ ਉੱਤੇ ਬਾਕੀ ਸਭ ਕੁੱਝ ਤਿਆਗ ਦੇਣਾ, ਸੰਸਾਰਕ ਐਸ਼ ਆਰਾਮ ਦੀਆਂ ਵਸਤੂਆਂ ਵੱਲੋਂ ਮੁੰਹ ਮੋੜਨਾ, ਦੌਲਤ ਤੇ ਤਾਕਤ ਦਾ ਤਿਆਗ ਕਰਨਾ ਅਤੇ ਇਕਾਂਤ ਦਾ ਜੀਵਨ ਬਤੀਤ ਕਰਨਾ ਹੀ ਸੂਫ਼ੀਆਂ ਦੇ ਮੁੱਢਲੇ ਸਿਧਾਂਤ ਹਨ।  
ਪ੍ਰੋ. ਕਿਸ਼ਨ ਸਿੰਘ ਵੀ ਇਹ ਸਵੀਕਾਰ ਕਰਦਾ ਹੈ ਕਿ, “ਸੂਫ਼ੀ ਦਾ ਲਖ਼ਸ਼ ਉਸ ਸਰਬ ਸ਼ਕਤੀਮਾਨ, ਸਰਬ ਵਿਆਪਕ ਰੱਬ ਵਿੱਚ ਇਕ-ਮਿਕ ਹੋਣਾ ਹੈ। ਇਸ ਪ੍ਰਾਪਤੀ ਦਾ ਸਾਧਨ, ਸੂਫ਼ੀ ਦੇ ਮੁਤਾਬਿਕ, ਪ੍ਰੇਮ ਇਸ਼ਕ ਹੈ।”12
ਸੂਫ਼ੀ ਸਾਧਨਾ ਵਿਧੀ:-
ਸਭ ਤੋਂ ਪਹਿਲਾਂ ਸੂਫ਼ੀ ਸਾਧਕਾਂ ਦੀ ਸਾਧਨਾ ਸ਼ੈਲੀ ਨੂੰ ਸੂਫ਼ੀਮੱਤ ਕਹਿਣਾ ਠੀਕ ਪ੍ਰਤੀਤ ਨਹੀਂ ਹੁੰਦਾ, ਕਿਉਂਕਿ ਸੂਫ਼ੀਮੱਤ ਅਸਲ ਵਿੱਚ ਕੋਈ ਮੱਤ ਨਹੀਂ ਹੈ। ਇਹ ਤਾਂ ਕੇਵਲ ਇੱਕ ਵਿਚਾਰਧਾਰਾ ਹੈ, ਜਿਹੜੀ ਪਰਮਾਤਮਾ ਦੀ ਪ੍ਰਾਪਤੀ ਲਈ ਸਾਧੂ-ਸੰਤਾਂ ਵੱਲੋਂ ਵਰਤੀ ਜਾਂਦੀ ਹੈ। ਹਰੇਕ ਉਹ ਵਿਅਕਤੀ ਜਿਸ ਦੀ ਅੰਤਰ ਆਤਮਾ ਪ੍ਰਭੂ ਪਿਤਾ ਪਰਮਾਤਮਾ ਦੇ ਵਿਯੋਗ ਵਿੱਚ ਵਿਆਕੁਲ ਅਤੇ ਉਸ ਨੂੰ ਮਿਲਣ ਲਈ ਯਤਨਸ਼ੀਲ ਹੈ, ਉਹ ਸੂਫ਼ੀ ਹੈ। ਇਸ ਲਈ ਸੂਫ਼ੀਮੱਤ ਦਾ ਅਧਿਐਨ ਹੋਰਨਾਂ ਮੱਤਾਂ ਵਾਂਗ ਕਿਸੇ ਵਿਸ਼ੇਸ਼ ਦਰਸ਼ਨ ਜਾਂ ਕਿਸੇ ਖ਼ਾਸ ਕਾਰ-ਵਿਹਾਰ ਨੂੰ ਦ੍ਰਿਸ਼ਟੀਗਤ ਕਰਕੇ ਨਹੀਂ ਕੀਤਾ ਜਾ ਸਕਦਾ।  
ਸੂਫ਼ੀਮੱਤ ਇੱਕ ਵਿਸ਼ੇਸ਼ ਪ੍ਰਕਾਰ ਦੀ ਅਨੁਭੂਤੀ ਹੈ, ਜੋ ਆਂਤਰਿਕ ਹੈ ਅਤੇ ਜਿਸ ਦਾ ਅਰਥ ਅਤੇ ਮਹੱਤਵ ਹਰੇਕ ਸੂਫ਼ੀ ਸਾਧਕ ਲਈ ਨਿੱਜੀ ਹੁੰਦਾ ਹੈ। ਇਸ ਲਈ ਸੂਫ਼ੀ ਸਾਧਕਾਂ ਨੇ ਅਧਿਆਤਮਕ ਅਨੁਭਵ ਨੂੰ ਕਿਸੇ ਖ਼ਾਸ ਨੇਮ ਵਿੱਚ ਬੰਨ੍ਹ ਕੇ ਪੇਸ਼ ਨਹੀਂ ਕੀਤਾ। ਸੂਫ਼ੀ ਸਾਧਕ ਜਿਸ ਭਾਵਪੂਰਨ ਅਵਸਥਾ ਨੂੰ ਆਪਣਾ ਜੀਵਨ ਵਿਹਾਰ ਬਣਾ ਕੇ ਜੀਵਨ ਜਿਉਂਦਾ ਹੈ ਉਸ ਨੂੰ ਬੁੱਧੀ ਜਾਂ ਤਰਕ ਨਾਲ ਨਹੀਂ ਸਮਝਿਆ ਜਾ ਸਕਦਾ।
ਸੂਫ਼ੀ ਦਰਸ਼ਨ ਦੇ ਪ੍ਰਤੀ ਵੱਖ-ਵੱਖ ਵਿਦਵਾਨਾਂ ਦਾ ਕੀ ਦ੍ਰਿਸਟੀਕੋਣ ਹੈ, ਇਸ ਬਾਰੇ ਚਰਚਾ ਕਰਨੀ ਬਣਦੀ ਹੈ।
ਨਿਕਲਸਨ ਦੇ ਅਨੁਸਾਰ,
“ਸੂਫ਼ੀਮੱਤ ਖ਼ੁਦਾ ਦੇ ਨੂਰ ਦੇ ਪ੍ਰਤੀ ਮੁਹੱਬਤ ਦਾ ਜਜ਼ਬਾ ਲੈ ਕੇ ਤੁਰਦਾ ਹੈ।”13
ਸਿਧਾਂਤਕ ਰੂਪ ਵਿੱਚ ਇਸ ਵਿਚਾਰ ਨੂੰ ਪ੍ਰਵਾਣ ਕਰਕੇ ਅਗਲੀ ਗੱਲ ਕਰਨੀ ਠੀਕ ਪ੍ਰਤੀਤ ਨਹੀਂ ਹੁੰਦੀ, ਕਿਉਂਕਿ ਜਦੋਂ ਤੱਕ ਕਿਸੇ ਵਿਅਕਤੀ ਦਾ ਇਹ ਵਿਚਾਰ ਨਹੀਂ ਬਣ ਜਾਂਦਾ ਕਿ ਪਰਮਾਤਮਾ ਦਾ ਨੂਰ ਹੀ ਸ੍ਰਿਸ਼ਟੀ ਦੇ ਕਣ-ਕਣ ਵਿੱਚ ਪ੍ਰਕਾਸ਼ਮਾਨ ਹੋ ਰਿਹਾ ਹੈ, ਉਦੋਂ ਤੱਕ ਉਸ ਵਿਅਕਤੀ ਦੇ ਨੂਰ ਦਾ ਸੰਕਲਪ ਹੀ ਪੂਰਾ ਨਹੀਂ ਹੁੰਦਾ। ਦੂਜੀ ਅਹਿਮ ਗੱਲ ਕਿ ਜਦੋਂ ਤੱਕ ਕਿਸੇ ਵਿਅਕਤੀ ਨੂੰ ਆਤਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਉਦੋਂ ਤੱਕ ਪਰਮਾਤਮਾ ਦੇ ਨੂਰ ਦੇ ਪ੍ਰਤੀ ਜਜ਼ਬਾ ਹੀ ਪੈਦਾ ਨਹੀਂ ਹੋ ਸਕਦਾ।
ਡਾ. ਮੋਹਨ ਸਿੰਘ ਦੇ ਅਨੁਸਾਰ,
“ਸੂਫ਼ੀ ਰੱਬ ਦਾ ਸ਼ੀਸ਼ਾ ਹੈ ਅਤੇ ਦਿਨੇ-ਰਾਤੀਂ ਰੱਬੀ ਮਿਲਾਪ ਦੀ ਤਾਂਘ ਵਿੱਚ ਰਹਿਣ ਵਾਲਾ ਸਾਧਕ ਹੈ।”14
ਕੁੱਝ ਵਿਦਵਾਨ ਇਹ ਸਵੀਕਾਰ ਕਰਦੇ ਹਨ ਕਿ ਸੂਫ਼ੀ ਦਾ ਮੁੱਖ ਲਖ਼ਸ਼ ਉਸ ਸਰਬ-ਸ਼ਕਤੀਮਾਨ, ਸਰਬ-ਵਿਆਪਕ ਰੱਬ ਵਿੱਚ ਇਕ-ਮਿਕ ਹੋਣਾ ਹੈ। ਸੂਫ਼ੀ ਦੇ ਅਨੁਸਾਰ ਇਸ ਦੀ ਪ੍ਰਾਪਤੀ ਦਾ ਸਾਧਨ ਪਰਮਾਤਮਾ ਨਾਲ ਪ੍ਰੇਮ ਅਤੇ ਇਸ਼ਕ ਹੈ।
ਪ੍ਰਸਿੱਧ ਸੂਫ਼ੀ ਸਾਧਿਕਾ ਰਾਬੀਆ ਦੇ ਅਨੁਸਾਰ ਸੂਫ਼ੀ ਸਾਧਕ ਦੀ ਪਿਆਸ ਉਦੋਂ ਤੱਕ ਨਹੀਂ ਮਿਟਦੀ, ਜਦੋਂ ਤੱਕ ਉਹ ਬ੍ਰਹਮ ਵਿੱਚ ਲੀਨ ਨਹੀਂ ਹੋ ਜਾਂਦਾ। ਰਾਬੀਆ ਦੇ ਇਸ ਕਥਨ ਦੇ ਆਧਾਰ ਤੇ ਸੂਫ਼ੀ ਸਾਧਨਾ ਵਿੱਚ ਸਭ ਤੋਂ ਮਹੱਤਵਪੂਰਨ ਵਿਚਾਰ ਪਰਮਾਤਮਾ ਪ੍ਰਤੀ ਪਿਆਸ ਵਿਖਾਈ ਦਿੰਦੀ ਹੈ। ਜਦੋਂ ਤੱਕ ਕਿਸੇ ਵਿਅਕਤੀ ਦੇ ਮਨ ਵਿੱਚ ਪਰਮਾਤਮਾ ਪ੍ਰਤੀ ਪਿਆਸ ਜਾਗ੍ਰਿਤ ਨਹੀਂ ਹੁੰਦੀ ਉਦੋਂ ਤੱਕ ਸਾਧਨਾ ਮਾਰਗ ਤੇ ਤੁਰਿਆ ਨਹੀਂ ਜਾ ਸਕਦਾ।
ਸੂਫ਼ੀ ਸਾਧਨਾ ਦੀਆਂ ਅਵਸਥਾਵਾਂ:-
ਆਰੰਭ ਵਿੱਚ ਕੋਈ ਵਿਅਕਤੀ, ਜਿਹੜਾ ਪਰਮਾਤਮਾ ਦੇ ਮਿਲਾਪ ਦੀ ਤਾਂਘ ਆਪਣੇ ਅੰਤਰ ਮਨ ਵਿੱਚ ਰੱਖਦਾ ਹੈ ਉਹ ਸਾਧਾਰਨ ਵਿਅਕਤੀ ਤੋਂ ਮੋਮਿਨ ਬਨਣ ਦਾ ਅਭਿਆਸ ਕਰਦਾ ਹੈ। ਜੇਕਰ ਮੋਮਿਨ ਬਨਣ ਤੋਂ ਬਾਅਦ ਵੀ ਉਸ ਦੇ ਮਨ ਵਿੱਚ ਪਰਮਾਤਮਾ ਦਾ ਪਿਆਰ ਉਤਪੰਨ ਨਹੀਂ ਹੁੰਦਾ ਤਾਂ ਉਹ ਵਿਅਕਤੀ ਉਮਰ ਭਰ ਕਰਮ-ਕਾਂਡ ਵਿੱਚ ਹੀ ਬਤੀਤ ਕਰ ਦਿੰਦਾ ਹੈ। ਦੂਜੇ ਪਾਸੇ ਜਿਸ ਮੋਮਿਨ ਦੇ ਮਨ ਵਿੱਚ ਪ੍ਰਭੂ ਮਿਲਾਪ ਦਾ ਬੀਜ ਫੁੱਟ ਪੈਂਦਾ ਹੈ, ਉਹ ਕਰਮ-ਕਾਂਡ ਦੀ ਸਥਿਤੀ ਵਿੱਚੋਂ ਨਿਕਲ ਕੇ ਪ੍ਰਭੂ ਦੀ ਭਾਲ ਵਿੱਚ ਚੱਲ ਪੈਂਦਾ ਹੈ। ਸਾਲਿਕ ਤੋਂ ਭਾਵ ਹੈ ਯਾਤਰੀ। ਜਦੋਂ ਸਾਲਿਕ ਦੇ ਅੰਦਰ ਪ੍ਰਭੂ ਦੀ ਭਾਲ ਦੀ ਤੀਬਰ ਕਾਮਨਾ ਜਾਗ੍ਰਿਤ ਹੁੰਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਮੁਰਸ਼ਦ ਦੀ ਸ਼ਰਨ ਵਿੱਚ ਜਾਂਦਾ ਹੈ ਤਾਂ ਸੂਫ਼ੀ ਆਏ ਸ਼ਾਗਿਰਦ ਨੂੰ ਤਰੀਕਤ ਦੀ ਪਾਲਣਾ ਕਰਨ ਲਾ ਦਿੰਦਾ ਹੈ:-
“ਤਰੀਕਤ ਦੀ ਸਥਿਤੀ ਵਿੱਚ ਯਾਤਰੀ ਪਸ਼ਚਾਤਾਪ, ਸੰਜਮ, ਤਿਆਗ, ਧੀਰਜ, ਈਸ਼ਵਰ ਵਿੱਚ ਵਿਸ਼ਵਾਸ, ਸੀਮਿਤ ਭੋਜਨ, ਸੀਮਿਤ ਬੋਲਣਾ ਆਦਿ ਗੁਣਾਂ ਨੂੰ ਪੂਰੀ ਤਰ੍ਹਾਂ ਗ੍ਰਹਿਣ ਕਰ ਲੈਂਦਾ ਹੈ।”15 
ਗੁਣਾਂ ਨੂੰ ਗ੍ਰਹਿਣ ਕਰਨ ਦੇ ਨਾਲ ਸਾਧਕ ਦੇ ਮਨ ਦੀ ਸਾਰੀ ਮੈਲ ਲੱਥ ਜਾਂਦੀ ਹੈ ਅਤੇ ਸਾਧਕ ਦਾ ਮਨ ਸਾਫ਼-ਸ਼ੁੱਧ ਹੋ ਜਾਂਦਾ ਹੈ। ਤਰੀਕਤ ਦਾ ਅਰਥ ਹੀ ਮਨ ਦੀ ਸ਼ੁੱਧਤਾ ਹੈ। ਜਦੋਂ ਸਾਧਕ ਦਾ ਮਨ ਅਤੇ ਸ਼ਰੀਰ ਸ਼ੁੱਧ ਹੋ ਜਾਂਦੇ ਹਨ, ਉਦੋਂ ਸਾਲਿਕ ਨੂੰ ਆਪਣੇ ਮਨ ਦੇ ਸ਼ੀਸ਼ੇ ਵਿੱਚ ਪ੍ਰਭੂ ਪਿਤਾ ਪਰਮਾਤਮਾ ਦੀ ਛਾਪ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਹਨ। ਪਰਮਾਤਮਾ ਦੇ ਦਰਸ਼ਨ ਹੁੰਦਿਆਂ ਹੀ ਉਸ ਸਾਧਕ ਦਾ ਮਨ ਸੰਸਾਰ ਤੋਂ ਉਪਰਾਮ ਹੋਣਾ ਸ਼ੁਰੂ ਹੋ ਜਾਂਦਾ ਹੈ। ਇਕਾਂਤ ਵਿੱਚ ਬੈਠ ਕੇ ਪਰਮਾਤਮਾ ਦੀ ਛਾਪ ਨੂੰ ਦੇਖਦਿਆਂ ਉਸ ਸਾਧਕ ਵਿੱਚ ਦਿੱਵ-ਪ੍ਰਕਾਸ਼ ਫੈਲਣ ਲੱਗਦਾ ਹੈ। ਇਸ ਅਵਸਥਾ ਨੂੰ ਮਾਰਫ਼ਤ ਦੀ ਅਵਸਥਾ ਕਿਹਾ ਜਾਂਦਾ ਹੈ।
ਇਸ ਮਾਰਫ਼ਤ ਦੀ ਅਵਸਥਾ ਤੋਂ ਬਾਅਦ ਸੂਫ਼ੀ ਸਾਧਕ ਨੂੰ ਬ੍ਰਹਮ-ਗਿਆਨ ਦੀ ਪ੍ਰਾਪਤੀ ਹੋਣੀ ਆਰੰਭ ਹੋ ਜਾਂਦੀ ਹੈ। ਇਸ ਬ੍ਰਹਮ-ਗਿਆਨ ਦੀ ਅਵਸਥਾ ਨੂੰ ਇਰਫ਼ਾਨ ਦੀ ਅਵਸਥਾ ਕਿਹਾ ਜਾਂਦਾ ਹੈ। ਜਦੋਂ ਬ੍ਰਹਮ-ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਤਾਂ ਉਸ ਦੀ ਨਿਮਗਨਤਾ ਵਧਦੀ ਜਾਂਦੀ ਹੈ। ਹਰ ਸਮੇਂ ਪਰਮਾਤਮਾ ਦੇ ਪ੍ਰੇਮ ਵਿੱਚ ਨਿਮਗਨ ਰਹਿਣ ਨਾਲ ਸਾਧਕ ਸੱਚ ਦੀ ਪਛਾਣ ਦੇ ਸਮਰੱਥ ਹੋ ਜਾਂਦਾ ਹੈ। ਇਹ ਸੱਚ ਦੀ ਪਛਾਣ ਹਕੀਕਤ ਹੈ। ਇਹ ਵਾਸਤਵਿਕ ਸੱਚ ਹੈ, ਕਿਉਂਕਿ ਬਾਕੀ ਸਭ ਕੁੱਝ ਮਾਇਆ, ਭਰਮ ਅਤੇ ਮਿੱਥਿਆ ਹੈ।
ਹਕੀਕਤ ਦੀ ਅਵਸਥਾ ਤੋਂ ਉਪਰੰਤ ਸਾਧਕ ਆਤਮ-ਭਾਵ ਦੀ ਅਵਸਥਾ ਪਰਿਵਰਤਨ ਵੱਲ ਵੱਧਦਾ ਹੈ। ਜਦੋਂ ਸਾਧਕ ਦੀ ਅਵਸਥਾ ਪਰਿਵਰਤਨ ਹੋ ਜਾਂਦੀ ਹੈ ਤਾਂ ਉਸ ਦੀ ਆਤਮਾ, ਪਰਮਾਤਮਾ ਦੇ ਨੇੜੇ ਪਹੁੰਚ ਜਾਂਦੀ ਹੈ। ਇਸ ਤੋਂ ਬਾਅਦ ਆਤਮਾ ਆਪਣੇ ਮੂਲ, ਆਪਣੀ ਜੜ੍ਹ, ਆਪਣੇ ਸਰੋਤ, ਆਪਣੇ ਸੁਆਮੀ ਵਿੱਚ ਲੀਨ ਹੋ ਜਾਂਦੀ ਹੈ। ਇਸ ਅਵਸਥਾ ਨੂੰ ਸੂਫ਼ੀ ਸਾਧਕ ‘ਫ਼ਨਾ’ ਦੀ ਅਵਸਥਾ ਆਖਦੇ ਹਨ। ਇਸ ਅਵਸਥਾ ਨੂੰ ਪ੍ਰਾਪਤ ਕਰਨਾ ਸੂਫ਼ੀ ਸਾਧਕ ਦਾ ਅੰਤਿਮ ਲਖ਼ਸ਼ ਹੈ।
ਬਾਬਾ ਫ਼ਰੀਦ:-
ਸੂਫ਼ੀ ਕਾਵਿ ਪੰਜਾਬੀ ਸਾਹਿਤ ਦੇ ਇਤਿਹਾਸ ਦਾ ਵਡਮੁੱਲਾ ਤੇ ਗੌਰਵਮਈ ਵਿਰਸਾ ਹੈ। ਪੰਜਾਬੀ ਸੂਫ਼ੀ ਕਾਵਿ ਸਾਹਿਤ ਵਿੱਚ ਫ਼ਰੀਦ ਬਾਣੀ ਦਾ ਅਹਿਮ ਸਥਾਨ ਹੈ। ਬਾਬਾ ਫ਼ਰੀਦ ਹਿੰਦੂਸਤਾਨ ਦੀ ਸੂਫ਼ੀ ਪਰੰਪਰਾ ਨੂੰ ਤੋਰਦਾ ਹੈ। ਇਹੀ ਪਰੰਪਰਾ ਸਮਾਂ ਪਾ ਕੇ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਬਣਾ ਲੈਂਦੀ ਹੈ।
ਬਾਬਾ ਫ਼ਰੀਦ ਆਪਣੇ ਸਮੇਂ ਦੀ ਇਕ ਮਹੱਤਵਪੂਰਨ ਸ਼ਖ਼ਸੀਅਤ ਸੀ, ਜਿਸ ਦੀ ਬਾਣੀ ਅਤੇ ਸਿੱਖਿਆ ਨੂੰ ਸੂਫ਼ੀਮੱਤ ਅਤੇ ਗੁਰਮਤਿ ਦੋਹਾਂ ਵਿੱਚ ਇੱਕ ਸਤਿਕਾਰ ਵਾਲਾ ਰੁੱਤਬਾ ਪ੍ਰਾਪਤ ਹੋਇਆ। ਫ਼ਰੀਦ ਬਾਣੀ ਵਿੱਚ ਇੱਕ ਸੱਚੇ-ਸੁੱਚੇ ਸੂਫ਼ੀ ਸੰਤ ਦੇ ਭਾਵਾਂ ਦਾ ਪ੍ਰਗਟਾਉ ਹੈ ਅਤੇ ਇਹ ਰਚਨਾ ਪੰਜਾਬ ਦੇ ਲੋਕਾਂ ਵਿੱਚ ਬੜੀ ਹਰਮਨ ਪਿਆਰੀ ਰਹੀ ਹੈ। ਸ਼ੇਖ ਫ਼ਰੀਦ ਦੀ ਬਾਣੀ ਅਤੇ ਸਿੱਖਿਆ ਦੇ ਹਰਮਨ ਪਿਆਰੀ ਹੋਣ ਦਾ ਕਾਰਣ ਇਹ ਮੰਨਿਆਂ ਜਾਂਦਾ ਹੈ ਕਿ ਬਾਬਾ ਫ਼ਰੀਦ ਨੇ ਇਸਲਾਮ ਦੀ ਕੱਟੜਤਾ ਅਤੇ ਹਿੰਦੂ ਧਰਮ ਦੀ ਸੰਕੀਰਣਤਾ ਦੇ ਵਿਰੋਧ ਵਿੱਚ ਉਦਾਰ ਅਤੇ ਮਾਨਵੀ ਵਿਚਾਰਾਂ ਨੂੰ ਸਰਲਤਾ ਨਾਲ ਪੇਸ਼ ਕੀਤਾ।
ਬਾਬਾ ਫ਼ਰੀਦ ਪੰਜਾਬੀ ਸਾਹਿਤ ਜਗਤ ਦਾ ਪਹਿਲਾ ਪ੍ਰਮਾਣਿਕ ਕਵੀ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਬਾਬਾ ਫ਼ਰੀਦ ਨੂੰ ਪੰਜਾਬੀ ਸੂਫ਼ੀ ਕਾਵਿ ਦਾ ਮੋਢੀ ਵੀ ਪ੍ਰਵਾਨ ਕੀਤਾ ਗਿਆ ਹੈ। ਇਸ ਕਰਕੇ ਜੋ ਦਰਜਾ ਗੁਰਮਤਿ ਕਾਵਿ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਪ੍ਰਾਪਤ ਹੈ, ਉਹ ਸੂਫ਼ੀ ਕਾਵਿ ਵਿੱਚ ਬਾਬਾ ਫ਼ਰੀਦ ਅਤੇ ਉਨ੍ਹਾਂ ਦੀ ਬਾਣੀ ਨੂੰ ਪ੍ਰਾਪਤ ਹੈ। ਫ਼ਰੀਦ ਬਾਣੀ ਇਕਾਗਰ ਬਿਰਤੀ ਵਾਲੀ ਬਾਣੀ ਹੈ। ਇਸ ਵਿੱਚ ਬਾਬਾ ਫ਼ਰੀਦ ਉਪਦੇਸ਼ ਦਿੰਦੇ ਹਨ ਕਿ ਮਨੁੱਖ ਨੂੰ ਮਾਇਆ ਤੋਂ ਨਿਰਲੇਪ ਰਹਿ ਕੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਬਾਬਾ ਫ਼ਰੀਦ ਆਪਣੀ ਬਾਣੀ ਵਿੱਚ ਇਸੇ ਪ੍ਰਣ ਨੂੰ ਮੁੜ-ਮੁੜ ਦ੍ਰਿੜ ਕਰਵਾਉਂਦੇ ਹਨ। ਸੂਫ਼ੀ ਪਰੰਪਰਾ ਵਿੱਚ ਪਰਮਾਤਮਾ ਦੇ ਮਿਲਾਪ ਦੀ ਇੱਛਾ ਦੇ ਪਿੱਛੇ ਮੌਤ ਦੀ ਅੱਟਲਤਾ, ਸ਼ਰੀਰ ਦੀ ਨਾਸ਼ਮਾਨਤਾ, ਦੁੱਖ ਦਾ ਸਰੂਪ, ਦੁੱਖ ਦੀ ਸਰਬ-ਵਿਆਪਕਤਾ, ਇਸ਼ਕ ਦੀ ਤੜਪ, ਬਿਰਹਾ ਦੀ ਤੜਪ ਆਦਿ ਕਾਰਣ ਮੰਨੇ ਜਾਂਦੇ ਹਨ।
ਇਨ੍ਹਾਂ ਸਾਰੇ ਸੰਕਲਪਾਂ ਦੀ ਫ਼ਰੀਦ ਬਾਣੀ ਵਿੱਚ ਵਿਆਪਕ ਪੱਧਰ ਤੇ ਚਰਚਾ ਕੀਤੀ ਗਈ ਹੈ। ਇਹ ਸੰਕਲਪ ਫ਼ਰੀਦ ਬਾਣੀ ਦੀਆਂ ਮੂਲ ਇਕਾਈਆਂ ਵੱਜੋਂ ਉਭਰ ਦੇ ਸਾਹਮਣੇ ਆਉਂਦੇ ਹਨ। ਇਨ੍ਹਾਂ ਸੰਕਲਪਾਂ ਵਿੱਚ ਬਾਬਾ ਫ਼ਰੀਦ ਸਿਧਾਂਤਕ ਜਾਂ ਕਲਪਣਾ ਦੀ ਗੱਲ ਨਹੀਂ ਕਰਦੇ, ਬਲਕਿ ਇੱਕ ਸਾਧਾਰਣ ਮਨੁੱਖ ਦੀ ਜ਼ਿੰਦਗੀ ਵਿੱਚ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਆਪਣੀ ਬਾਣੀ ਵਿੱਚ ਸ਼ਬਦਾਂ ਰਾਹੀਂ ਬਿਆਨ ਕਰਦੇ ਹਨ।
ਬਾਬਾ ਫ਼ਰੀਦ:-  ਜੀਵਨ ਅਤੇ ਸ਼ਖਸੀਅਤ
ਬਾਬਾ ਫ਼ਰੀਦ ਪੰਜਾਬੀ ਸੂਫ਼ੀ ਕਾਵਿ ਦੇ ਖੇਤਰ ਵਿੱਚ ਉਦੋਂ ਪ੍ਰਵੇਸ਼ ਕਰਦੇ ਹਨ ਜਦੋਂ ਮੁਸਲਮਾਨੀ ਹਾਕਮ ਆਪਣੇ ਰਾਜ ਤੇ ਧਰਮ ਨੂੰ ਫੈਲਾਉਣ ਵਿੱਚ ਜੀਅ-ਜਾਨ ਨਾਲ ਲੱਗੇ ਹੋਏ ਸਨ। ਇਸਲਾਮ ਦੇ ਪ੍ਰਵੇਸ਼ ਨਾਲ ਇਸ ਸਮੇਂ ਵਿਚ ਦੋ ਅਸਲੋਂ ਵੱਖਰੇ ਧਰਮਾਂ ਦਾ ਟਕਰਾਉ ਹੋਣਾ ਸੁਭਾਵਿਕ ਸੀ, ਇਸ ਲਈ ਇਸਲਾਮ ਦੇ ਪ੍ਰਵੇਸ਼ ਨਾਲ ਇੱਥੋਂ ਦੀ ਰਾਜਨੀਤੀ’ਚ ਤਾਂ ਪਰਿਵਰਤਨ ਆਇਆ ਹੀ, ਨਾਲ ਹੀ ਸੰਸਕ੍ਰਿਤੀ ਦੀ ਦ੍ਰਿਸ਼ਟੀ ਤੋਂ ਵੀ ਪਰਿਵਰਤਨ ਆਉਣਾ ਸੁਭਾਵਿਕ ਸੀ। ਇਸਲਾਮ ਦੇ ਫੈਲਾਉ ਨਾਲ ਲੋਕਾਂ ਨੂੰ ਧਰਮ ਪਰਿਵਰਤਨ ਲਈ ਕਠੋਰ ਸਜਾਵਾਂ ਦਿੱਤੀਆਂ ਜਾ ਰਹੀਆਂ ਸਨ ਅਤੇ ਲੋਕਾਂ ਦਾ ਧਰਮ ਜ਼ਬਰਦਸਤੀ ਬਦਲਿਆ ਜਾ ਰਿਹਾ ਸੀ। ਦੂਜੇ ਪਾਸੇ ਫ਼ਰੀਦ ਅਤੇ ਹੋਰ ਸੂਫ਼ੀ ਸੰਤਾਂ ਨੇ ਪ੍ਰੇਮ ਪਿਆਰ ਦੀ ਮਿੱਠੀ ਬਾਣੀ ਨਾਲ ਲੋਕਾਂ ਨੂੰ ਧਰਮ ਨਾਲ ਜੋੜਿਆ:-
“ਆਪ ਦੇ ਵਡੇਰਿਆਂ ਬਾਰੇ ਦੱਸਦੇ ਹਨ ਕਿ ਜਦ ਚੰਗੇਜ਼ ਖ਼ਾਨ ਨੇ ਗਜ਼ਨੀ ਤੇ ਹੱਲਾ ਬੋਲਿਆ ਤਾਂ ਸ਼ੇਖ਼ ਫ਼ਰੀਦ ਦਾ ਪੜਦਾਦਾ ਜੰਗ ਵਿੱਚ ਮਾਰਿਆ ਗਿਆ। ਗ਼ਜ਼ਨੀ ਵਿੱਚ ਫ਼ਰੀਦ ਦੇ ਦਾਦੇ ਕਾਜ਼ੀ ਸ਼ਾਯੀਬ ਦਾ ਰਹਿਣਾ ਮੁਹਾਲ ਹੋ ਗਿਆ ਤੇ ਉਹ ਆਪਣੇ ਤਿੰਨ ਪੁੱਤਰਾਂ ਸਮੇਤ ਲਾਹੌਰ ਸੱਯਦ ਅਲੀ ਹਜ਼ੀਰਵੀ ਦਾਤਾ ਗੰਜ਼ ਬਖ਼ਸ਼ ਦੇ ਦੁਆਰ ਤੇ ਆ ਗਏ। ਉੱਥੋਂ ਸ਼ਾਯੀਬ ਕਸੂਰ ਚਲੇ ਗਏ। ਕਸੂਰ ਦੇ ਨਵਾਬ ਨੇ ਜਦ ਉਨ੍ਹਾਂ ਦਾ ਆਪਣੇ ਇਲਾਕੇ ਵਿੱਚ ਆਉਣਾ ਸੁਣਿਆ ਤਾਂ ਸ਼ਾਯੀਬ ਨੂੰ ਕੋਤਵਾਲ ਬਣਾ ਦਿੱਤਾ। ਉੱਥੇ ਹੀ ਆਪਣੇ ਪੁੱਤਰ ਜਲਾਲੁਦੀਨ ਦੀ ਸ਼ਾਦੀ ਕਰਸੂਮ ਨਾਂ ਦੀ ਨੇਕ ਔਰਤ ਨਾਲ ਕਰ ਦਿੱਤੀ। ਉਸ ਦੀ ਕੁੱਖੋਂ ਬਾਬਾ ਫ਼ਰੀਦ ਦਾ ਜਨਮ ਹੋਇਆ।”16
ਸ਼ੇਖ਼ ਫ਼ਰੀਦ ਦਾ ਜਨਮ 571 ਹਿਜ਼ਰੀ ਅਰਥਾਤ ਸੰਨ 1173 ਈਸਵੀ ਨੂੰ ਪਿੰਡ ਕੋਠੀਵਾਲ ਮੁਲਤਾਨ ਵਿੱਚ ਹੋਇਆ, ਜੋ ਅੱਜਕਲ੍ਹ ਪਾਕਿਸਤਾਨ ਵਿੱਚ ਹੈ। ਆਪ ਦੇ ਪਿਤਾ ਦਾ ਨਾਂ ਸ਼ੇਖ ਜਲਾਲੁਦੀਨ ਸੁਲੇਮਾਨ ਸੀ।
ਆਪ ਦਾ ਨਾਂ ਮਸਕਰਦੀਨ ਲਕਬ ਗੰਜ-ਏ-ਸ਼ਕਰ ਅਤੇ ਤਖਲੁੱਸ ਫ਼ਰੀਦ ਦੱਸਿਆ ਜਾਂਦਾ ਹੈ, ਪਰ ਆਪ ਜੀ ਦੀ ਪ੍ਰਸਿੱਧੀ ਬਾਬਾ ਫ਼ਰੀਦ ਜਾਂ ਸ਼ੇਖ਼ ਫ਼ਰੀਦ ਕਰਕੇ ਹੋਈ:-
“ਸ਼ੇਖ ਸ਼ਾਯੀਬ ਦੇ ਵੱਡੇ ਲੜਕੇ ਸ਼ੇਖ ਜਲਾਲੁਦੀਨ ਸੁਲੇਮਾਨ ਦੇ ਘਰ ਅਤੇ ਬੀਬੀ ਕਰਸੂਮ ਦੀ ਕੁੱਖੋਂ ਫ਼ਰੀਦ-ਉ-ਦੀਨ ਮਸਊਦ ਦਾ ਜਨਮ ਹੋਇਆ।”17
ਫ਼ਰੀਦ ਜੀ ਦੀ ਮਾਤਾ ਕਰਸੂਮ ਬਾਰੇ ਕਿਹਾ ਜਾਂਦਾ ਹੈ ਕਿ ਉਹ ਨੇਕ ਵਿਚਾਰਾਂ ਵਾਲੀ ਇਸਤਰੀ ਸੀ। ਬਚਪਨ ਤੋਂ ਹੀ ਫ਼ਰੀਦ ਦੀ ਮਾਤਾ ਨੇ ਉਨ੍ਹਾਂ ਦੇ ਮਨ ਨੂੰ ਪ੍ਰਭੂ ਭਗਤੀ ਵੱਲ ਲਾਉਣਾ ਆਰੰਭ ਕਰ ਦਿੱਤਾ ਸੀ। ਮਿਠਾਈ ਦਾ ਲਾਲਚ ਦੇ ਕੇ ਉਨ੍ਹਾਂ ਦੀ ਮਾਤਾ ਫ਼ਰੀਦ ਨੂੰ ਪੰਜੇ ਨਮਾਜ਼ਾਂ ਪੜ੍ਹਾ ਦਿੰਦੀ ਸੀ। ਰਿਵਾਇਤ ਹੈ ਕਿ ਉਨ੍ਹਾਂ ਦੀ ਮਾਤਾ ਨੇ ਫ਼ਰੀਦ ਨੂੰ ਵਿਸ਼ਵਾਸ਼ ਕਰਵਾ ਦਿੱਤਾ ਸੀ ਕਿ ਨਮਾਜ਼ ਪੜ੍ਹਣ ਵਾਲਿਆਂ ਬੱਚਿਆਂ ਤੇ ਰੱਬ ਬਹੁਤ ਖ਼ੁਸ਼ ਹੁੰਦਾ ਹੈ ਤੇ ਉਨ੍ਹਾਂ ਦੇ ਮੁਸੱਲੇ ਹੇਠਾਂ ਸ਼ੱਕਰ ਰੱਖ ਦਿੰਦਾ ਹੈ। ਅਸਲ ਵਿੱਚ ਉਨ੍ਹਾਂ ਦੀ ਮਾਤਾ ਆਪ ਹੀ ਮੁਸੱਲੇ ਹੇਠਾਂ ਸ਼ੱਕਰ ਰੱਖ ਦਿੰਦੀ ਸੀ ਤੇ ਨਮਾਜ਼ ਪੜ੍ਹਣ ਤੋਂ ਬਾਅਦ ਫ਼ਰੀਦ ਮੁਸੱਲੇ ਹੇਠੋਂ ਸ਼ੱਕਰ ਪ੍ਰਾਪਤ ਕਰ ਲਿਆ ਕਰਦੇ ਸਨ। ਇੱਕ ਵਾਰੀ ਉਨ੍ਹਾਂ ਦੀ ਮਾਤਾ ਕਿਸੇ ਕੰਮ ਘਰੋਂ ਬਾਹਰ ਗਈ ਹੋਈ ਸੀ ਕਿ ਨਮਾਜ਼ ਦਾ ਵੇਲਾ ਹੋ ਗਿਆ। ਉਸ ਨੂੰ ਬੜੀ ਚਿੰਤਾ ਹੋਈ ਕਿ ਅੱਜ ਨਮਾਜ਼ ਤੋਂ ਬਾਅਦ ਫ਼ਰੀਦ ਨੂੰ ਮੁਸੱਲੇ ਹੇਠੋਂ ਸ਼ੱਕਰ ਨਹੀਂ ਮਿਲੇਗੀ ਤੇ ਉਸ ਦਾ ਵਿਸ਼ਵਾਸ਼ ਟੁੱਟ ਜਾਵੇਗਾ। ਉਸ ਨੇ ਪਰਮਾਤਮਾ ਅੱਗੇ ਬੇਨਤੀ ਕਿ ਰੱਬ ਉਸਦੀ ਲਾਜ ਰੱਖੇ। ਉੱਧਰ ਜਦੋਂ ਫ਼ਰੀਦ ਨਮਾਜ਼ ਪੜ੍ਹ ਕੇ ਉੱਠੇ ਅਤੇ ਮੁਸੱਲੇ ਹੇਠੋਂ ਸ਼ੱਕਰ ਲੈਣ ਲੱਗੇ ਤਾਂ ਉੱਥੇ ਸ਼ੱਕਰ ਪਈ ਹੋਈ ਸੀ। ਜਦੋਂ ਫ਼ਰੀਦ ਜੀ ਦੀ ਮਾਤਾ ਨੂੰ ਇਸ ਰੱਬੀ ਮਿਹਰ ਦਾ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਈ। ਕਈ ਲੋਕਾਂ ਦਾ ਵਿਸ਼ਵਾਸ਼ ਹੈ ਕਿ ਇਸ ਗੱਲ ਕਾਰਨ ਫ਼ਰੀਦ ਦਾ ਨਾਂ “ਗੰਜ-ਏ-ਸ਼ਕਰ” ਅਰਥਾਤ ਮਿਠਾਸ ਦਾ ਭੰਡਾਰ ਪਿਆ ਹੈ:-

“When Farid was a few years old his mother taught him his prayers. The boy asked what was gained by his prayers. His mother replied 'sugar'. She used to accordingly hide some sugar under his prayer-carpet, and, when he had finished his prayers, draw it forth, and give it to Farid as a reward for his devotion. On one occasion, when his mother was absent, he prayed a great deal, and, it is said, a great supply of sugar a miraculous gift from God was found under his carpet. Some he ate himself and the rest he gave to his playfellows. He related the circumstance to his mother on her return. It was then his mother gave him the surname Shakar Ganj, meaning a "treasury of sugar.”18

ਜਦੋਂ ਫ਼ਰੀਦ ਦੀ ਉਮਰ ਪੰਜ ਸਾਲ ਦੀ ਹੋਈ ਤਾਂ ਉਨ੍ਹਾਂ ਨੂੰ ਮਦਰੱਸੇ ਪਾਇਆ ਗਿਆ। ਫ਼ਰੀਦ ਨੇ ਗਿਆਰਾਂ ਸਾਲ ਦੀ ਉਮਰ ਵਿਚ ਸਾਰਾ ਕੁਰਾਨ ਕੰਠ ਕਰ ਲਿਆ ਸੀ। ਇਸ ਤੋਂ ਬਾਅਦ ਫ਼ਰੀਦ ਨੂੰ ਤਾਲੀਮ ਦੁਆਉਣ ਲਈ ਉਨ੍ਹਾਂ ਦੀ ਮਾਤਾ ਨੇ ਮੁਲਤਾਨ ਭੇਜਿਆ।
ਕਿਹਾ ਜਾਂਦਾ ਹੈ ਕਿ ਫ਼ਰੀਦ ਜਿਆਦਾਤਰ ਇਬਾਦਤ ਵਿਚ ਏਨੇ ਲੀਨ ਰਹਿੰਦੇ ਸਨ ਕਿ ਦੁਨੀਆਂ ਦਾ ਕੋਈ ਸੁਰ-ਪਤਾ ਨਾ ਰਹਿੰਦਾ। ਭਾਰਤੀ ਸੰਤ ਪਰੰਪਰਾ ਵਿਚ ਮਹਾਨ ਪੁਰਸ਼ ਸੰਸਾਰਕ ਕਰਮ ਤੇ ਵਿਹਾਰ ਤੋਂ ਬੇ-ਪ੍ਰਵਾਹ ਰਹੇ ਹਨ। ਅਜਿਹਾ ਇਹਨਾਂ ਸੰਤਾਂ ਦਾ ਸੁਭਾਅ ਬਣ ਜਾਂਦਾ ਹੈ।
ਜਦ ਫ਼ਰੀਦ ਦੇ ਵਿਆਹ ਦੀ ਗੱਲ ਕੀਤੀ ਜਾਂਦੀ ਤਾਂ ਉਹ ਚੁੱਪ ਹੋ ਜਾਂਦੇ। ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸ਼ਾਦੀ ਦੀ ਗੱਲ ਤੇ ਉਹ ਚੁੱਪ ਕਿਉਂ ਹੋ ਜਾਂਦੇ ਹਨ? ਫ਼ਰੀਦ ਨੇ ਉੱਤਰ ਦਿੱਤਾ ਕਿ ਮੈਂ ਡਰਦਾ ਹਾਂ ਕਿ ਜੇ ਮੇਰੀ ਔਲਾਦ ਅੱਲ੍ਹਾ ਨੂੰ ਯਾਦ ਕਰਨ ਵਾਲੀ ਨਾ ਹੋਈ ਤਾਂ ਖ਼ੁਦਾ ਪਾਸ ਕਿਹੜਾ ਮੂੰਹ ਲੈ ਕੇ ਜਾਵਾਂਗਾ:-
“ਸ਼ੇਖ਼ ਫ਼ਰੀਦ ਨੇ ਦੋ ਵਿਆਹ ਕੀਤੇ। ਉਨ੍ਹਾਂ ਦੀ ਇਕ ਪਤਨੀ ਬਾਦਸ਼ਾਹ ਬਲਵਨ ਦੀ ਧੀ ਸੀ। ਇਹਨਾਂ ਦੋਵਾਂ ਪਤਨੀਆਂ ਤੋਂ ਉਨ੍ਹਾਂ ਦੇ ਘਰ ਛੇ ਪੁੱਤਰ ਤੇ ਦੋ ਧੀਆਂ ਦਾ ਜਨਮ ਹੋਇਆ।”19
ਜਿੱਥੋਂ ਤੱਕ ਸ਼ੇਖ਼ ਫ਼ਰੀਦ ਜੀ ਦੇ ਸੰਪ੍ਰਦਾਇ ਦਾ ਸਵਾਲ ਹੈ ਤਾਂ ਉਹ ਚਿਸ਼ਤੀ ਸੰਪ੍ਰਦਾਇ ਨਾਲ ਸੰਬੰਧ ਰੱਖਦੇ ਸਨ। ਉਹ ਅਰਬੀ ਫ਼ਾਰਸੀ ਵਿਚ ਸਰਬ ਭਗਤੀ ਚਿਸ਼ਤੀ ਸੰਪ੍ਰਦਾਇ ਦੇ ਪੰਜ ਪੀਰਾਂ ਵਿੱਚੋਂ ਇੱਕ ਮੰਨੇ ਜਾਂਦੇ ਸਨ:-
“ਸ਼ੇਖ ਫ਼ਰੀਦ ਨੇ 17 ਅਕਤੂਬਰ 1265 ਨੂੰ ਪੰਜ ਵਾਰੀ ਕੁਰਆਨ ਦਾ ਪੂਰਾ ਪਾਠ ਕੀਤਾ। ਸ਼ਾਮ ਦੀ ਨਮਾਜ ਪੜਨ ਬਾਅਦ ਕਿਹਾ ਕਿ ਮੈਨੂੰ ਇਕੱਲਾ ਛੱਡ ਦਿਓ। ਮੇਰੇ ਬੁਲਾਏ ਬਗ਼ੈਰ ਕੋਈ ਅੰਦਰ ਨਾ ਆਵੇ। ਹੁਜਰਾ ਬੰਦ ਕਰ ਲਿਆ। ਗਈ ਰਾਤ (ਅਸ਼ਾ) ਦੀ ਨਮਾਜ ਅਦਾ ਕੀਤੀ ਹੀ ਸੀ ਗਸ਼ੀ ਆ ਗਈ। ਜਦ ਰਤਾ ਕੁ ਹੋਸ਼ ਪਰਤੀ ਤਾਂ ਪੁੱਛਿਆ ਕਿ ਨਮਾਜ ਪੜ ਲਈ ਹੈ ਕਿ ਨਹੀਂ। ਲੋਕਾਂ ਜਦ ਕੋਈ ਉੱਤਰ ਨਾ ਦਿੱਤਾ ਤਾਂ ਕਹਿਣ ਲੱਗੇ ਕਿ ਕੀ ਹਰਜ ਹੈ, ਫਿਰ ਪੜ੍ਹ ਲੈਂਦੇ ਹਾਂ। ਜਦ ਸਿਜਦੇ ਵਿਚ ਹੋਏ ਤਾਂ ਫਿਰ ਸਿਰ ਨਾ ਚੁੱਕਿਆ। ਰੂਹ ਪਰਵਾਜ਼ ਕਰ ਗਈ।”20
ਪੰਜਾਬੀ ਸੂਫ਼ੀ ਕਵਿਤਾ ਦਾ ਇਹ ਬਾਬਾ ਬੋਹੜ 93 ਸਾਲਾਂ ਦੀ ਲੰਮੀ ਉਮਰ ਭੋਗ ਕੇ ਸੰਨ 1266 ਈਸਵੀ ਵਿਚ ਇਸ ਫ਼ਾਨੀ ਦੁਨੀਆਂ ਤੋਂ ਅਲਵਿਦਾ ਹੋ ਗਏ। ਬਾਬਾ ਫ਼ਰੀਦ ਜੀ ਦੀ ਸੂਫ਼ੀ ਕਵਿਤਾ ਪੰਜਾਬੀ ਸਾਹਿਤ ਦਾ ਵਡਮੁੱਲਾ ਹਿੱਸਾ ਹੈ।  
ਰਚਨਾਵਾਂ:-
ਜਿੱਥੋਂ ਤੱਕ ਫ਼ਰੀਦ ਜੀ ਦੀਆਂ ਰਚਨਾਵਾਂ ਦਾ ਸੰਬੰਧ ਹੈ ਤਾਂ ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਫ਼ਰੀਦ ਜੀ ਦੀ ਗੁਰੂ ਗੰ੍ਰਥ ਸਾਹਿਬ ਤੋਂ ਇਲਾਵਾ ਵੀ ਬਾਣੀ ਮਿਲਦੀ ਹੈ। ਇਸ ਤੋਂ ਇਲਾਵਾ ਬਾਬਾ ਫ਼ਰੀਦ ਪੰਜਾਬੀ, ਫ਼ਾਰਸੀ ਅਤੇ ਉਰਦੂ ਵਿਚ ਕਵਿਤਾ ਰਚਦੇ ਸਨ। ਗੁਰੂ ਗ੍ਰੰਥ ਸਾਹਿਬ ਵਿਚ “ਸਲੋਕ ਸ਼ੇਖ ਫ਼ਰੀਦ ਕੇ” ਦੇ ਸਿਰਲੇਖ ਹੇਠ 130 ਸਲੋਕ ਦਰਜ ਹਨ, ਇਹਨਾਂ ਵਿਚੋਂ 112 ਸ਼ੇਖ ਫ਼ਰੀਦ ਦੇ ਹਨ ਅਤੇ ਬਾਕੀ 18 ਵੱਖ-ਵੱਖ ਗੁਰੂ ਸਾਹਿਬਾਨ ਦੇ ਹਨ। ਜਿੰਨ੍ਹਾਂ ਵਿਚੋਂ ਚਾਰ ਗੁਰੂ ਨਾਨਕ ਦੇਵ ਜੀ ਦੇ, ਪੰਜ ਗੁਰੂ ਅਮਰਦਾਸ ਜੀ ਦੇ, ਇੱਕ ਗੁਰੂ ਰਾਮਦਾਸ ਜੀ ਦਾ ਅਤੇ ਅੱਠ ਗੁਰੂ ਅਰਜੁਨ ਦੇਵ ਜੀ ਦੇ ਹਨ। ਜਿੰਨ੍ਹਾਂ ਥਾਂਵਾਂ ਤੇ ਫ਼ਰੀਦ ਜੀ ਦੇ ਸਲੋਕਾਂ ਦੇ ਅਰਥ ਸਪਸ਼ਟ ਨਹੀਂ ਹਨ, ਉਨ੍ਹਾਂ ਦੀ ਵਿਆਖਿਆ ਅਤੇ ਅਰਥ ਸਪਸ਼ਟ ਕਰਨ ਲਈ ਗੁਰੂ ਸਾਹਿਬਾਨ ਨੇ ਸਲੋਕਾਂ ਦੀ ਰਚਨਾ ਕੀਤੀ ਹੈ।  ਸਲੋਕਾਂ ਤੋਂ ਇਲਾਵਾ ਆਪ ਦੁਆਰਾ ਰਚਿਤ ਚਾਰ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੇ ਗਏ ਹਨ। ਇਹਨਾਂ ਸ਼ਬਦਾਂ ਵਿਚ ਦੋ ਰਾਗ ਆਸਾ ਵਿਚ ਅਤੇ ਦੋ ਰਾਗ ਸੂਹੀ ਵਿਚ ਦਰਜ ਹਨ।
ਸਾਡਾ ਖਿਆਲ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਇਹਨਾਂ 112 ਸਲੋਕਾਂ ਅਤੇ 4 ਸ਼ਬਦਾਂ ਤੋਂ ਇਲਾਵਾ ਵੀ ਬਾਬਾ ਫ਼ਰੀਦ ਜੀ ਨੇ ਬਹੁਤ ਸਾਰੀ ਬਾਣੀ ਪੰਜਾਬੀ ਵਿਚ ਲਿਖੀ ਹੋਵੇਗੀ, ਜੋ ਕਿਸੇ ਨਾ ਕਿਸੇ ਕਾਰਣ ਕਰਕੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਣੋਂ ਰਹਿ ਗਈ:-
“ਜੇ ਇਕ ਵਾਰੀ ਬਾਬਾ ਫ਼ਰੀਦ ਜੀ ਨੂੰ ਕਵੀ ਮੰਨ ਲਿਆ ਜਾਏ ਤਾਂ ਇਹ ਫਤਵਾ ਦੇਣਾ ਕਠਿਨ ਹੈ ਕਿ ਉਸ ਨੇ ਗੁਰੂ ਗ੍ਰੰਥ ਸਾਹਿਬ ਵਾਲੇ ਸਲੋਕਾਂ ਤੇ ਸ਼ਬਦਾਂ ਤੋਂ ਬਿਨਾਂ ਹੋਰ ਕੋਈ ਰਚਨਾ ਕੀਤੀ ਹੀ ਨਹੀਂ ਹੋਵੇਗੀ। ਇਸ ਦਾ ਇਕ ਕਾਰਣ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਹਰ ਭਗਤ ਦੀ ਸਮੁੱਚੀ ਬਾਣੀ ਦਾ ਸੰਗ੍ਰਹਿ ਨਹੀਂ ਹੈ, ਜਿਵੇਂ ਭਗਤ ਜੈ ਦੇਵ, ਜੇ ਉਸ ਨੂੰ “ਗੀਤ ਗੋਬਿੰਦ” ਵਾਲਾ ਹੀ ਮੰਨ ਲਈਏ, ਤਾਂ ਇਸ ਤੋਂ ਇਲਾਵਾ ਉਹ ਹੋਰ ਬਥੇਰੀ ਰਚਨਾ ਦਾ ਮਾਲਕ ਹੈ। ਰਵੀਦਾਸ ਜਾਂ ਨਾਮਦੇਵ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਵੀ ਮਿਲਦੀ ਹੈ ਤੇ ਕਬੀਰ ਜੀ ਦੀਆਂ ਰਚਨਾਵਾਂ ਬਹੁਤ ਹਨ, ਜਿਹੜੀਆਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਣ ਦਾ ਮਾਣ ਪ੍ਰਾਪਤ ਨਹੀਂ ਕਰ ਸਕੀਆਂ।”21
ਪ੍ਰੀਤਮ ਸਿੰਘ ਦੇ ਇਸ ਕਥਨ ਨਾਲ ਅਸੀਂ ਆਪਣੀ ਸਹਿਮਤੀ ਪ੍ਰਗਟਾਉਂਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਵੀ ਬਾਬਾ ਫ਼ਰੀਦ ਜੀ ਨੇ ਬਾਣੀ ਦੀ ਰਚਨਾ ਕੀਤੀ ਹੈ। ਪੁਰਾਣੀਆਂ ਹੱਥ ਲਿਖਤਾਂ ਵਿਚ ਵੀ ਫ਼ਰੀਦ ਜੀ ਦੇ ਕੁੱਝ ਸਲੋਕ ਮਿਲਦੇ ਹਨ, ਪਰੰਤੂ ਸਾਡੇ ਹੱਥਲੇ ਖੋਜ ਨਿਬੰਧ ਦਾ ਮੂਲ ਵਿਸ਼ਾ ਕੇਵਲ ਗੁਰੂ ਗ੍ਰੰਥ ਸਾਹਿਬ ਵਿਚ ਦਰਜ ‘ਫ਼ਰੀਦ ਬਾਣੀ ਦਾ ਥੀਮਕ ਅਧਿਐਨ’ ਹੈ। ਇਸ ਲਈ ਬਾਬਾ ਫ਼ਰੀਦ ਜੀ ਦੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰਲੀ ਬਾਣੀ ਸਾਡੀ ਵਿਚਾਰ ਚਰਚਾ ਦਾ ਹਿੱਸਾ ਨਹੀਂ ਹੈ।
ਸਾਡੇ ਇਸ ਖੋਜ-ਨਿਬੰਧ ਵਿਚ ਇਸ ਤੋਂ ਅਗਲੇਰਾ ਕੰਮ ਬਾਬਾ ਫ਼ਰੀਦ ਜੀ ਦੀ ਬਾਣੀ ਬਾਰੇ ਵਿਚਾਰ ਚਰਚਾ ਕਰਨਾ ਬਣਦਾ ਹੈ ਜਿਸ ਨੂੰ ਅਸੀਂ ਆਪਣੇ ਅਗਲੇ ਅਧਿਆਇ ਵਿਚ ਕਰਾਂਗੇ।

 

ਟਿਪਣੀਆਂ ਅਤੇ ਹਵਾਲੇ

1. Dr. Lajwanti Ramakrishna, Panjabi Sufi Poets, page 152
2. ਨਰੇਸ਼ (ਡਾ.), ਸੂਫ਼ੀਮੱਤ ਅਤੇ ਸੂਫ਼ੀ ਕਾਵਿ, ਲੋਕ ਸਾਹਿਤ ਪ੍ਰਕਾਸ਼ਨ, ਪੰਨਾ 14
3. ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1380
4. ਨਰੇਸ਼ (ਡਾ.), ਸੂਫ਼ੀਮੱਤ ਅਤੇ ਸੂਫ਼ੀ ਕਾਵਿ, ਲੋਕ ਸਾਹਿਤ ਪ੍ਰਕਾਸ਼ਨ, ਪੰਨਾ 15
5. ਰਿਜ਼ਵੀ, ਅਤਹਰ ਅੱਬਾਸ, ਏ ਹਿਸਟਰੀ ਆੱਫ਼ ਸੂਫ਼ੀਇਜ਼ਮ ਇਨ ਇੰਡੀਆ, ਪੰਨਾ 32
6. ਆਰਬੇਰੀ, ਏ.ਜੇ, ਦੀ ਡੌਕਟ੍ਰਿਨ ਆੱਫ਼ ਦੀ ਸੂਫ਼ੀਜ਼, ਪੰਨਾ 66
7. ਗੋਬਿੰਦ ਸਿੰਘ ਲਾਂਬਾ (ਡਾ.), ਮਸਲੇ ਸ਼ੇਖ਼ ਫ਼ਰੀਦ (ਇਕ ਆਲੋਚਨਾਤਮਕ ਵਿਵੇਚਨ), ਪੰਨਾ 23
8. ਜੀ.ਐਲ.ਸ਼ਰਮਾ, ਸ਼ੇਖ਼ ਫ਼ਰੀਦ ਚਿੰਤਨ ਤੇ ਕਲਾ, ਏਕਤਾ ਪ੍ਰਕਾਸ਼ਨ, ਪੰਨਾ 12
9. ਦੀਵਾਨ ਸਿੰਘ (ਡਾ.), ਸੂਫ਼ੀਵਾਦ ਤੇ ਹੋਰ ਲੇਖ, ਪੰਨਾ 12
10. ਬੁਲ੍ਹੇ ਸ਼ਾਹ ਦਾ ਕਾਵਿ ਲੋਕ, ਪੰਨਾ 172
11. ਗੋਬਿੰਦ ਸਿੰਘ ਲਾਂਬਾ (ਡਾ.), ਮਸਲੇ ਸ਼ੇਖ਼ ਫ਼ਰੀਦ (ਇਕ ਆਲੋਚਨਾਤਮਕ ਵਿਵੇਚਨ), ਪੰਨਾ 21
12. ਕਿਸ਼ਨ ਸਿੰਘ (ਪ੍ਰੋ.), ਸੂਫ਼ੀਮੱਤ ਅਤੇ ਸੂਫ਼ੀ ਕਵਿਤਾ, ਪੰਨਾ 22
13. ਨਰੇਸ਼ (ਡਾ.), ਸੂਫ਼ੀਮੱਤ ਅਤੇ ਸੂਫ਼ੀ ਕਾਵਿ, ਲੋਕ ਸਾਹਿਤ ਪ੍ਰਕਾਸ਼ਨ, ਪੰਨਾ 35
14. ਮੋਹਨ ਸਿੰਘ, ਸੂਫ਼ੀਮੱਤ ਅਤੇ ਸੂਫ਼ੀ ਕਵਿਤਾ, ਪੰਨਾ 5
15. ਵਿਮਲ ਕੁਮਾਰ ਜੈਨ, ਸੂਫ਼ੀਮੱਤ ਔਰ ਹਿੰਦੀ ਸਾਹਿਤਯ, ਪੰਨਾ 72
16. ਐਮ.ਜੀ. ਗੁਪਤਾ, ਬਾਬਾ ਸ਼ੇਖ਼ ਫ਼ਰੀਦ, ਪੰਨਾ 7
17. ਜੀ.ਐਲ.ਸ਼ਰਮਾ, ਸ਼ੇਖ਼ ਫ਼ਰੀਦ ਚਿੰਤਨ ਤੇ ਕਲਾ, ਏਕਤਾ ਪ੍ਰਕਾਸ਼ਨ, ਪੰਨਾ 16
18. Link: http://www.sikhiwiki.org/index.php?title=Sheikh_Farid
19. ਨਰੇਸ਼ (ਡਾ.), ਸੂਫ਼ੀਮੱਤ ਅਤੇ ਸੂਫ਼ੀ ਕਾਵਿ, ਲੋਕ ਸਾਹਿਤ ਪ੍ਰਕਾਸ਼ਨ, ਪੰਨਾ 84
20. ਐਮ. ਜੀ. ਗੁਪਤਾ (ਸੰਪਾਦਕ), ਬਾਬਾ ਸ਼ੇਖ ਫ਼ਰੀਦ, ਪੰਨਾ 13
21. ਪ੍ਰੀਤਮ ਸਿੰਘ, ਪੰਜਾਬੀ ਸਾਹਿਤ ਦਾ ਇਤਿਹਾਸ, ਭਾਸ਼ਾ ਵਿਭਾਗ, ਭਾਗ-1, ਪੰਨਾ 362

SocialTwist Tell-a-Friend

ਨਿਸ਼ਾਨ ਸਿੰਘ

ਉਪਰ

© sanjhamarg.com