ਘਰ ਟੀ. ਵੀ. ਅਤੇ ਅਖ਼ਬਾਰਾਂ ਵਿੱਚ ਛਾਇਆ ਤਾਂਤਰਿਕਾਂ ਦਾ ਮੱਕੜੀ ਜਾਲ ਸੰਪਰਕ

ਪੜੇ ਲਿਖੇ ਪਰਿਵਾਰ ਵੀ ਫਸੇ ਨੇ ਅੰਧਵਿਸ਼ਵਾਸ਼ਾਂ 'ਚ

ਰੋਜ਼ੀ ਸਿੰਘ


              ਅੱਜ ਕੋਈ ਵੀ ਟੀ. ਵੀ. ਚੈਨਲ ਦੇਖ ਲਵੋ, ਚਾਹੇ ਉਹ ਹਿੰਦੀ ਹੈ ਜਾਂ ਪੰਜਾਬੀ ਹਰੇਕ ਚੈਨਲ ਤੇ ਕੋਈ ਨਾ ਕੋਈ ਤਾਂਤਰਿਕ/ਜੋਤਸ਼ੀ ਆਪਣੀ ਦੁਕਾਨ ਖੋਲ ਕੇ ਬੈਠਾ ਹੁੰਦੈ। ਤੇ ਸਵੇਰੇ ਸਵੇਰੇ ਲੋਕਾਂ ਦੀਆਂ ਰਾਸ਼ੀਆਂ ਪੜ ਕਿ ਸੁਨਾਉਦੈ ਹੁੰਦੈ। ਇਹ ਕਿਸੇ ਇੱਕ ਚੈਨਲ ਦੀ ਗੱਲ ਨਹੀ ਬਸ ਇੱਕ ਦੁਜੇ ਦੀ ਦੇਖਾ ਦੇਖੀ ਸਾਰੇ ਹੀ ਸਵੇਰੇ ਸਵੇਰੇ ਲੱਗੇ ਹੁੰਦੇ ਨੇ। ਚੈਨਲਾ ਦੀ ਗੱਲ ਨੁੰ ਇਕ ਪਾਸੇ ਰਖ ਕੇ ਜੇ ਅਖਬਾਰਾਂ ਜਾਂ ਰਸਾਲਿਆਂ ਦੀ ਗੱਲ ਕਰ ਲਈਏ ਤਾ ਇਹ ਵੀ ਕਿਸੇ ਨਾਲੋਂ ਘੱਟ ਨਹੀ ਨੇ। ਕੁਝ ਅਖਬਾਰਾਂ ਦੇ ਤਾਂ ੨-੨ ਪੇਜ ਹੀ ਇਸ ਤਰ੍ਹਾਂ ਦੇ ਜੋਤਿਸ਼ ਕੇਂਦਰਾਂ ਅਤੇ ਤਾਂਤਰਿਕਾਂ ਦੀਆਂ ਕਲਾਸੀਫਾਈਡ ਮਸ਼ਹੁਰੀਆਂ ਨਾਲ ਭਰੇ ਪਏ ਹੁੰਦੇ ਨੇ। ਇਸ ਤੋਂ ਇਲਾਵਾ ਵੱਖ ਵੱਖ ਖੇਤਰਾਂ ਵਿੱਚ ਆਪਣੀਆਂ ਦੁਕਾਨਾ ਚਲਾਉਦੇ ਇਹਨਾਂ ਤਾਂਤਰਿਕ ਦੇ ਪੈਮਫਲੇਟ ਤਾਂ ਹਰ ਅਖਬਾਰਾ ਵਿੱਚੋ ਸਵੇਰੇ ਸਵੇਰੇ ਤੁਹਾਡੀ ਝੋਲੀ ਵਿੱਚ ਜਰੁਰ ਹੀ ਡਿਗ ਜਾਂਣਗੇ।

              ਇਹਨਾਂ ਤਾਂਤਰਿਕਾਂ ਦੇ ਮਾਇਆ ਜਾਲ ਤੋਂ ਵਿਦੇਸ਼ੀ ਅਖਬਾਰਾਂ ਅਤੇ ਰਸਾਲੇ ਵੀ ਨਹੀ ਬਚ ਸਕੇ। ਵਿਦੇਸ਼ਾ ਵਿੱਚ ਜਾ ਕੇ ਵੱਸੇ ਪੰਜਾਬੀ ਅਤੇ ਭਾਰਤੀ ਕਈ ਦੇਸ਼ਾ ਵਿੱਚ ਪੰਜਾਬੀ ਅਤੇ ਹਿੰਦੀ ਦੀਆਂ ਅਖਬਾਰਾਂ ਛਾਪਦੇ ਹਨ। ਜਿਨਾਂ ਵਿੱਚ ਇਸ ਤਰ੍ਹਾਂ ਦੇ ਤਾਤਰਿਕਾਂ ਦੇ ਪੁਰੇ ਪੁਰੇ ਪੇਜ ਦੇ ਇਸ਼ਤਿਹਾਰ ਲੱਗੇ ਅਕਸਰ ਵੇਖੇ ਜਾ ਸਕਦੇ ਹਨ। ਇਹਨਾਂ ਦੇਸ਼ਾਂ ਦੀ ਅਗਾਂਹਵਧੁ ਸੋਚ ਅਤੇ ਅਤਿਅੰਤ ਤਰੱਕੀ ਦੇ ਮੱਧੇਨਜਰ ਭਾਰਤੀ ਮੁਲ ਦੀਆਂ ਇਹਨਾ ਅਖਬਾਰਾਂ ਵਿੱਚ ਲੱਗੇ ਇਸ ਤਰ੍ਹਾਂ ਦੇ ਇਸ਼ਤਿਹਾਰਾਂ ਦਾ ਕੀ ਵਜੁਦ ਹੈ..........? ਇਹ ਗੱਲ ਅਕਲ ਦੇ ਖਾਨੇ ਵਿੱਚ ਨਹੀ ਵੜਦੀ।

              ਪਾਮੈਸਟਰੀ ਜਾਂ ਹਸਤਰੇਖਾ, ਰਾਸ਼ੀ ਫਲ, ਜੋਤਿਸ਼ ਵਿਦਿਆ ਆਦਿ ਇੱਕ ਵੱਖਰਾ ਵਿਗਿਆਨ ਹੈ ਜਿਸ ਨੁੰ ਵਿਗਿਆਨਿਕ ਅਧਾਰ ਤੇ ਹਾਲੇ ਤੱਕ ਪ੍ਰਵਾਨਗੀ ਨਹੀ ਦਿੱਤੀ ਗਈ। ਹੱਥਾਂ ਅਤੇ ਮੱਥੇ ਦੀਆਂ ਰੇਖਾਵਾਂ ਸਾਡੇ ਸਰੀਰਕ ਵਾਧੇ (ਫਿਜੀਕਲ ਗਰੋਥ) ਅਤੇ ਉਮਰ ਦੇ ਨਾਲ ਨਾਲ ਬਦਲਦੀਆਂ ਰਹਿੱਦੀਆਂ ਹਨ। ਇਸ ਤੋ ਇਲਾਵਾ ਐਸਟ੍ਰੋਲੋਜਰ ਜਾਂ ਗ੍ਰਹਿ ਵਿਗਿਆਨੀਆਂ ਨੇ ਵੱਖ ਵੱਖ ਗ੍ਰਹਿ ਦੁਆਰਾ ਸਮੇ ਸਮੇ ਇਨਸਾਨੀ ਜੀਵਨ ਤੇ ਪਾਏ ਜਾਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਹੁਣ ਤੱਕ ਬਹੁਤ ਸਾਰੀ ਜਾਣਕਾਰੀ ਸਾਨੁੰ ਦਿੱਤੀ ਹੈ। ਪਰ ਇਸ ਸਭ ਦੇ ਬਾਵਜੁਦ ਇਸ ਵਿਗਿਆਨ ਨੁੰ ਸਿਰਫ ਕੁਝ ਮੁੱਠੀ ਭਰ ਲੋਟੁਆਂ ਵੱਲੋ ਭੋਲੇ ਭਾਲੇ ਲੋਕਾਂ ਨੁੰ ਮਾਨਸਿਕ ਅਤੇ ਭਾਵਨਾਤਮਕ ਬਲੈਕਮੇਲ ਕਰਕੇ ਲੁੱਟ ਘਸੁੱਟ ਕਰਨ ਦਾ ਇੱਕ ਜਰੀਆ ਜਿਆਦਾ ਬਣਾ ਲਿਆ ਗਿਆ ਹੈ। ਸਹਿਰ ਕਸਬਿਆਂ ਅਤੇ ਪਿੰਡਾਂ ਵਿੱਚ ਇਸ ਤਰ੍ਹਾਂ ਦੇ ਤਾਂਤਰਿਕਾਂ ਦੀ ਕੋਈ ਕਮੀ ਨਹੀ ਹੈ। ਜਿਹੜੇ ਪਾਸੇ ਮਰਜੀ ਚਲੇ ਜਾਓ ਬੱਸ ਅੱਡਿਆਂ ਤੇ ਹੋਟਲਾ ਅਤੇ ਸੜਕਾਂ ਕਿਨਾਰੇ ਖੁੱਲੀਆਂ ਥਾਵਾਂ ਤੇ ਕਈ ਤਰ੍ਹਾਂ ਦੇ ਜੋਤਿਸ਼ ਕੇਂਦਰਾਂ ਦੇ ਵੱਡੇ ਵੱਡੇ ਬੋਰਡ ਲੱਗੇ ਨਜਰੀ ਪੈ ਜਾਂਦੇ ਨੇ। ਜਿਹੜੇ ਗੈਰ ਕਾਨੁੰਨੀ, ਬਿਨਾਂ ਮਾਨਤਾ ਪ੍ਰਾਪਤ ਹਨ ਅਤੇ ਸਰਕਾਰ ਦਾ ਮੁੰਹ ਪਿਆ ਚਿੜਾਓਂਦੇ ਹੁੰਦੇ ਨੇ। ਇਸ ਤਰਾਂ ਦੀਆਂ ਦੁਕਾਨਾ ਤੇ ਕੁਝ ਜੋਤਸ਼ੀ ਤਾਂ ਦੇਸ਼ੀ ਦਵਾਈਆਂ ਦੇ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਪਏ ਕਰਦੇ ਨੇ।

              ਅੱਜ ਕੋਈ ਵੀ ਚੈਨਲ ਲਗਾ ਲਓ ਕਿਸੇ ਨਾ ਕਿਸੇ ਤਾਂਤਰਿਕ ਦੁਆਰਾ ਲੋਕਾਂ ਨੁੰ ਭਰਮਾਉ ਸ਼ਬਦਾਵਲੀ ਨਾਲ ਹਿਪਨੋਟਾਈਜ ਕੀਤਾ ਜਾ ਰਿਹਾ ਹੁੰਦਾ ਹੈ। ਅਤੇ ਲੋਕ ਇਹਨਾਂ ਨੁੰ ਟੈਲੀਫੁਨ ਰਾਹੀ ਹੀ ਆਪਣੀਆਂ ਤਕਲੀਫਾਂ ਦੱਸ ਕਿ ਉਪਾਅ ਕਰਵਾਉਣ ਲੱਗੇ ਹੁੰਦੇ ਨੇ। ਕਈ ਕਈ ਵਾਰ ਤਾ ਕਿਸੇ ਜੜੀ ਬੁਟੀ ਜਾਂ ਕਿਸੇ ਹੋਰ ਨਗ/ਮੋਤੀ ਆਦਿ ਦੀ ਹੀ ਐਡ ਹੀ ਘੰਟਾ ਘੰਟਾ ਲੰਬੀ ਚੱਲਦੀ ਹੁੰਦੀ ਹੈ। ਜਿਸਨੁੰ ਬਹੁਤ ਸਾਰੇ ਵੱਡੇ ਵੱਡੇ ਕਲਾਕਾਰ, ਹੀਰੋ, ਹੀਰੋਇਨ ਜਾਂ ਸੈਲੀਬ੍ਰਿਟੀ ਪੇਸ਼ ਕਰ ਰਹੇ ਹੁੰਦੇ ਹਨ। ਇਸ ਤਰਾਂ ਨਾਲ ਇਹ ਲੋਕ ਪੈਸਿਆਂ ਦੀ ਖਾਤਿਰ ਆਪਣੇ ਚਾਹੁੰਣ ਵਾਲਿਆਂ ਨੁੰ ਵਹਿਮਾਂ ਭਰਮਾਂ ਵਿੱਗ ਪਾ ਕੇ ਆਪਣਾ ਮਕਸਦ ਪੁਰਾ ਕਰਦੇ ਹਨ। ਅੱਜ ਦੇ ਵਿਗਿਆਨਿਕ ਯੁੱਗ ਵਿੱਚ ਤਰਕਸ਼ੀਲਾਂ ਅਤੇ ਵਿਗਿਆਨੀਆਂ ਦੇ ਕਹਿਣ ਮੁਤਾਬਿਕ ਇਸ ਤਰ੍ਹਾ ਦੇ ਵਿਹਮਾਂ ਭਰਮਾ ਲਈ ਕੋਈ ਜਗਾ ਨਹੀ ਹੈ। ਪਰ ਫਿਰ ਵੀ ਸਾਡੇ ਵਿੱਚੋ ਬਹੁਤ ਸਾਰੇ ਪੜੇ ਲਿਖੇ ਲੋਕ ਵੀ ਇਹਨਾਂ ਕੁਰੀਤੀਆਂ ਵਿੱਚ ਫਸੇ ਪਏ ਹਨ। ਟੇਵਾ, ਜਨਮ ਪੱਤਰੀ ਵਰਗੀਆਂ ਧਕੀਆ ਨੁਸੀ ਪ੍ਰੰਪਰਾਵਾਂ ਵਿੱਚ ਬਹੁਤ ਸਾਰੇ ਗੁਰਸਿੱਖ ਵੀ ਫਸੇ ਪਏ ਹਨ, ਜਿਹੜੇ ਇਹਨਾਂ ਜੋਤਿਸ਼ ਕੇਂਦਰਾਂ ਦੇ ਚੱਕਰ ਕੱਟਦੇ ਵੇਖੇ ਜਾ ਸਕਦੇ ਹਨ। ਦੁਨੀਆਂ ਅੱਜ ਚੰਨ ਤਾਰਿਆਂ ਤੇ ਵੱਸਣ ਦੀ ਤਿਆਰੀ ਕਰ ਰਹੀ ਏ, ਅਤੇ ਸਾਇੰਸ ਨੇ ਇਹ ਵੀ ਸਾਬਿਤ ਕਰ ਦਿੱਤਾ ਹੈ ਕਿ ਧਰਤੀ ਵਾਂਗ ਬਾਕੀ ਗ੍ਰਹਿ ਤੇ ਵੀ ਜਲਦੀ ਜੀਵਨ ਸ਼ੁਰੁ ਹੋ ਸਕਦਾ ਹੈ। (ਜੋ ਕੇ ਮਾਹਿਜ ਹਾਲੇ ਅੰਦਾਜਾ ਹੀ ਹੈ) ਪਰ ਸਾਡੇ ਲੋਕ ਹਾਲੇ ਵੀ ਇਹਨਾਂ ਗ੍ਰਹਿ ਨਕਸ਼ੱਤਰਾ ਵਿੱਚ ਬੱਝੇ ਟੁਣੇ-ਟਪਾਣਿਆਂ ਵਰਗੇ ਅੰਧਵਿਸ਼ਵਾਸਾਂ ਵਿੱਚ ਗਲਤਾਨ ਹੋਏ ਪਏ ਨੇ।

              ਜੇਕਰ ਇਹਨਾਂ ਤਾਂਤਰਿਕਾਂ ਦੇ ਇਸ਼ਤਿਹਾਰਾਂ ਵੱਲ ਨਜ਼ਰ ਮਾਰੀਏ ਤਾਂ ਹਰ ਬੰਦਾ ਇਹਨਾਂ ਦੀ ਲੁਭਾਵਨੀ ਸ਼ਬਦਾਵਲੀ ਵਿੱਚ ਫਸ ਜਾਂਦਾ ਹੈ। ਇਸ਼ਤਿਹਾਰ ਕੁਝ ਇੰਝ ਸ਼ੁਰੁ ਹੁੰਦਾ ਹੈ :- (ਕੀ ਤੁਹਾਡੇ ਕਾਰੋਬਾਰ ਤੇ ਕਿਸੇ ਦਾ ਸਾਇਆ ਹੈ, ਕੀ ਮਿਹਨਤ ਕਰਨ ਦੇ ਬਾਵਜੁਦ ਤੁਹਾਨੁੰ ਪੁਰੀ ਨਹੀ ਪੈਂਦੀ, ਕੀ ਤੁਸੀ ਕਿਸੇ ਦੇ ਕੀਤੇ ਕਰਾਏ ਦੇ ਸ਼ਿਕਾਰ ਹੋ, ਕੀ ਤੁਸੀ ਪਿਆਰ ਵਿੱਚ ਅਸਫਲ ਹੋ, ਕੋਟ ਕਚਿਹਰੀ, ਜਾਇਦਾਦ, ਘਰ ਵਿੱਚ ਕਲੇਸ਼ ਆਦਿ ਤੋਂ ਤੰਗ ਹੋ ਬਸ ਇੱਕ ਟੈਲੀਫੁਨ ਕਾਲ ਕਰੋ ੧੦੦ ਪ੍ਰਤੀਸ਼ਤ ਗਰੰਟੀ ਵੀ ਨਾਲ ਦੇਣਗੇ। ਕਾਲਾ ਇਲਮ ਦੇ ਮਾਹਿਰ, ਵਿਦੇਸ਼ ਯਾਤਰਾ, ਪਤੀ/ਪਤਨੀ ਦਾ ਕਲੇਸ਼, ਕੀਤਾ ਕਰਾਇਆ, ਔਲਾਦ ਕਹਿਣੇ ਵਿੱਚ ਨਹੀ। ਸਿਰਫ ਇੱਕ ਰਾਤ ਦੇ ਪੁਜਾ ਪਾਠ ਨਾਲ ਆਪ ਜੀ ਦੀਆਂ ਸਭ ਮੁਸ਼ਕਲਾਂ ਖਤਮ.......।) ਕੁਝ ਇਸ ਤਰਾਂ ਦੇ ਇਸ਼ਤਿਹਾਰ ਆਪ ਨੇ ਅਕਸਰ ਅਖਬਾਰਾਂ ਵਿੱਚ ਪੜੇ ਹੋਣਗੇ। ਜਿਨਾਂ ਦੀ ਭਾਸ਼ਾ ਏਨੀ ਮਨਮੋਹਿਕ ਹੁੰਦੀ ਹੈ ਕਿ ਹਰ ਬੰਦਾ ਇੱਕ ਵਾਰ ਚਾਨਸ ਲੈ ਹੀ ਲੈਂਦਾ ਹੈ। ਇਹਨਾਮ ਦੇ ਸ਼ਿਕਾਰ ਜਿਆਦਾਤਰ ਅਨਪੜ, ਮਾਨਸਿਕ ਰੋਗੀ, ਬਿਮਾਰ ਅਤੇ ਘਰੇਲੁ ਔਰਤਾਂ ਜਿਆਦਾ ਹੁੰਦੇ ਹਨ। ਅਕਸਰ ਖ਼ਬਰਾਂ ਸੁਨਣ ਨੁੰ ਮਿਲਦੀਆਂ ਨੇ ਕਿ ਇਲਾਜ ਦੀ ਆੜ ਵਿੱਚ ਸਾਧ ਦੁਆਰਾ ਮਾਸੁਮ ਬੱਚੇ ਦੀ ਮੌਤ, ਜਾਂ ਇਲਾਜ ਲਈ ਗਈ ਔਰਤ ਨਾਲ ਸ਼ਰੀਰਕ ਸ਼ੋਸ਼ਣ ਕਰਦਾ ਤਾਂਤਰਿਕ ਕਾਬੁ... ਵਗੈਰਾ ਵਗੈਰਾ.... ਪਰ ਸਾਡੇ ਲੋਕਾਂ ਦੀਆਂ ਫਿਰ ਵੀ ਅੱਖਾ ਨਹੀ ਖੁਲਦੀਆਂ...!

              ਸਾਡਾ ਦੇਸ਼ ਬਹੁਤ ਵਰੇ ਤੱਕ ਪਹਿਲਾਂ ਮੁਗਲਾਂ ਅਤੇ ਬਾਅਦ ਵਿੱਚ ਹਿੰਦੁਤਵ ਦੇ ਪ੍ਰਭਾਵ ਹੇਠ ਰਿਹਾ ਹੈ। ਅਤੇ ਇਹਨਾ ਦੋਹਵਾਂ ਤਬਕਿਆਂ ਵਿੱਚ ਧਾਗਾ ਤਵੀਤ, ਅਤੇ ਹਿੰਦੁਵਾਦ ਦੀ ਬਹੁਤਾਤ ਕਾਰਨ ਦੇਸ਼ ਵਾਸੀਆਂ ਦੀ ਮਨਸਿਕ ਸਥਿਤੀ ਤੇ ਇਸਦਾ ਬਹੁਤ ਡੁੰਘਾ ਪ੍ਰਭਾਵ ਹੈ। ਕਈ ਦਹਾਕੇ ਪਹਿਲਾ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਬ੍ਰਾਹਮਣ ਅਤੇ ਪ੍ਰੋਹਿਤ ਪੁਜਣ ਦੀ ਪ੍ਰਰੰਪਰਾ ਸੀ, ਜੋ ਕਿ ਬਹੁਤ ਸਾਰੇ ਇਲਾਕਿਆਂ ਵਿੱਚ ਹਾਲੇ ਵੀ ਕਾਇਮ ਹੈ। ਇਸ ਨੁੰ ਸਰਾਦ ਪੁਜਣ ਵੀ ਕਹਿੰਦੇ ਹਨ। ਇਸ ਸਭ ਦੇ ਚੱਲਦੇ ਪੰਜਾਬ ਦੇ ਨਾਲ ਨਾਲ ਦੇਸ਼ ਦੇ ਹੋਰ ਖੇਤਰਾ ਵਿੱਚ ਵੱਸਦੇ ਬਹੁਤ ਸਾਰੇ ਸਿੱਖ ਵੀ ਇਸ ਪ੍ਰਰੰਪਰਾ ਵਿੱਚ ਵਿਸ਼ਵਾਸ ਰੱਖਣ ਲੱਗ ਪਏ। ਪਰ ਕੁਝ ਲੋਭੀ, ਪੈਸੇ ਦੇ ਪੁੱਤਰ, ਅਤੇ ਆਪਣੇ ਮਕਸਦ ਲਈ ਲੋਕਾਂ ਦੀ ਲੁੱਟ ਘਸੁੱਟ ਕਰਨ ਵਾਲੇ ਲੋਕਾਂ ਨੇ ਆਮ ਅਤੇ ਭੋਲੀ ਭਾਲੀ ਜਨਤਾ ਦਾ ਮਾਨਸਿਕ ਅਤੇ ਆਰਥਿਕ ਸ਼ੋਸ਼ਨ ਕਰਨਾ ਸ਼ੁਰੁ ਕਰ ਦਿੱਤਾ ਜਿਸ ਦਾ ਸਭ ਤੋਂ ਸੁਰੱਖਿਅਤ ਅਤੇ ਸੋਖਾ ਤਰਿਕਾ ਸੀ ਜੋਤਿਸ਼ ਵਿਦਿਆ, ਜਿਸ ਦੇ ਜਰੀਏ ਅਰਾਮ ਨਾਲ ਕੁਝ ਤਾਂਤਰਿਕਾਂ ਵੱਲੋ ਆਮ ਜਨਤਾ ਨੁੰ ਆਪਣੇ ਜਾਲ ਵਿੱਚ ਫਸਾਇਆ ਜਾ ਸਕਦਾ ਸੀ ਅਤੇ ਉਹਨਾ ਕੋਲੋ ਮੰਗੀ ਦਕਸ਼ਨਾ ਲਈ ਜਾ ਸਕਦੀ ਸੀ।

              ਦੇਸ਼ ਦੇ ਅੰਦਰ ਹਾਲੇ ਵੀ ੭੩.੩ ਪ੍ਰਤੀਸ਼ਤ ਅਬਾਦੀ ਅਨਪੜ ਹੈ। ਜਿਨਾਂ ਵਿੱਚ ੭੭ ਪ੍ਰਤੀਸ਼ਤ ਲੋਕ ਪਿੰਡਾ ਅਤੇ ਕਸਬਿਆਂ ਵਿੱਚ ਰਹਿੰਦੇ ਹਨ ਅਤੇ ੧੨ ਪ੍ਰਤੀਸ਼ਤ ਲੋਕ ਵੱਡੇ ਸ਼ਹਿਰਾ ਵਿੱਚ ਅਤੇ ਬਾਕੀ ਵਿਦੇਸ਼ਾ ਵਿੱਚ। ਇਹਨਾਂ ਤਾਂਤਰਿਕਾਂ ਦੇ ਜਾਲ ਵਿੱਚ ਫਸਨ ਦਾ ਸਭ ਤੋਂ ਵੱਡਾ ਕਾਰਨ ਅਨਪੜਤਾ ਹੀ ਹੈ। ਅਨਪੜ ਬੱਦੇ ਨੁੰ ਬੜੀ ਅਸਾਨੀ ਨਾਲ ਵਹਿਮਾਂ ਭਰਮਾ ਵਿੱਚ ਪਾਇਆ ਜਾ ਸਕਦਾ ਹੈ ਅਤੇ ਉਸਨੁੰ ਲੁਭਾਵਣੀਆਂ ਗੱਲਾ ਨਾਲ ਹਿਪਨੋਟਾਈਜ ਕੀਤਾ ਜਾ ਸਕਦਾ ਹੈ। ਪਰ ਹੈਰਾਨੀ ਤਾਂ ਉਦੋ ਹੁੰਦੀ ਹੈ ਜਦ ਇਸ ਪ੍ਰਵਿਰਤੀ ਦੇ ਲੋਕਾਂ ਵਿੱਚ ਪੜੇ ਲਿਖੇ ਤਬਕੇ ਦੇ ਲੋਕਾਂ ਦੀ ਸਮੁਲੀਅਤ ਦਿਸਦੀ ਹੈ। ਇਹਨਾਂ ਲੋਕਾਂ ਵਿੱਚ ਬਹੁਤ ਸਰੇ ਅਫਸਰ, ਬਿਜਨਸਮੈਨ, ਐਨ. ਆਰ. ਆਈ ਅਤੇ ਕਰੋੜਾਪਤੀ ਲੋਕਾਂ ਦੀ ਗਿਣਤੀ ਵੀ ਸ਼ਮਿਲ ਹੈ। ਇਸ ਦੇ ਦੁਜੇ ਪਹਿਲੁ ਨੁੰ ਵਾਚਿਏ ਤਾਂ ਪੜੇ ਲਿਖੇ ਲੋਕਾਂ ਵਿੱਚ ਉਹ ਲੋਕ ਵੀ ਸ਼ਾਮਿਲ ਹਨ ਜੋ ਬਹੁਤ ਜਿਆਦਾ ਪੜ ਲਿਖ ਕੇ ਵਿਹਲੇ/ਬੇਰੁਜਗਾਰ ਹਨ। ਅਤੇ ਆਪਣੇ ਨੋਕਰੀ/ਕਾਰੋਬਾਰ ਲਈ ਦਰ ਦਰ ਠੋਕਰਾਂ ਖਾਂਦੇ ਅੰਤ ਇਸ ਤਰਾਂ ਦੇ ਜੋਤਿਸ਼ੀਆਂ ਦਾ ਸਹਾਰਾ ਲਭਦੇ ਹਨ। ਇਸ ਤੋਂ ਇਲਾਵਾ ਅਖੋਤੀ ਪਿਆਰ ਵਿੱਚ ਨਾ-ਕਾਮਯਾਬੀ ਵੀ ਇਸ ਦਾ ਵੱਡਾ ਕਾਰਨ ਹੈ। ਕਿਉਂਕੇ ਇੱਕ ਲੜਕੀ ਦੇ ਮਾਂ-ਬਾਪ ਆਪਣੀ ਧੀ ਦੇ ਭਵਿੱਖ ਵਾਸਤੇ ਚੰਗਾ ਵਰ ਘਰ ਲੱਭਦੇ ਹਨ ਜਦ ਕੇ ਦੇਸ਼ ਅੰਦਰ ੭੯ ਪ੍ਰਤੀਸ਼ਤ ਨੋਜਵਾਨ ਮੁੰਡੇ ਕੁੜੀਆਂ ਬੇ-ਰੁਜਗਾਰ ਹਨ।

              ਜਨਤਾ ਦੀ ਇਸ ਮਨੋਬਿਰਤੀ ਨੁੰ ਧਿਆਨ ਗੋਚਰੇ ਰੱਖਦੇ ਹੋਏ ਟੀ. ਵੀ. ਚੈਨਲ ਅਤੇ ਅਖਬਾਰਾਂ ਵੀ ਆਪਣਾ ਮੁਫਾਦ ਨਹੀ ਭੁੱਲਦੇ, ਅਤੇ ਪੈਸੇ ਕਮਾਉਣ ਲਈ ਲੰਮੀਆਂ ਚੋੜੀਆਂ ਮਸ਼ਹੁਰੀਆਂ ਛਾਪ ਕੇ ਲੋਕਾਂ ਨੁੰ ਗੁੰਮਰਾਹ ਕਰ ਰਹੇ ਹਨ। ਇਹਨਾ ਚੈਨਲਾਂ ਤੇ ਆਉਂਦੇ ਜੋਤਸ਼ੀ/ਤਾਂਤਰਿਕਾਂ ਵਿੱਚੋ ਕੁਝ ਚੈਨਲਾਂ ਤੇ ਤਾਂ ਸਿੱਖ ਤਾਂਤਰਿਕ/ਜੋਤਸ਼ੀ ਵੀ ਵੇਖੇ ਜ ਸਕਦੇ ਹਨ। ਇਸ ਤਰਾਂ ਨਾਲ ਇਹਨਾਂ ਜੋਤਿਸ਼ੀਆਂ/ ਤਾਂਤਰਿਕਾਂ ਦੇ ਨਾਲ ਨਾਲ ਇਹਨਾਂ ਚੈਨਲਾਂ ਅਤੇ ਅਖਬਾਰਾਂ ਦੀ ਵੀ ਚਾਂਦੀ ਬਣੀ ਪਈ ਹੈ ਅਤੇ ਇਹਨਾ ਦਾ ਜੋਗਾੜ ਪਾਣੀ ਵਾਹਵਾ ਚੱਲਦਾ ਰਹਿੰਦਾ ਹੈ।

              ਕਰੀਬ ੭-੮ ਸਾਲ ਪਹਿਲਾਂ ਦੀ ਗੱਲ ਏ ਸਾਡੇ ਲਾਗੇ ਇੱਕ ਬੰਦਾ ਏ ਤਾਇਆਂ ਚੰਨਣ ਸਿੰਘ ਓਸ ਨੁੰ ਕੋਈ ਜੋਤਸ਼ੀ ਟੱਕਰ ਪਿਆ, ਕਹਿਦਾਂ ਲਿਆ ਬਈ ਤੇਰਾ ਭਵਿੱਖ ਦੱਸ ਦਿੰਦਾ ਵਾਂ। ਤਾਏ ਨੇ ਆਪਣਾ ਹੱਥ ਅੱਗੇ ਕਰ ਦਿੱਤਾ। ਜੋਤਿਸ਼ੀ ਨੇ ੧੫-੨੦ ਮਿੰਟ ਲਾਏ ਤੇ ਝੁਠੀਆਂ ਸੱਚੀਆਂ ਦੱਸੀਆਂ। ਕੁਝ ਉਪਾਅ ਵੀ ਦੱਸੇ ਤੇ ਜਾਣ ਲੱਗਾ ਤਾਏ ੫੦ ਰੁਪੈ ਮੰਗਣ ਲੱਗਾ। ਤਾਏ ਨੇ ਲਾਹ ਲਿਆ ਛਿਤਰ ਤੇ ਜੋਤਸ਼ੀ ਦੇ ਜੜ ਦਿੱਤੀਆਂ। ਲੋਕ ਇਕੱਠੇ ਹੋ ਗਏ ਦੋਹਵਾਂ ਨੁੰ ਛੁਡਾਇਆ, ਪੁੱਛਿਆ ਕੀ ਹੋਇਆ ਤਾ ਤਾਏ ਨੇ ਜਵਾਬ ਦਿੱਤਾ...., "ਓਏ ਜਿਸਨੁੰ ਆਪਣੇ ਭਵਿੱਖ ਦਾ ਨਹੀ ਪਤਾ, ਬਈ ਮੇਰੇ ਅੱਜ ਜੁੱਤੀਆਂ ਵੱਜਣੀਆਂ ਨੇ ਉਹ ਕਿਸੇ ਦਾ ਭਵਿੱਖ ਕੀ ਦੱਸੇਗਾ.." ਏਨਾ ਸੁਣ ਕੇ ਜੋਤਸ਼ੀ ਭੀੜ ਨੁੰ ਖਦੇੜਦਾ ਉਥੋ ਟੁਰਦਾ ਬਣਿਆ...........।

              ਸੋ ਗੱਲ ਇਹ ਹੈ ਕਿ ਕੁਦਰਤ ਦੇ ਨਿਯਮਾਂ ਅਤੇ ਪ੍ਰਮਾਤਮਾਂ ਦੀ ਸਾਜੀ ਸ੍ਰਿਸ਼ਟੀ ਬਾਰੇ ਸਿਰਫ ਪ੍ਰਮਾਤਮਾ ਹੀ ਜਾਣਦਾ ਹੈ। ਇਨਸਾਨ ਦੇ ਵੱਸ ਸਿਰਫ ਅੰਦਾਜੇ ਲਾਉਂਣਾ ਹੀ ਹੈ। ਸਾਨੁੰ ਸਿਰਫ ਸਾਡਾ ਅਤੀਤ ਚੇਤੇ ਰਹਿੰਦੈ, ਵਰਤਮਾਨ ਤੇ ਭਵਿੱਖ ਸਭ ਓਸੇ ਦੇ ਹੱਥ ਵਿੱਚ ਹੈ। ਮੇਰਾ ਇੱਕ ਦੋਸਤ ਕਹਿੰਦਾ ਹੁੰਦੈ... "ਸਾਡੇ ਕੋਲ ਜੋ ਵੀ ਹੈ ਉਹ ਸਿਰਫ ਵਰਤਮਾਨ ਹੀ ਹੈ। ਅਸੀ ਹਮੇਸ਼ਾ ਭਵਿੱਖ ਦੇ ਸੁਪਨੇ ਦੇਖਦੇ ਹਾਂ ਅਤੇ ਵਰਤਮਾਨ ਦਾ ਨੁਕਸਾਨ ਕਰਵਾਉਂਦੇ ਹਾਂ ਫਿਰ ਬੈਠ ਕੇ ਅਤੀਤ ਨੁੰ ਰੋਂਦੇ ਹਾਂ" ਉਸ ਦੀ ਗੱਲ ਸੋਲਾਂ ਆਨੇ ਸੱਚ ਲਗਦੀ ਹੈ। ਸਾਨੁੰ ਹਮੇਸ਼ਾਂ ਭਵਿੱਖ ਜਾਨਣ ਦੀ ਕਾਹਲ ਕਿਉ ਰਹਿੰਦੀ ਏ.....? ਕੀ ਅਸੀ ਮੌਤ ਨੁੰ ਲਾਗੇ ਨਹੀ ਆਉਂਣ ਦੇਣਾ ਚਾਹੁੰਦੇ..? ਤੇ ਜਾ ਫਿਰ ਸਾਨੁੰ ਇਹ ਜਾਨਣ ਦੀ ਕਾਹਲ ਹੁੰਦੀ ਏ ਕਿ ਅਸੀ ਕਦੋ ਮਰਨੈ...? ਪਰ ਹਾਲੇ ਤੱਕ ਵਰਤਮਾਨ ਅਤੇ ਅਤੀਤ ਤੋਂ ਸਿਵਾਏ ਸਾਡੇ ਪੱਲੇ ਕੁਝ ਨਹੀ ਪੈ ਸੱਕਿਆ। ਜੇਕਰ ਇਹ ਸਭ ਬੰਦੇ ਦੇ ਵੱਸ ਹੋਏ ਤਾਂ ਪ੍ਰਮਾਤਮਾ ਨੁੰ ਕੌਣ ਮੰਨੇ। ਕੁਝ ਹੋਣਾ ਜਾਂ ਨਾ ਹੋਣਾ ਸਾਡੀ ਮਿਹਨਤ ਅਤੇ ਪ੍ਰਮਾਤਮਾ ਦੀ ਨਜ਼ਰਸਾਨੀ ਤੇ ਨਿਰਭਰ ਹੈ। ਮੁਕੱਦਰ ਹਮੇਸ਼ਾ ਮਿਹਨਤ ਨਾਲ ਸਵਾਰੇ ਜਾਂਦੇ ਨੇ। ਹੱਥ ਤੇ ਹੱਥ ਧਰ ਕੇ ਬਹਿ ਰਹਿਣ ਨਾਲ ਕੁਝ ਨਹੀ ਸੌਰਦਾ। ਸਖਤ ਮਿਹਨਤ ਅਤੇ ਲਗਨ ਨਾਲ ਹੱਥਾ ਦੀਆਂ ਲਕੀਰਾਂ ਜਰੁਰ ਬਦਲ ਜਾਂਦੀਆਂ ਨੇ ਅਤੇ ਭਵਿੱਖ ਵੀ ਖੁਬਸੁਰਤ ਬਣ ਜਾਂਦੈ ਏ। ਚੰਗੇ ਭਵਿੱਖ ਲਈ ਚੰਗੇ ਗੁਣਾ ਅਤੇ ਚੰਗੀਆਂ ਆਦਤਾਂ ਤੇ ਕੁਝ ਕਰ ਗੁਜਰਨ ਦੀ ਸਮਰੱਥਾ ਦਾ ਹੋਣਾ ਬਹੁਤ ਜਾਰੁਰੀ ਹੈ। ਇਕੱਲਾ ਭਵਿੱਖ ਨੁੰ ਜਾਨਣ ਦੀ ਹੋੜ ਅਤੇ ਵਹਿਮਾਂ ਭਰਮਾਂ ਵਿੱਚ ਪੈ ਕੇ ਵਕਤ ਬਰਬਾਦ ਕਰਨ ਨਾਲ ਕਦੀ ਮੰਜਿਲ ਨਹੀ ਮਿਲਣ ਵਾਲੀ। ਮੰਜਿਲ ਤੇ ਅਸੀ ਤਾਂ ਹੀ ਪਹੁੰਚ ਸਕਦੇ ਹਾਂ ਜੇ ਓਸ ਵੱਲ ਨੁੰ ਭਾਰੇ ਭਾਰੇ ਕਦਮ ਪੁੱਟਾਂਗੇ। ਇਸ ਰਸਤੇ ਵਿੱਚ ਕਦੀ ਫੁੱਲ ਅਤੇ ਕਦੀ ਕੰਡੇ ਸਾਡੇ ਕਦਮਾਂ ਨੁੰ ਜਰੁਰ ਮਿਲਣਗੇ ਜਿਹੜੇ ਸਾਨੁੰ ਸਾਡੀ ਜਿੰਦਗੀ ਦਾ ਅਸਲੀ ਮਾਰਗ ਦਰਸ਼ਨ ਕਰਵਾਓਣਗੇ। ਸੋ ਆਓ ਜਿੰਦਗੀ ਨੁੰ ਹਸੀਨ ਸੁਪਨੇ ਅਤੇ ਰੰਗੀਨ ਖਾਹਿਸ਼ਾ ਵੱਲ ਲੈ ਚੱਲੀਏ ਜਿਥੇ ਜਾ ਕਿ ਸਾਡਾ ਹਰ ਪਲ ਸ਼ਹਿਦ 'ਚ ਗੁੰਨੇ ਗੁਲਾਬ ਵਰਗਾ ਲੱਗੇ.....!
ਅਮੀਨ.......!

SocialTwist Tell-a-Friend

ਰੋਜ਼ੀ ਸਿੰਘ

ਉਪਰ

© sanjhamarg.com