ਪੜ੍ਹਨਾ ਲਿਖਣਾ ਵੱਸ ਦੀ ਗੱਲ ਨਹੀਂ
ਮੰਚ ‘ਤੇ ਗੱਲਾਂ ਕਰ ਲੈਂਦਾ ਹਾਂ
ਮੈਂ ਲੋਕਾਂ ਦਾ ਆਗੂ ਹਾਂ ਜੀ
ਸਭ ਨੂੰ ਮੂਹਰੇ ਧਰ ਲੈਂਦਾ ਹਾਂ ।
ਭਲਾ ਸਿਆਸਤ ਮੈਂ ਕੀ ਜਾਣਾਂ
ਇਹ ਤੇ ਡੂੰਘਾ ਸਾਗਰ ਹੈ ਜੀ
ਗੋਡੇ ਗੋਡੇ ਪਾਣੀ ਵਿਚ ‘ਪਰ
ਔਖਾ ਸੌਖਾ ਤਾ ਲੈਂਦਾ ਹਾਂ ।
ਥੌੜ-ਦਿਲਾ ਜੇ ਮੱਥਾ ਲਾਵੇ
ਉਸਦਾ ਨੱਕ ‘ਚ ਦਮ ਕਰ ਦਿਆਂ
ਜੇ ਕੋਈ ਡਾਹਡਾ ਟੱਕਰ ਜਾਵੇ
ਉਸਦਾ ਰੋਹ ਮੈਂ ਜਰ ਲੈਂਦਾ ਹਾਂ ।
ਨਾਮ ਕਮਾਉਣਾ ਕਿਹੜਾ ਔਖੈ
ਝੰਡਾ ਚੁੱਕ ਲੳ, ਨਾਅਰੇ ਲਾ ਲੳ
ਬਲਦੀ ‘ਤੇ ਕੁਝ ਤੇਲ ਪਾ ਦਿੳ
ਮੈਂ ਇਹ ਸੌਖੇ ਕਰ ਲੈਂਦਾ ਹਾਂ ।
ਸਾਰੇ ਗੁਰ ਮੈਂ ਸਿੱਖ ਗਿਆ ਹਾਂ
ਕੀ ਕੁਝ ਲੈਣੈ, ਕੀਕਣ ਲੈਣੈ
ਵਗਦੀ ਗੰਗਾ ਵਿਚੋਂ ਹੁਣ ਮੈਂ
ਆਪਣੀ ਗਾਗਰ ਭਰ ਲੈਂਦਾ ਹਾਂ ।
ਚੌਧਰ ਤੇ ਹੁਣ ਮੁੱਲ ਵਿਕਦੀ ਹੈ
ਪੈਸਾ ਖਰਚੋ, ਚੌਧਰ ਲੈ ਲੳ
ਪੈਸਾ ਸਾਡੇ ਕੋਲ ਬਹੁਤੇਰਾ
ਮੈਂ ਵੀ ਸੌਦੇ ਕਰ ਲੈਂਦਾ ਹਾਂ ।
ਸਭ ਤੋਂ ਵੱਡਾ ਧੜਾ ਏ ਮੇਰਾ
ਹਰ ਥਾਂ ਬੰਦਾ ਖੜਾ ਏ ਮੇਰਾ
ਜੇ ਕੋਈ ਉੱਚੀ ਸੁਰ ਵਿਚ ਬੋਲੇ
ਉਸਦੀ ਖੂਬ ਖਬਰ ਲੈਂਦਾ ਹਾਂ ।
ਪੜ੍ਹੇ ਹੋਣ ਦੀ ਲੋੜ ਵੀ ਕੀ ਏ
ਲੇਖਕ ਲਿਖਦੇ ਨੇ ਮੇਰੇ ਲਈ
ਜਿਨ੍ਹਾਂ ਉੱਤੇ ਉਹ ਵਰ੍ਹਨ ਨੂੰ ਆਖਣ
ਮੈਂ ਉਹਨਾਂ ‘ਤੇ ਵਰ੍ਹ ਲੈਂਦਾ ਹਾਂ।