ਘਰ ਅਸੀ ਕਾਹਦੇ ਰਿਟਾਇਰ ਹੋਏ...? ਸੰਪਰਕ

ਨੁਪਿੰਦਰਪਾਲ ਸਿੰਘ


ਹਰ ਰੋਜ ਸਵੇਰੇ ਸਵੱਖਤੇ ਉਠਕੇ ਤਿਆਰ ਹੋ ਕੇ ਦਫ਼ਤਰ ਜਾਣਾ ਤੇ ਸ਼ਾਮ ਨੂੰ ਘਰ ਆਉਣਾ ਇਕ ਆਮ ਜਿਹੀ ਗੱਲ ਲਗਦੀ ਸੀ। ਇਸ ਰੋਜਮਰਾ ਦੇ ਕੰਮ ਤੋਂ ਮਨ ਅੱਕ ਚੁੱਕਾ ਸੀ ਮਨ ਜਿੰਦਗੀ ’ਚ ਬਦਲਾਅ ਚਾਹੁੰਦਾ ਸੀ। ਉਹ ਕਿਵੇਂ ਆ ਸਕਦਾ ਸੀ ਬਸ ਇਕੋ ਰਸਤਾ ਸੀ ‘ ਰਿਟਾਇਰਮੈਂਟ’। ਮਨ ’ਚ ਬੜੇ ਚਾਅ, ਵਲਵਲੇ ਉਠਣ ਲੱਗ ਪੈਂਦੇ ਜਦੋਂ ਮੈਂ ਰਿਟਾਇਰਮੈਂਟ ਬਾਰੇ ਸੋਚਦਾ। ਜਿਵੇਂ- ਜਿਵੇਂ ਰਿਟਾਇਰਮੈਂਟ ਦਾ ਸਮਾਂ ਨੇੜੇ ਆਉਂਦਾ ਦਿਸਦਾ ਮਨ ’ਚ ਉਤਾਵਲਾਪਨ ਹੋਰ ਵਧ ਜਾਂਦਾ ਕਿ ਕਦੋਂ ਰਿਟਾਇਰ ਹੋਈਏ ਤੇ ਮੌਜਾਂ ਮਾਨੀਏ।
ਆਖ਼ਿਰ ਮੇਰੇ ਇੰਤਜ਼ਾਰ ਦੀ ਘੜੀਆਂ ਖਤਮ ਹੋ ਗਈਆਂ ਤੇ ਕਰ ਦੇ ਕਰਾਉਂਦਿਆ ਨੂੰ ਉਹ ਦਿਨ ਆ ਹੀ ਗਿਆ। ਮੈ ਰਿਟਾਇਰਮੈਂਟ ਦੇ ਦਿਨ ਰੋਜਾਨਾ ਦੇ ਸਮੇਂ ਤੋਂ ਵੀ ਪਹਿਲਾ ਉੱਠ ਖਲੋਤਾ ਤੇ ਨਹਾ ਧੋ ਕੇ ਤਿਆਰ ਹੋਣਾ ਸ਼ੁਰੂ ਕਰ ਦਿੱਤਾ। ਤਿਆਰ ਹੁੰਦਿਆ ਹੀ ਸਮੇਂ ਵੱਲ ਤੱਕਿਆ ਤਾਂ ਅਜੇ ਕਾਫ਼ੀ ਸਮਾਂ ਪਿਆ ਸੀ। ਦਫ਼ਤਰ ਵਾਲਿਆ ਨੇ ਮੈਨੂੰ ਵਿਦਾਇਗੀ ਪਾਰਟੀ ਦੇਣ ਦਾ ਸਮਾਂ ੧੧ ਕੁ ਵਜੇ ਦਾ ਰੱਖਿਆ ਸੀ। ਮੇਰਾ ਮਨ ਉਤਾਵਲਾ ਹੋ ਰਿਹਾ ਸੀ ਕਿ ਕਦੋਂ ੧੧ ਵੱਜਣ ’ਤੇ ਮੈਂ ਇਸ ਰੋਜ਼ਾਨਾ ਜਿੰਮੇਵਾਰੀ ਤੋਂ ਫਾਰਗ ਹੋ ਜਾਵਾਂ। ੧੧ ਵੱਜ ਗਏ ਮੈ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਨਾਲ ਲੈ ਕੇ ਦਫ਼ਤਰ ਚਲਾ ਗਿਆ। ਅੱਗੇ ਜਾਂਦਿਆਂ ਨੂੰ ਦਫ਼ਤਰੀ ਸਟਾਫ਼ ਨੇ ਮੇਰੀ ਰਿਟਾਇਰਮੈਂਟ ਦੇ ਸੰਦਰਭ ’ਚ ਚਾਹ ਪਾਰਟੀ ਦਾ ਇੰਤਜਾਮ ਕੀਤਾ ਸੀ। ਦਫ਼ਤਰ ਵੜਦਿਆ ਹੀ ਮੇਰੇ ਦਫ਼ਤਰ ਵਾਲਿਆ ਨੇ ਮੇਰੇ ਗਲ ’ਚ ਫੁੱਲਾਂ ਦੇ ਹਾਰ ਪਾ ਕੇ ਮੇਰਾ ਅਤੇ ਮੇਰੇ ਪਰਿਵਾਰਿਕ ਮੈਂਬਰਾਂ ਦਾ ਸਵਾਗਤ ਕੀਤਾ। ਸਵਾਗਤ ਉਪਰੰਤ ਪਾਰਟੀ ਦਾ ਪ੍ਰੋਗਰਾਮ ਚਲ ਪਿਆ ਤੇ ਸਾਰੇ ਸਟਾਫ਼ ਮੈਂਬਰਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਮੈਨੂੰ ਰਿਟਾਇਰਮੈਂਟ ਦੀਆਂ ਵਧਾਈਆਂ ਦਿੱਤੀਆਂ। ਤਕਰੀਬਨ ੩ ਕੁ ਘੰਟੇ ਚੱਲੇ ਇਸ ਪ੍ਰੋਗਰਾਮ ਦੌਰਾਨ ਹਾਸਾ ਮਜ਼ਾਕ ਅਤੇ ਪੁਰਾਣੀਆਂ ਯਾਦਾਂ ਨੂੰ ਤਾਜਾ ਕੀਤਾ। ਆਖਿਰ ’ਚ ਸਾਰੇ ਸਟਾਫ਼ ਮੈਂਬਰਾਂ ਨੇ ਮੈਨੂੰ ਵਿਦਾਇਗੀ ਦਿੰਦੇ ਹੋਏ ਮੇਰੇ ਘਰ ਤੱਕ ਮੈਨੂੰ ਛੱਡਣ ਆਏ। ਘਰ ਆ ਕੇ ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਸੀ। ਮੇਰੇ ਸਟਾਫ਼ ਮੈਂਬਰ ਕੁਝ ਦੇਰ ਰੁਕਣ ਤੋਂ ਬਾਅਦ ਚਲੇ ਗਏ।
ਰਿਟਾਇਰਮੈਂਟ ਹੋਣ ਉਪਰੰਤ ਮੈਂ ਸੁੱਖ ਦਾ ਸਾਹ ਲਿਆ ਤੇ ਮੇਰੇ ਡੇਢ ਕੁ ਮਹੀਨਾ ਕਿੰਝ ਬੀਤਿਆ ਮੈਨੂੰ ਚਾਅ ’ਚ ਪਤਾ ਹੀ ਨਾ ਚਲਿਆ। ਡੇਢ ਕੁ ਮਹਿਨੇ ਬਾਅਦ ਮੇਰੇ ਨੂੰਹ ਕਹਿਣ ਲੱਗੀ, ‘ਪਾਪਾ ਜੀ, ਤੁਸੀ ਬੱਚਿਆਂ ਨੂੰ ਸਕੂਲ ਹੀ ਛੱਡ ਆਇਆ ਕਰੋਂ ਨਾਲੇ ਤੁਹਾਡੀ ਵੀ ਸੈਰ ਹੋ ਜਾਇਆ ਕਰੂ’। ਨੂੰਹ ਦੇ ਕਹਿਣ ’ਤੇ ਮੈਂ ਬੱਚਿਆ ਨੂੰ ਸਕੂਲ ਛੱਡਣ ਜਾਣ ਲੱਗ ਪਿਆ। ਕੁਝ ਕੁ ਦਿਨ ਬਾਅਦ ਨੂੰਹ ਨੇ ਬੱਚਿਆਂ ਨੂੰ ਸਕੂਲੋਂ ਲੈ ਕੇ ਆਉਣ ਲਈ ਵੀ ਕਹਿ ਦਿੱਤਾ। ਮੈਂ ਉਸ ਦੇ ਕਹਿਣ ’ਤੇ ਉਨਾਂ ਨੂੰ ਲੈ ਕੇ ਵੀ ਆਉਣ ਲੱਗ ਪਿਆ। ਕੁਝ ਕੁ ਦਿਨ ਬਾਅਦ ਬੱਚਿਆਂ ਨੂੰ ਛੱਡਣ ’ਤੇ ਲੈ ਕੇ ਆਉਣ ਨਾਲ ਨਾਲ ਉਨਾਂ ਨੂੰ ਪੜਾਉਣ ਦੀ ਜਿੰਮੇਦਾਰੀ ਮੈਨੂੰ ਹੀ ਸੌਂਪ ਦਿੱਤੀ। ਫ਼ਿਰ ਇਕ ਦਿਨ ਤਾਂ ਮੇਰੀ ਨੂੰਹ ਨੇ ਮੇਰੇ ਹੱਥ ਝੋਲਾ ਚੁਕਾ ਦਿੱਤਾ ਅਖੇ ‘ਪਾਪਾ ਜੀ, ਤੁਸੀ ਘਰੇ ਬੈਠੇ ਬੈਠੇ ਬੋਰ ਹੋ ਜਾਂਦੇ ਹੋ, ਬਜ਼ਾਰੋ ਸਬਜ਼ੀ ਹੀ ਲੈ ਆਇਆ ਕਰੋ’। ਚਲੋ ਜੀ, ਮੈਂ ਸਬਜ਼ੀ ਵੀ ਲਿਆਉਣੀ ਸ਼ੁਰੂ ਕਰ ਦਿੱਤੀ। ਕੁਝ ਕੁ ਦਿਨ ਬਾਅਦ ਬਿਜਲੀ ਦਾ ਬਿੱਲ ਆ ਗਿਆ ਤੇ ਮੇਰੇ ’ਤੇ ਇਕ ਹੋਰ ਜਿੰਮੇਵਾਰੀ ਮੇਰੇ ਸਿਰ ਆਣ ਪਈ। ਨੂੰਹ ਕਹਿਣ ਲੱਗੀ ਕਿ ਬਿਜਲੀ ਦਾ ਬਿੱਲ ਵੀ ਤੁਸੀ ਭਰ ਆਇਆ ਕਰੋ। ਹੌਲੀ ਹੌਲੀ ਘਰ ਦੇ ਕੰਮਾਂ ਦਾ ਬੋਝ ਮੇਰੇ ’ਤੇ ਪੈਣਾ ਸ਼ੁਰੂ ਹੋ ਗਿਆ। ਫਿਰ ਮੇਰਾ ਹਰ ਦਿਨ ਬਾਜ਼ਾਰਾਂ ਦੇ ਗੇੜੇ ਲਾਉਣ ’ਚ ਹੀ ਬੀਤਦਾ। ਇਕ ਦਿਨ ਤਾਂ ਹੱਦ ਹੀ ਹੋ ਗਈ ਮੇਰੇ ਗਵਾਂਢੀ ਮੈਨੂੰ ਕਹਿ ਲੱਗੇ ‘ਅੰਕਲ ਜੀ, ਤੁਸੀ ਤਾਂ ਵਿਹਲੇ ਹੀ ਹੁੰਦੇ ਹੋ ਮੇਰੇ ਬੇਟੇ ਦਾ ਪੇਸ਼ਾਬ ਹੀ ਚੈਕ ਕਰਵਾ ਕੇ ਲਿਆ ਦਿਉ’। ਮਨ ’ਚ ਆਪਣੇ ਆਪ ਨੂੰ ਕੋਸਣ ਲੱਗਾ ਕਿ ਭਲਾ ਮੈਂ ਹੁਣ ਲੋਕਾਂ ਦੇ ਬੱਚਿਆਂ ਦਾ ਪੇਸ਼ਾਬ ਚੈੱਕ ਕਰਵਾਉਣ ਜੋਗਾ ਹੀ ਰਹਿ ਗਿਆ, ਇਸ ਨਾਲੋਂ ਤਾਂ ਦਫ਼ਤਰ ਹੀ ਚੰਗੇ ਸੀ।
ਇਸੇ ਤਰਾਂ ਇਕ ਦਿਨ ਬਾਜ਼ਾਰ ਜਾਂਦਿਆ ਮੇਰਾ ਦਫ਼ਤਰ ਦਾ ਸਾਥੀ ਮੈਨੂੰ ਮਿਲ ਗਿਆ ਤੇ ਮੇਰਾ ਹਾਲ ਚਾਲ ਪੁੱਛਣ ’ਤੇ ਮੈਨੂੰ ਕਹਿਣ ਲੱਗਾ, ‘ਹੁਣ ਤਾਂ ਮੌਜਾਂ ਕਰਦੇ ਹੋਵੋਗੇ ਸਾਰਾ ਦਿਨ, ਦਿਨ ਤੀਆਂ ਵਰਗੇ ਲੱਗਦੇ ਹੋਣਗੇ’ ਮੈਂ ਜਵਾਬ ’ਚ ਕਿਹਾ ਕਿ ਕਿਹੜੀਆਂ ਮੌਜਾਂ ਤੇ ਕਿਹੜੀਆਂ ਤੀਆਂ। ਅਸੀ ਕਾਹਦਾ ਰਿਟਾਇਰ ਹੋਏ, ਖੂਹ ਚੋਂ ਨਿਕਲੇ ’ਤੇ ਖੱਡ ’ਚ ਡਿੱਗ ਪਏ’। ਇਸ ਕਹਿ ਕੇ ਮੈਂ ਅੱਗੇ ਚੱਲ ਪਿਆ।

SocialTwist Tell-a-Friend

ਨੁਪਿੰਦਰਪਾਲ ਸਿੰਘ

ਉਪਰ

© sanjhamarg.com   free counter