ਅਨੁਸ਼ਾਸਨ ਸ਼ਬਦ ਉਰਦੂ ਦੇ ਸ਼ਬਦ ‘ਜ਼ਜ਼ਬ’ ਅਤੇ ਅੰਗਰੇਜੀ ਦੇ ‘Discipline’ ਦਾ ਸਮਾਨਰਥੀ ਹੈ। ਆਕਸਫੋਰਡ ਸ਼ਬਦ ਕੋਸ਼ ਅਨੁਸਾਰ ਇਸਦੇ ਅਰਥ ਹਨ – ਮਨੁੱਖ ਦਿਮਾਗ ਅਤੇ ਆਚਰਨ ਨੂੰ ਅਜਿਹੀ ਸਿਖਲਾਈ ਦੇਵੇ ਜਿਸ ਨਾਲ ਉਹ ਸਵੈ ਕਾਬੂ ਰੱਖਣਾ ਸਿੱਖੇ ਅਤੇ ਪ੍ਰਬੰਧਕਾਂ ਦਾ ਆਗਿਆਕਾਰੀ ਬਣੇ ਭਾਂਵੇ ਹਰ ਵਿਅਕਤੀ ਨੂੰ ਸੁਤੰਤਰਤਾ ਜਾਂ ਖੁੱਲ ਮਾਨਣ ਦਾ ਜਮਾਂਦਰੂ ਅਧਿਕਾਰ ਹੈ ਪਰ ਇਸਦੇ ਨਾਲ ਪੂਰਨ ਅਜ਼ਾਦੀ ਕੁਝ ਨਿਯਮਾਂ ਦੀ ਪਾਲਣਾ ਕਰਕੇ ਪ੍ਰਾਪਤ ਕੀਤੀ ਜਾਂਦੀ ਹੈ। ਅਨੁਸ਼ਾਸਨਹੀਣ ਵਿਅਕਤੀ ਬਿਨਾਂ ਨਕੇਲ ਤੋਂ ਊਠ ਦੇ ਬਰਾਬਰ ਹੈ।ਸਾਡੀਆਂ ਕੁਦਰਤੀ ਸ਼ਕਤੀਆਂ ਅਤੇ ਬੁਨਿਆਦੀ ਢਾਂਚਾ ਅਨੁਸ਼ਾਸਨ ਵਿੱਚ ਬੱਝੇ ਹੋਏ ਹਨ। ਸਾਡੇ ਸਰੀਰ ਦੇ ਅੰਗ ਵੀ ਇੰਝ ਅਨੁਸ਼ਾਸਨ ਵਿੱਚ ਬੱਝੇ ਹੋਏ ਇੱਕ ਦੂਸਰੇ ਦੀ ਸਹਾਇਤਾ ਕਰਦੇ ਹਨ। ਪੁਰਾਣੇ ਸਮੇਂ ਵਿੱਚ ਵਿਦਿਆਰਥੀ ਅਤੇ ਅਧਿਆਪਕਾਂ ਦਾ ਰਿਸ਼ਤਾ ਬੜਾ ਪਵਿੱਤਰ ਸਮਝਿਆ ਜਾਂਦਾ ਸੀ ਉਦੋਂ ਵਿਦਿਆਰਥੀ ਲਈ ਸ਼ਿਸ਼ ਜਾਂ ਚੇਲਾ ਸ਼ਬਦ ਵਰਤਿਆ ਜਾਂਦਾ ਸੀ ਅਤੇ ਅਧਿਆਪਕਾਂ ਲਈ ਗੁਰੂ, ਗੁਰੂ ਤੇ ਚੇਲੇ ਦਾ ਰਿਸ਼ਤਾ ਸ਼ੁੱਧ ਅਤੇ ਪਵਿੱਤਰ ਹੁੰਦਾ ਸੀ। ਸ਼ਿਸ਼ ਦਾ ਰੋਮ-ਰੋਮ ਗੁਰੂ ਲਈ ਸਤਿਕਾਰ ਨਾਲ ਭਰਿਆ ਹੁੰਦਾ ਸੀ। ਗੁਰੂ ਅਤੇ ਚੇਲਾ ਇਕੱਠੇ ਆਸ਼ਰਮਾਂ ਵਿੱਚ ਰਹਿੰਦੇ ਸਨ। ਅਧਿਆਪਕ ਦੀ ਹਰ ਗੱਲ ਮੰਨਣਾ ਵਿਦਿਆਰਥੀ ਦਾ ਧਰਮ ਸੀ। ਉਸ ਸਮੇਂ ਵਿਦਿਆਰਥੀ ਵੱਲੋਂ ਕਿਸੇ ਕਿਸਮ ਦੀ ਵਧੀਕੀ ਜਾਂ ਅਨੁਸ਼ਾਸਨਹੀਣਤਾ ਦਾ ਸਵਾਲ ਨਹੀਂ ਪੈਦਾ ਹੁੰਦਾ। ਆਸ਼ਰਮਾਂ ਵਿੱਚ ਵਿਦਿਆਰਥੀ ਅਤੇ ਗੁਰੂ ਇਸ ਤਰ੍ਹਾਂ ਜੀਵਨ ਬਤੀਤ ਕਰਦੇ ਸਨ ਜਿਸ ਤਰ੍ਹਾਂ ਇੱਕ ਪਰਿਵਾਰ ਦੇ ਮੈਂਬਰ ਹੋਣ।
ਪਰ ਹੁਣ ਸਮਾਂ ਬਦਲ ਚੁੱਕਾ ਹੈ। ਵਿਦਿਆਰਥੀਆਂ ਵਿੱਚ ਉਹ ਧੀਰਜ ਜਾਂ ਸ਼ਾਂਤੀ ਨਹੀਂ ਰਿਹਾ। ਵਿਦਿਆਰਥੀਆਂ ਦੇ ਮਨ ਵਿੱਚ ਕੋਈ ਪਿਆਰ ਨਹੀਂ।ਪਹਿਲਾਂ ਵਿਦਿਆਰਥੀ ਆਪਣੇ ਅਧਿਆਪਕਾਂ ਤੋਂ ਇਸ ਤਰ੍ਹਾਂ ਡਰਦੇ ਸਨ ਜਿਸ ਤਰ੍ਹਾਂ ਕਾਂ ਗੁਲੇਲ ਤੋਂ ਡਰਦਾ ਹੈ।ਅਸੀਂ ਰੋਜ਼ਾਨਾ ਅਖਬਾਰਾਂ ਵਿੱਚ ਪੜ੍ਹਦੇ ਹਾਂ ਕਿ ਕਿਸੇ ਗੱਲ ਤੋਂ ਨਰਾਜ਼ ਹੋਏ ਵਿਦਿਆਰਥੀ ਨੇ ਆਪਣੇ ਸੰਸਥਾ ਦੇ ਸ਼ੀਸ਼ੇ ਤੋੜ ਦਿੱਤੇ ਜਾਂ ਬੱਸਾਂ ਗੱਡੀਆਂ ਨੂੰ ਅੱਗ ਲਾ ਦਿੱਤੀ। ਭਾਵ ਸ਼ਾਂਤੀ ਦੀ ਘਾਟ ਹੋਣ ਕਾਰਣ ਵਿਦਿਆਰਥੀ ਹਿੰਸਕ ਘਟਨਾਵਾਂ ਉਪਰ ਉਤਰ ਆਉਂਦੇ ਹਨ। ਅੱਜ ਕੱਲ੍ਹ ਦੇ ਵਿਦਿਆਰਥੀ ਸਿਗਰਟ ਪੀਣਾ, ਬਿਨਾਂ ਨਿਯਮ ਤੋਂ ਕਾਲਜ ਆਉਣਾ, ਮਾਪਿਆਂ ਅਤੇ ਅਧਿਆਪਕਾਂ ਦੀ ਪਰਵਾਹ ਨਾ ਕਰਨਾ, ਪੜ੍ਹਨ ਦੀ ਥਾਂ ਨਕਲਾਂ ਮਾਰਨ ਵੱਲ ਧਿਆਨ ਦੇਣਾ, ਅਤੇ ਨਿੱਤ ਨਵੀਆਂ ਸ਼ਰਾਰਤਾਂ ਸੋਚਣਾ ਫੈਸ਼ਨ ਸਮਝਦੇ ਹਨ। ਅਜੋਕੇ ਸਮੇਂ ਵਿੱਚ ਪਦਾਰਥਕ ਰੁਚੀਆਂ ਵੱਧਣ ਕਾਰਣ ਸਦਾਚਾਰਕ ਮਰਯਾਦਾ, ਅਤੇ ਨੈਤਿਕ ਕਦਰਾਂ ਕੀਮਤਾਂ ਘੱਟ ਰਹੀਆਂ ਹਨ ਜੇਕਰ ਵਿਦਿਆਰਥੀਆਂ ਦਾ ਇਹੀ ਹਾਲ ਰਿਹਾ ਤਾਂ ਜਿੱਥੇ ਵਿਦਿਆਰਥੀ ਦੇਸ਼ ਨਿਰਮਾਣ ਦੇ ਕੰਮਾਂ ਵਿੱਚ ਸਹਾਇਕ ਸਿੱਧ ਹੁੰਦੇ ਹਨ ਉਥੇ ਦੇਸ਼ ਦੀ ਉਸਾਰੀ ਵਿੱਚ ਰੁਕਾਵਟ ਬਣਨਗੇ। ਸ਼ਾਂਤੀ ਪੂਰਵਕ ਅਨੁਸ਼ਾਸਤ ਜੀਵਨ ਬਤੀਤ ਕਰਨ ਵਾਲਾ ਸਮਾਜ ਹੀ ਉਨਤੀ ਦੀ ਸਿਖਰ ਤੇ ਅੱਪੜ ਸਕਦਾ ਹੈ।